Friday, March 29, 2024

ਅੰਮ੍ਰਿਤਸਰ `ਚ ਬਣੇਗਾ ਐਮ.ਐਸ`ਐਮ.ਈ ਦਾ ਖੇਤਰੀ ਦਫਤਰ – ਰਾਣਾ ਸੋਢੀ

ਪਾਈਟੈਕਸ ਵਿਖੇ ਪਹੁੰਚ ਕੇ ਖੇਡ ਮੰਤਰੀ ਨੇ ਕੀਤੀ ਖਰੀਦਦਾਰੀ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੀ ਸਰਹੱਦੀ ਪੱਟੀ ਜੋ ਕਿ ਭੂਗੋਲਿਕ ਸਥਿਤੀ ਕਾਰਨ ਸਨਅਤਾਂ ਦੇ ਪਸਾਰ ਤੋਂ ਪਿੱਛੇ ਰਹਿ PUNJ0712201810ਗਈ ਹੈ, ਵਿਚ ਸਨਅਤ ਲਗਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਨਵੀਂ ਸਨਅਤੀ ਨੀਤੀ ਵਿਚ ਦਿੱਤੀਆਂ ਗਈਆਂ ਹਨ, ਉਥੇ ਛੇਤੀ ਹੀ ਅੰਮ੍ਰਿਤਸਰ ਵਿਚ ਐਮ.ਐਸ.ਐਮ.ਈ (ਮਾਈਕਰੋ, ਸਮਾਲ ਤੇ ਮੀਡੀਅਮ ਇੰਟਰਪ੍ਰਾਇਜ਼) ਵਿਭਾਗ ਦਾ ਖੇਤਰੀ ਦਫਤਰ ਖੋਲ੍ਹਿਆ ਜਾਵੇਗਾ, ਜਿਸ ਵਿਚ ਨਵੇਂ ਉਦਮੀਆਂ ਨੂੰ ਹਰ ਤਰਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਉਕਤ ਸਬਦਾਂ ਦਾ ਪ੍ਰਗਟਾਵਾ ਖੇਡ ਤੇ ਯੁਵਕ ਮਾਮਲੇ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਪਾਇਟੈਕਸ ਵਿਖੇ ਲਘੂ, ਦਰਿਮਿਆਨੇ ਅਤੇ ਛੋਟੀਆਂ ਸਨਅਤਾਂ ਨੂੰ ਵਿਸ਼ਵ ਦੇ ਮੁਕਾਬਲੇ ਲਈ ਯੋਗ ਬਨਾਉਣ ਵਾਸਤੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਕੀਤਾ।
         ਸੋਢੀ ਨੇ ਕਿਹਾ ਕਿ ਪੰਜਾਬੀ ਆਪਣੀ ਮਿਹਨਤ ਤੇ ਉਦਮ ਕਾਰਨ ਖੇਤੀਬਾੜੀ, ਖੇਡਾਂ, ਦੁੱਧ ਉਤਪਾਦਨ, ਜੰਗ ਦੇ ਮੈਦਾਨ ਅਤੇ ਹੋਰ ਧੰਦਿਆਂ ਵਿਚ ਦੇਸ਼ ਦੀ ਅਗਵਾਈ ਕਰ ਰਹੇ ਹਨ, ਪਰ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਸਨਅਤਾਂ ਵਿਚ ਉਨੀ ਤਰੱਕੀ ਨਹੀਂ ਕਰ ਸਕੇ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਡੀ ਸਰਕਾਰ ਦੀ ਕੋਸ਼ਿਸ਼ ਰਾਜ ਨੂੰ ਸਨਅਤਾਂ ਦਾ ਧੁਰਾ ਬਨਾਉਣ ਦੀ ਹੈ ਅਤੇ ਇਸ ਲਈ ਨਵੀਂ ਸਨਅਤੀ ਨੀਤੀ ਸਨਅਤਕਾਰਾਂ ਦੀ ਲੋੜ ਅਨੁਸਾਰ ਤਿਆਰ ਕੀਤੀ ਗਈ ਹੈ ਅਤੇ ਇਸ ਵਿਚ ਤੁਹਾਡੀ ਮੰਗ ਅਨੁਸਾਰ ਹੋਰ ਵੀ ਸੋਧਾਂ ਕੀਤੀਆਂ ਜਾ ਸਕਦੀਆਂ ਹਨ।
             ਉਨਾਂ ਕਿਹਾ ਕਿ ਪੰਜਾਬ ਬਿਜਲੀ ਸਰਪੱਲਸ ਸੂਬਾ ਹੈ ਅਤੇ ਅਸੀਂ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਸਨਅਤਾਂ ਨੂੰ ਬਿਜਲੀ ਦੇ ਰਹੇ ਹਾਂ, ਰਾਜ ਵਿਚ ਸੜਕਾ, ਰੇਲ, ਹਵਾਈ ਅੱਡਿਆਂ ਦਾ ਵੱਡਾ ਨੈਟਵਰਕ ਹੈ, ਮਿਹਨਤੀ ਲੋਕ ਹਨ, ਸਰਕਾਰ ਤੁਹਾਡੇ ਨਾਲ ਹੈ ਅਤੇ ਟਰੱਕ ਯੂਨੀਅਨਾਂ ਦਾ ਅੜਿਕਾ ਨਹੀਂ ਰਿਹਾ, ਸੋ ਇਸ ਖੁਸ਼ਹਾਲ ਮਾਹੌਲ ਵਿਚ ਸਨਅਤਾਂ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਸਨਅਤ ਵਧੇ ਤੇ ਬੇੇਰੁਜ਼ਗਾਰੀ ਦੂਰ ਹੋਵੇ।ਉਨਾਂ ਪਾਕਿਸਤਾਨ ਤੋਂ ਵਪਾਰੀਆਂ ਦੇ ਪਾਇਟੈਕਸ ਮੇਲੇ ਵਿਚ ਨਾ ਆ ਸਕਣ ’ਤੇ ਬੋਲਦੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਾਬਤ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਸੀ, ਪਰ ਇਸ ਦੇ ਬਾਵਜੂਦ ਵਪਾਰੀਆਂ ਨੂੰ ਵੀਜ਼ੇ ਨਾ ਮਿਲਣ ਦਾ ਮੁੱਦਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਅੱਗੇ ਤੋਂ ਗਵਾਂਢੀ ਦੇਸ਼ ਦੇ ਵਪਾਰੀਆਂ ਲਈ ਰਸਤੇ ਖੋਲ੍ਹੇ ਜਾਣਗੇ।
        ਇਸ ਮੌਕੇ ਪੀ.ਅੇਚ.ਡੀ ਚੈਂਬਰ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਸੋਢੀ ਦਾ ਪਾਈਟੈਕਸ ਵਿਚ ਆਉਣ ’ਤੇ ਸਵਾਗਤ ਕੀਤਾ। ਕੋ-ਚੇਅਰਮੈਨ ਸ੍ਰੀਕਰਨ ਗਿਲਹੋਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਾਥ ਨਾਲ ਅਸੀਂ 13 ਸਾਲ ਤੋਂ ਪੰਜਾਬ ਦਾ ਇਹ ਵੱਡਾ ਵਪਾਰ ਮੇਲਾ ਲਗਾ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਯੂਰਪ ਅਤੇ ਅਮਰੀਕਾ ਮਹਾਂਦੀਪ ਤੋਂ ਵੀ ਵਪਾਰੀ ਇਸ ਮੇਲੇ ਵਿਚ ਸ਼ਿਰਕਤ ਕਰਨਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾਇਰੈਕਟਰ ਅੇਮ.ਅੇਸ.ਅੇਮ.ਈ ਮੇਜਰ ਸਿੰਘ, ਖੁਸ਼ ਤਿਆਗੀ, ਡਾ. ਯੂ.ਪੀ ਸਿੰਘ, ਰਾਜੇਸ਼ ਕਾਟੌਚ, ਹਿਤੇਸ਼ ਪੋਪਲੀ, ਅਜੈ ਠਾਕੁਰ, ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।
ਮੰਤਰੀ ਨੇ ਕੀਤੀ ਖਰੀਦਦਾਰੀ
 ਰਾਣਾ ਸੋਢੀ ਨੇ ਇਸ ਮੌਕੇ ਪਾਇਟੈਕਸ ਮੇਲੇ ਵਿਚ ਲੱਗੇ ਸਟਾਲਾਂ ਦਾ ਦੌਰਾ ਕੀਤਾ ਅਤੇ ਉਥੇ ਪੰਜਾਬ ਸਰਕਾਰ ਦੇ ਸਟਾਲ ਤੋਂ ਬਾਗ, ਕੁੜਤੇ ਪਜ਼ਾਮਿਆਂ ਲਈ ਸੂਤੀ ਕੱਪੜਾ, ਪਾਪੜ ਤੇ ਵੜੀਆਂ ਵੀ ਲਏ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply