Tuesday, April 16, 2024

ਅਕਾਲੀ ਦਲ ਦੇ ਮੁਕਾਬਲੇ ਟਕਸਾਲੀਆਂ ਵਲੋਂ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਦਾ ਐਲਾਨ

ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਨੁਮੁੱਖ ਪ੍ਰਧਾਨ ਐਲਾਨਿਆ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਧੁੰਦਲੇ ਹੋ ਰਹੇ ਚਹਿਰੇ ਨੂੰ ਸਾਫ਼ ਸੁਥਰਾ ਬਣਾਉਣ ਲਈ ਉੱਘੇ ਟਕਸਾਲੀ ਅਕਾਲੀ PUNJ1612201801ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਵਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ।ਸੰਗਤਾਂ ਦੇ ਵੱਡੇ ਇਕੱਠ `ਚ  `ਸ੍ਰੀ ਅਕਾਲ ਤਖ਼ਤ ਸਾਹਿਬ` ਦੇ ਸਨਮੁੱਖ ਆਗੂਆ ਵਲੋਂ ਅਰਦਾਸ ਬੇਨਤੀ ਕਰਕੇ ਇਸ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ।
ਅਰਦਾਸ ਤੋਂ ਬਾਅਦ ਮਾਝੇ ਦੇ ਜਰਨੈਲ ਦੇ ਵਜੋਂ ਜਾਣੇ ਜਾਂਦੇ “ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ” ਨੂੰ ਗਠਨ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਐਲਾਨਿਆ ਗਿਆ।ਇਸ ਨਵੇਂ ਬਣੇ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਪੁਰਾਣੇ (1920) ਵਾਲੇ ਸੰਵਿਧਾਨ ਵਿੱਚ ਲੋੜੀਂਦੇ ਬਦਲਾਅ ਕਰਕੇ ਦਲ ਨੂੰ ਚਲਾਉਣ ਦਾ ਪ੍ਰਣ ਕੀਤਾ ਗਿਆ।ਇਸ ਮੋਕੇ ਹਜ਼ਾਰਾਂ ਦੀ ਤਾਦਾਦ ਵਿੱਚ ਪੰਥ ਹਿਤੈਸ਼ੀ ਹੁੰਮ-ਹੰਮਾ ਕੇ ਪੁੱਜੇ, ਜਿਨ੍ਹਾਂ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਲਈ ਪ੍ਰਣ ਕੀਤਾ।PUNJ1612201802
ਇਸ ਸਮੇਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਹੋਰ ਟਕਸਾਲੀ ਅਕਾਲੀ ਲੀਡਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਦਲਾਂ ਵਲੋਂ “ਪਖੰਡੀ ਸਾਧ ਰਾਮ ਰਹੀਮ” ਨੂੰ ਬਿਨਾਂ ਮੰਗੇ ਮੁਆਫ਼ੀ ਦੇਣੀ ਵੱਡਾ ਗੁਨਾਹ ਸੀ, ਕਿਉਂਕਿ ਉਹ ਪਖੰਡੀ ਸਾਧ ਕੋਲੋਂ ਮੋਟਾ ਚੰਦਾ ਅਤੇ ਵੋਟਾਂ ਦੀ ਆਸ ਲਾਈ ਬੈਠੇ ਸਨ ਅਤੇ ਕੋਟਕਪੁਰਾ, ਬਹਿਬਲ ਕਲਾਂ ਅਤੇ ਬਰਗਾੜੀ ਜਿਸ ਵਿੱਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਿਰ ਕਰ ਰਹੇ ਨਿਹੱਥੇ ਸਿੰਘਾਂ `ਤੇ ਅੰਧਾਧੁੰਦ ਗੋਲੀਆਂ ਚਲਾਈਆਂ ਅਤੇ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ।ਇਹਨਾਂ ਬਾਦਲਾਂ ਦੀ ਮਾੜੀ ਸੋਚ ਦਾ ਨੰਗਾ ਨਾਚ ਹੁਣ ਲੋਕਾਂ ਸਾਹਮਣੇ ਆ ਗਿਆ ਹੈ ਅਤੇ ਜਦ ਸਾਡੇ ਵਲੋਂ ਇਹਨਾਂ ਬਾਦਲਾਂ ਦੇ ਗ਼ਲਤ ਫੈਸਲਿਆਂ ਬਾਰੇ ਪੁਛਿਆ ਗਿਆ ਤਾਂ ਬਾਦਲਾਂ ਨੇ ਕੋਈ ਤਸਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਨਾਦਰਸ਼ਾਹੀ ਢੰਗ ਨਾਲ ਐਲਾਨ ਕੀਤਾ ਕਿ “ਜਿੰਨ੍ਹਾਂ ਨੂੰ ਸਾਡੇ ਫੈਸਲੇ ਪਸੰਦ ਨਹੀਂ ਉਹ ਅਕਾਲੀ ਦਲ ਛੱਡ ਦੇਣ”।
ਉਨ੍ਹਾਂ ਸਾਰੇ ਹੀ ਲੋਕਾਂ ਨੂੰ ਬਾਦਲਾਂ ਦੇ ਕੀਤੇ ਗੁਨਾਹਾਂ ਅਤੇ ਗ਼ਲਤ ਕੰਮਾਂ ਦਾ ਫਲ ਇਹਨਾਂ ਬਾਦਲਾਂ ਨੂੰ ਵਾਪਿਸ ਮੋੜਨ ਲਈ ਇਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹਿਣ ਅਤੇ ਸਾਥ ਦੇਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਹਨਾਂ ਬਾਦਲਾਂ ਵਿੱਚ ਔਰੰਗਜ਼ੇਬ ਦੀ ਰੂਹ ਆ ਗਈ ਹੈ, ਜੋ ਗੁਰੂ ਘਰ ਅਤੇ ਗੁਰੂਆਂ ਦੀ ਮਾਣ ਮਰਿਆਦਾ ਦਾ ਆਪਣੇ ਨਿੱਜੀ ਸਵਾਰਥਾਂ ਲਈ ਪੰਥ ਦਾ ਘਾਣ ਕਰ ਰਹੇ ਹਨ।ਪਰ ਇਹ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਗੁਰਧਾਮਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਕੰਮਾਂ ਦੀ ਮਰਿਆਦਾ ਅਨੁਸਾਰ ਹੀ ਸੀਮਿਤ ਰੱਖੇਗਾ।
ਇਸ ਅਕਾਲੀ ਦਲ ਟਕਸਾਲੀ ਵਲੋਂ ਹਰ ਵਰਗ ਦੇ ਲੋਕਾਂ ਨੂੰ ਮੈਂਬਰਸ਼ਿਪ ਅਤੇ ਅਹੁੱਦੇਦਾਰੀਆਂ `ਚ ਸ਼ਾਮਿਲ ਕੀਤਾ ਜਾਵੇਗਾ ਅਤੇ ਵਿਦੇਸ਼ਾਂ ਵਿੱਚ ਗੁਰਸਿੱਖ ਭਾਈਆਂ ਨੂੰ ਵੀ ਇਸ ਸੰਸਥਾ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਜਿਸ ਨਾਲ ਸਿੱਖ ਕੌਮ ਦੀ ਸ਼ਾਨੋ ਸ਼ੌਕਤ ਪੂਰੇ ਸੰਸਾਰ ਵਿੱਚ ਪਹੁੰਚ ਸਕੇ।
ਇਸ ਮੌਕੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮੱਖਣ ਸਿੰਘ ਨੰਗਲ, ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਂ ਪੂਈਂ, ਸਾਬਕਾ ਸ਼਼੍ਰੋਮਣੀ ਕਮੇਟੀ ਮੈਂਬਰ ਗੋਪਾਲ ਸਿੰਘ, ਜਥੇਦਾਰ ਚਰਨਜੀਤ ਸਿੰਘ ਜਲਾਲਾਬਾਦ ਤੋਂ ਇਲਾਵਾ ਕਈ ਉਘੀਆਂ ਸਖਸ਼ੀਅਤਾਂ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply