Oops! It appears that you have disabled your Javascript. In order for you to see this page as it is meant to appear, we ask that you please re-enable your Javascript!
Monday, March 25, 2019
ਤਾਜ਼ੀਆਂ ਖ਼ਬਰਾਂ

ਕਿਆ ਰੁਮਾਂਚਿਕ ਸਨ ਪਿੰਡ ਦੀਆਂ ਖੂਹੀਆਂ !

              Wellਇਹ ਸੱਚ ਹੈ ਕਿ “ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ”।ਭਾਵੇੁਂ ਪਾਣੀ ਨਾਲੋਂ ਹਵਾ ਜਿਉਂਦੇ ਰਹਿਣ ਲਈ ਵਧੇਰੇ ਜਰੂਰੀ ਹੈ, ਪਰ ਪਾਣੀਆਂ ਦਾ ਇੱਕ ਆਪਣਾ ਵੱਖਰਾ ਹੀ ਰੁਮਾਂਚ ਰਿਹਾ ਹੈ, ਮਨੁੱਖੀ ਸਭਿਆਤਾਵਾਂ ਪਾਣੀ ਦੇ ਵਗਦੇ ਸਰੋਤਾਂ ਮੁੱਢ ਪਨਪੀਆਂ ਅਤੇ ਵਿਗਸੀਆਂ, ਪਰ ਪਤਾ ਨਹੀਂ ਮਨੁੱਖ ਨੂੰ ਕਿਵੇਂ, ਕਦੋਂ ਅਤੇ ਕਿੱਥੋਂ ਇਹ ਸੁੱਝਿਆ ਹੋਵੇਗਾ ਕਿ ਧਰਤੀ ਦੇ ਹੇਠਾਂ ਵੀ ਪਾਣੀ ਹੋ ਸਕਦੈ ਅਤੇ ਉਸਨੂੰ ਆਪਣੇ ਵੱਸ ਵਿੱਚ ਕੀਤਾ ਜਾ ਸਕਦੈ।ਜਦ ਉਸਦੀ ਦਿਮਾਗੀ ਸੂਝ ਨੇ ਡੂੰਘਾ ਖੱਡਾ ਪੁੱਟ ਕੇ, ਗੋਲਾਈ ਵਿੱਚ ਚੂਨੇ-ਰੇਤਾ-ਗਾਰੇ ਆਦਿ ਨਾਲ ਪੱਕੀਆਂ ਇੱਟਾਂ ਦੀ ਉਸਾਰੀ ਕਰਕੇ, ਉੱਸ ਉੱਪਰ ਵਜ਼ਨ ਪਾ ਕੇ, ਵਿਚਕਾਰੋਂ ਹੌਲੀ-ਹੌਲੀ ਮਿੱਟੀ ਕੱਢ ਕੇ, ਉਸ ਢਾਂਚੇ ਨੂੰ ਥੱਲੇ ਗਾਲਿਆ ਹੋਵੇਗਾ ਅਤੇ ਅਖੀਰ ਨਦੀਆਂ-ਨਾਲਿਆਂ-ਦਰਿਆਵਾਂ ਨਾਲੋਂ ਵੀ ਸਾਫ-ਸਵੱਛ ਪਾਣੀ ਪ੍ਰਾਪਤ ਕਰ ਲਿਆ ਹੋਵੇਗਾ ਤਾਂ ਉਸਦੀ ਖੁਸ਼ੀ ਦਾ ਕੋਈ ਮੁਕਾਮ ਨਹੀਂ ਰਿਹਾ ਹੋਣਾ।ਉਸ ਨੂੰ ਕਿੱਡੀ ਵੱਡੀ ਮੌਜ ਮਹਿਸੂਸ ਹੋਈ ਹੋਵੇਗੀ ਕਿ ਜਦੋਂ ਚਾਹੋ ਲੱਜ-ਬਾਲਟੀ ਚੁੱਕੋ ਅਤੇ ਪਾਣੀ ਖਿੱਚ ਲਓ।
            ਮੇਰੇ ਪਿੰਡ ਵਿੱਚ ਚਾਰ ਖੂਹੀਆਂ ਸਨ. ਤਿੰਨ ਖੂਹੀਆਂ ਤਾਂ ਪਿੰਡ ਦੀਆਂ ਮਸੀਤਾਂ ਦੇ ਬਾਹਰ ਸਨ, ਇੱਕ ਸਾਂਝੇ ਥਾਂ ਸੀ।ਖੂਹੀਆਂ ਦਾ ਆਲਾ-ਦੁਆਲਾ ਪੱਕਾ ਸੀ, ਜਿੱਥੇ ਖਲੋ ਕੇ ਨਹਾਤਾ ਜਾ ਸਕਦਾ ਸੀ, ਕੱਪੜੇ ਧੋਤੇ ਜਾ ਸਕਦੇ ਸਨ, ਡੰਗਰ-ਵੱਛੇ ਨੂੰ ਪਾਣੀ-ਧਾਣੀ ਡਾਹਿਆ ਜਾ ਸਕਦਾ ਸੀ।ਭਾਵੇਂ ਕਿ ਸਾਰੀਆਂ ਖੂਹੀਆਂ ਸਾਂਝੀਆਂ ਸਨ, ਫਿਰ ਵੀ ਦੂਜੇ ਮਹੱਲੇ ਵਾਲਿਆਂ ਦਾ ਆਪਣੀ ਖੂਹੀ ਛੱਡ ਕੇ ਦੂਜੇ ਮਹੱਲੇ ਦੀ ਖੂਹੀ ਤੇ ਜਾਣਾ ਅਜੀਬ ਜਿਹਾ ਲੱਗਦਾ ਸੀ।
             ਕਿਆ ਰੁਮਾਂਚਕ ਸੰਸਾਰ ਸੀ ਇਹਨਾਂ ਖੂਹੀਆਂ ਦਾ! ਸਵੇਰੇ-ਸਾਜਰੇ ਹੀ ਭਾਈ ਦੇ ਸੰਖ ਪੂਰੇ ਜਾਣ ਦੇ ਨਾਲ ਹੀ ਇਹ ਖੂਹੀਆਂ ਵੀ ਜਾਗ ਉੱਠਦੀਆਂ।ਅੰਮ੍ਰਿਤ ਵੇਲੇ ਇਸ਼ਨਾਨ ਕਰਣ ਵਾਲੇ ਭਗਤ-ਜਨ ਆ ਡੋਲੂ ਖੜਕਾਂਦੇ. ਕਈ ਪਾਣੀ ਲੈਣ ਆਉਂਦੇ ਤੇ ਕਈ ਹਨੇਰੇ ਦਾ ਫਾਇਦਾ ਉਠਾਂਦੇ, ਉੱਥੇ ਹੀ ਚਾਰ ਬੁੱਕ ਪਾਣੀ ਪਿੰਡੇ ਉੱਤੇ ਸੁੱਟ ਕਾਇਆਂ ਸੁੱਚੀ ਕਰ ਲੈਂਦੇ।ਇਸ਼ਕ ਹਕੀਕੀ ਦੇ ਨਾਲ ਹੀ ਇਸ਼ਕ-ਮਿਜ਼ਾਜੀ ਵਾਲੇ ਵੀ ਜਾਗ ਉੱਠਦੇ।ਕਿਉਂਕਿ ਪਾਣੀ ਭਰਣ-ਲਿਆਉਣ ਦੀ ਜ਼ਿਆਦਾ ਜਿੰਮੇਵਾਰੀ ਔਰਤਾਂ ਦੇ ਸਿਰ ਸੀ।ਇਸ ਲਈ ਖੂਹੀਆਂ ਨਾਲ ਪਾਣੀ ਤੋਂ ਬਿਨਾਂ ਹੋਰ ਕਈ ਸੰਭਾਵਨਾਵਾਂ ਵੀ ਅੰਗੜਾਈਆਂ ਲੈਣ ਲੱਗਦੀਆਂ।ਕਈ ਪਰਛਾਵੇਂ ਸਵੇਰ ਵੇਲੇ ਹੀ ਇਸ ਦੇ ਇਰਦ-ਗਿਰਦ ਮੰਡਲਾਉਣ ਲੱਗਦੇ।ਸਵੇਰ ਦੇ ਹਨੇਰੇ ਵਿੱਚ ਦੋ ਚਾਹਤ ਭਰੇ ਜਿਸਮਾਂ ਦਾ ਆਪਸ ਸੰਗ ਪਰਛਾਵਿਆਂ ਵਾਂਗ ਛੂ ਜਾਣਾਂ ਹੀ ਕਿੱਡਾ ਵਿਸਮਾਦੀ ਅਹਿਸਾਸ ਹੋ ਨਿੱਬੜਦਾ ਸੀ।ਗਰਮੀਆਂ ਦੇ ਦਿਨਾਂ ਵਿੱਚ ਖੂਹੀਆਂ ਦੀਆਂ ਰੌਣਕਾਂ ਲੰਮੇਰੀਆਂ ਤੇ ਘਨੇਰੀਆਂ ਹੋ ਜਾਂਦੀਆਂ. ਪਿੰਡ ਦੀਆਂ ਔਰਤਾਂ ਦਾ ਇਹ ਚੰਗਾ ਮਿਲਣ-ਕੇਂਦਰ ਬਣ ਜਾਂਦਾ।ਸਖੀਆਂ-ਸਹੇਲੀਆਂ ਦਾ ਸੋਹਣਾ ਮੇਲ-ਗੇਲ ਵੀ ਹੋ ਜਾਂਦਾ, ਹਾਸਾ-ਠੱਠਾ ਵੀ ਹੋ ਜਾਂਦਾ ਤੇ ਚੁਗਲੀ-ਬੁਖਾਲੀ ਕਰਕੇ ਦਿਲ ਵੀ ਹੌਲਾ ਹੋ ਜਾਂਦਾ।ਵਡੇਰੀ ਉਮਰ ਦੀਆਂ ਔਰਤਾਂ ਦੀ ਇਹ ਕੋਸ਼ਿਸ਼ ਹੁੰਦੀ ਕਿ ਜੁਆਨ ਧੀਆਂ ਜਾਂ ਨੂੰਹਾਂ ਨੂੰ ਏਸ ਕੰਮ ਲਈ ਖੂਹੀ ਤੇ ਨਾਂ ਹੀ ਭੇਜਿਆ ਜਾਵੇ।ਉਹ ਬਹੁਤੀ ਵਾਰ ਆਪ ਪਾਣੀ ਭਰਣ ਆਉਂਦੀਆਂ ਤੇ ਉਹਨਾਂ ਸਮਾਂ ਪਾਣੀ ਭਰਣ ਵਿਚ ਨਾਂ ਲਾਉਂਦੀਆਂ ਜਿਨਾਂ ਉਹ ਦੁੱਖ-ਸੁੱਖ ਸੁਨਣ-ਸੁਨਾਉਣ ਵਿੱਚ ਲਾ ਦੇਂਦੀਆਂ।
                 ਖੂਹੀਆਂ `ਤੇ ਸੁਭ੍ਹਾ ਕੁਕੜ-ਬਾਂਗੇ ਵਕਤ ਤੋਂ ਲੈ ਕੇ ਰਾਤ ਪਈ ਤੱਕ ਡੋਲ-ਬਾਲਟੀਆਂ ਖੜਕਦੇ ਰਹਿੰਦੇ. ਹਰ ਕੋਈ ਬਿਨਾਂ ਰੋਕ-ਟੋਕ ਏਥੋਂ ਪਾਣੀ ਪ੍ਰਾਪਤ ਕਰ ਸਕਦਾ ਸੀ।ਉਂਜ ਕਦੀ ਕਦੀ ਅੱਥਰੀਆਂ ਕੁੜੀਆਂ ਪਾਣੀ ਦੀ ਵਾਰੀ ਤੋਂ ਆਪਸ ਵਿੱਚ ਖਹਿਬੜ ਵੀ ਪੈਂਦੀਆਂ।ਕਈ ਵੱਡੇ ਪਰਿਵਾਰ ਵਾਲੀਆਂ ਦੋ-ਦੋ ਤਿੰਨ-ਤਿੰਨ ਘੜੇ ਲਈ ਆਉਂਦੀਆਂ। ਇੱਕ ਨੂੰ ਨਿਆਣੇ ਵਾਂਗ ਢਾਕੇ ਲਾ ਲੈਂਦੀਆਂ ਤੇ ਦੋ ਦੋ ਘੜੇ ਸਿਰ `ਤੇ ਰੱਖੇ ਬਿੰਨੂ ਤੇ ਟਿਕਾ ਲੈਂਦੀਆਂ।ਐਂ ਹਿੱਕ ਤਾਣ ਕੇ ਤੁਰਦੀਆਂ ਕਿ ਵੇਖਣ ਵਾਲਾ ਕਿਸੇ ਹਾਦਸੇ ਨੂੰ ਉਡੀਕਦਾ ਹੀ ਰਹਿ ਜਾਂਦਾ।ਨਵ-ਵਿਆਹੀ ਜਦ ਪਹਿਲੀ ਵਾਰੀ ਖੂਹੀ ਤੇ ਪਾਣੀ ਭਰਣ ਆਉਂਦੀ ਤਾਂ ਸਗਨਾਂ ਨਾਲ ਆਉਂਦੀ।ਉਸ ਦੀ ਸੱਸ ਜਾਂ ਨਨਾਣ ਵੀ ਨਾਲ ਆਉਂਦੀ।ਇਹ ਸਭ ਤੋਂ ਵਧੀਆ ਸਥਾਨ ਸੀ ਪਿੰਡ ਦੀਆਂ ਔਰਤਾਂ ਨਾਲ ਜਾਨ-ਪਹਿਚਾਣ ਕਰਣ ਲਈ।ਉਂਜ ਨੂੰਹਾਂ ਲਈ ਇਹ ਕੰਮ ਹੈ ਦੋ ਦੋ ਪਿੱਟਣੇ ਪਿੱਟਣ ਵਾਲਾ ਹੀ ਸੀ।ਸਿਰ ਤੇ ਘੜਾ ਰੱਖ ਕੇ ਲੋੜ ਪਈ ਤੇ ਘੁੰਡ ਵੀ ਕੱਢਣਾ ਪੈਂਦਾ ਸੀ।
                 ਕਈ ਵਾਰ ਨਿਆਣੇ ਆਪਣੀਆਂ ਮਾਵਾਂ ਨੂੰ ਬਾਲਟੀ ਭਰੀ ਲਿਆਉਂਦਿਆਂ ਰਾਹ ਵਿੱਚ ਹੀ ਘੇਰ ਲੈਂਦੇ ਤੇ ਬਾਲਟੀ ਵਿੱਚੋਂ ਮੂੰਹ ਲਾਕੇ ਪਾਣੀ ਪੀਣ ਦੀ ਜਿਦ ਕਰਦੇ।ਮਾਵਾਂ ਵਰਜ਼ਦੀਆਂ: “ਵੇ ਵੇਖੀਂ, ਜੂਠਾ ਨਾ ਕਰੀਂ, ਘਰ ਜਾ ਕੇ ਭਾਂਡਾ ਲੈ ਕੇ ਪੀਂਵੀਂ”।ਪਰ ਮਾਵਾਂ ਦੀ ਕਿਹੜਾ ਮੰਨਦੈ।ਉਹ ਆਪਣੀ ਪੁਗਾ ਕੇ ਹੀ ਛੱਡਦੇ।
ਅੱਲੜ ਮੁਟਿਆਰਾਂ ਖੂਹੀ ਦੀ ਮੌਣ `ਤੇ ਖਲੋ ਕੇ ਏਨੇ ਅਰਾਮ ਨਾਲ ਬਾਲਟੀਆਂ ਧੂ-ਧੂ ਕੇ ਘੜੇ ਭਰਦੀਆਂ ਜਿਵੇਂ ਕਿਸੇ ਸੇਵਾ ਕਾਰਜ ਵਿੱਚ ਮਗਨ ਹੋਣ।ਕਈ ਵਾਰ ਨਿਆਣੇ ਵੀ ਜਿਦ ਕਰਦੇ ਬਾਲਟੀ ਖਿੱਚਣ ਦੀ।ਬਾਲਟੀ ਪਾਣੀ ਦੀ ਤਹਿ ਤੱਕ ਤਾਂ ਬੜੇ ਅਰਾਮ ਨਾਲ ਖਿੱਚੀ ਜਾਂਦੀ, ਪਰ ਪਾਣੀਓਂ ਬਾਹਰ ਆਉਂਦਿਆਂ ਹੀ ਬਾਲਟੀ ਏਨੀ ਬੋਝਲ ਹੋ ਜਾਂਦੀ ਕਿ ਨਿਆਣਿਆਂ ਦੇ ਵੱਸ ਦੀ ਗੱਲ ਨਾਂ ਰਹਿੰਦੀ।ਅਜਿਹਾ ਕਿਉਂ ਹੁੰਦਾ ਸੀ, ਉਹ ਸਾਧਾਰਣ ਔਰਤਾਂ ਕੀ ਜਾਨਣ।ਉਹਨਾਂ ਨੇ ਕਿਹੜਾ ਆਰਕੇਮੀਡੀਜ਼ ਦਾ ਸਿਧਾਂਤ ਪੜਿਆ ਸੀ।
                     ਖੂਹੀਆਂ ਜੀਵਨ ਨੂੰ ਹਰਿਆ-ਭਰਿਆ ਰੱਖਣ ਲਈ ਅੰਮ੍ਰਿਤ-ਦਾਤੀਆਂ ਸਨ।ਉਹ ਅਮੁੱਕ ਤੇ ਅਮੁੱਲ ਖਜਾਨਿਆਂ ਦੇ ਭੰਡਾਰ ਸਨ।ਬੱਸ ਖੂਹੀ ਤੇ ਪਹੁੰਚ ਕਰਣ ਦੀ ਲੋੜ ਸੀ।ਕੋਈ ਬਿੱਲ ਨਹੀਂ ਸੀ ਪੈਂਦਾ, ਕਿਸੇ ਹਾਕਮ ਦਾ ਹੁਕਮ ਨਾਜ਼ੁਲ ਨਹੀਂ ਸੀ ਕਿ ਪਾਣੀ ਏਨੇ ਵਜੇ ਖੁੱਲੇਗਾ ਤੇ ਏਨੇ ਵਜੇ ਬੰਦ ਹੋਵੇਗਾ।ਜਦੋਂ ਚਾਹੋ ਹਨੇਰੇ-ਸਵੇਰੇ, ਸੰਧਿਆ ਹੋਵੇ ਜਾਂ ਸਰਘੀ, ਬਾਲਟੀ ਚੁੱਕੋ ਤੇ ਪਾਣੀ ਖਿੱਚ ਲਿਆਓ।ਉਂਜ ਬੀਬੀਆਂ ਵਿਚਾਰ ਕਰਦੀਆਂ ਸਨ ਕਿ ਅੱਧੀ ਰਾਤੀਂ ਤਾਂ ਪਾਣੀ ਵੀ ਸੌਂ ਜਾਂਦੇ ਨੇ, ਅੰਮ੍ਰਿਤ ਵੇਲੇ ਤੱਕ ਉਹਨਾਂ ਨੂੰ ਜਗਾਈ ਦਾ ਨਹੀਂ।
                    ਕਦੀ ਨਹੀਂ ਸੀ ਸੁਣਿਆਂ ਕਿ ਕਦੀ ਇਹਨਾਂ ਖੂਹੀਆਂ ਵਿੱਚ ਕਿਸੇ ਨੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੋਵੇ। ਤੋਬਾ! ਸੋਚਣਾ ਵੀ ਗੁਨਾਹ ਸੀ।ਕਦੀ ਕੋਈ ਭੁਲੇਖੇ ਨਾਲ ਵੀ ਇਹਨਾਂ ਵਿੱਚ ਨਹੀਂ ਸੀ ਡਿੱਗਿਆ।ਹਰ ਮਰਦ-ਔਰਤ, ਬੱਚਾ-ਬੁੱਢਾ, ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਪੂਰੇ ਸੰਤੁਲਨ ਵਿੱਚ ਸਨ।ਬੇ-ਵਜ੍ਹਾ ਦੀਆਂ ਮਾਨਸਿਕ ਉਲਝਣਾਂ ਨੇ ਮਨੁੱਖ ਨੂੰ ਹੀਣਾ ਤੇ ਨਿਤਾਣਾ ਨਹੀਂ ਸੀ ਬਣਾਇਆ। ਨਾਂ ਮਨ ਡਗਮਗਾਂਦੇ ਸਨ ਨਾਂ ਤਾਂ ਖੂਹੀਆਂ ਜੀਵਨ-ਬਖਸ਼ਿੰਦ ਸਨ, ਜੀਵਨ-ਖੌਂਂਦੜ ਨਹੀਂ ਸਨ।
                    ਮੀਂਹ ਦੀਆਂ ਕਣੀਆਂ ਜਾਂ ਹਨੇਰੀਆਂ ਦਾ ਘੱਟਾ-ਮਿੱਟੀ ਉਹਨਾਂ ਦਾ ਕੁੱਝ ਨਹੀਂ ਸੀ ਵਿਗਾੜਦਾ।ਹਾਂ, ਬਰਸਾਤ ਦੇ ਦਿਨਾਂ ਵਿੱਚ ਪਿੰਡ ਦਾ ਚੌਂਕੀਦਾਰ, ਸਾਰੇ ਮਹੱਲਿਆਂ ਵਿੱਚ ਕਿਸੇ ਉਚੇ ਘਰ ਦੀ ਛੱਤ `ਤੇ ਖਲੋ ਕੇ ਹੋਕਾ ਦਿੰਦਾ: “ਸੁਣੋ,ਸੁਣੋ, ਸੁਣੋ।ਸਭ ਮਾਈ-ਭਾਈ ਨੂੰ ਸੂਚਿਤ ਕੀਤਾ ਜਾਂਦੈ ਕਿ ਡਾਕਟਰਾਂ ਵੱਲੋਂ ਪਰਸੋਂ ਖੂਹੀਆਂ ਵਿੱਚ ਲਾਲ ਦਵਾਈ ਪਾਈ ਜਾਂਣੀ ਹੈ।ਤਿੰਨ ਦਿਨ ਖੂਹੀ ਵਿੱਚੋਂ ਪਾਣੀ ਕੱਢਣਾ ਮਨ੍ਹਾਂ ਰਹੇਗਾ।ਇਸ ਲਈ ਆਪਣਾ ਪਾਣੀ ਜਮ੍ਹਾਂ ਕਰ ਲਓ  ਬਈ।ਬੀਬੀਓ, ਭੈਣੋਂ ਸੁਣ ਲਈ ਭਾਈ।”
                      ਪਿੰਡ ਵਿੱਚ ਝਟ ਖਬਰ ਫੈਲ ਜਾਂਦੀ।ਖੂਹੀਆਂ `ਤੇ ਭਰਵੀਂ ਰੌਣਕ ਹੋ ਜਾਂਦੀ।ਲਾਲ ਦਵਾਈ ਪਾਣ ਵਾਲਿਆਂ ਦੇ ਨਾਲ ਨਿਆਣਿਆਂ ਦੀ ਹੇੜ ਖੂਹੀਓ ਖੂਹੀ ਤੁਰੀ ਫਿਰਦੀ।ਲਹੂ-ਰੰਗਾ ਪਾਣੀ ਵੇਖ ਦਿਲ ਘਬਰਾਉਂਦਾ।ਤਿੰਨ ਦਿਨ ਖੂਹੀਆਂ ਸੁੱਤੀਆਂ ਰਹਿੰਦੀਆਂ।ਤਿੰਨ ਦਿਨ ਬਾਦ ਕੁੜੀਆਂ-ਚਿੜੀਆਂ ਦੀ ਰੌਣਕ ਮੁੜ ਆ ੳੱਤਰਦੀ।ਇਹ ਲਾਲ ਦਵਾਈ ਕੀ ਹੁੰਦੀ ਏ, ਇਹ ਕਿਉਂ ਪਾਈ ਜਾਂਦੀ ਏ, ਜੇ ਕੋਈ ਲਾਲ ਪਾਣੀ ਪੀ ਲਵੇ ਤਾਂ ਕੀ ਬਣੇ, ਇਸ ਬਾਰੇ ਚਰਚੇ ਤੇ ਹੁੰਦੇ ਪਰ ਗੱਲ ਕਿਸੇ ਨਤੀਜੇ ਤੇ ਨਾਂ ਪਹੁੰਚਦੀ।
                       ਹੌਲੀ=ਹੌਲੀ ਸਮੇਂ ਬਦਲਣ ਲੱਗੇ।ਘਰਾਂ `ਚ ਚਾਰ ਪੈਸੇ ਆਉਣ ਕਰਕੇ ਕਈਆਂ ਨੇ ਘਰੀਂ ਨਲਕੇ ਲੁਆਣੇ ਸ਼ੁਰੂ ਕਰ ਦਿੱਤੇ।ਪਹਿਲਾਂ-ਪਹਿਲਾਂ ਤਾਂ ਇਹ ਨਲਕੇ ਵੀ ਸਾਂਝੀਆਂ ਖੂਹੀਆਂ ਵਾਂਗ ਹੀ ਸਨ।ਪਰ ਹੌਲੀ-ਹੌਲੀ ਘਰਾਂ ਦੀਆਂ ਚਾਰ-ਦਿਵਾਰੀਆਂ ਉਸਰਣ ਲੱਗੀਆਂ।ਹੁੁਣ ਦੂਸਰੇ ਘਰ ਪਾਣੀ ਲੈਣ ਜਾਣਾ ਉਧਾਰ ਮੰਗਣ ਵਰਗੀ ਗੱਲ ਹੋ ਗਈ ਸੀ। ਪਿੰਡ ਦੀਆਂ ਧੀਆਂ-ਭੈਣਾਂ ਪ੍ਰਤੀ ਭਾਵਨਾਵਾਂ ਵੀ ਵਾਸ਼ਨਾਵਾਂ ਤੇ ਕਾਮਨਾਵਾਂ ਵਿੱਚ ਬਦਲਣ ਲੱਗੀਆਂ ਸਨ।ਲੋਕਾਂ ਦੀ ਆਪਸੀ ਸਾਂਝ ਵੀ ਤਿੜਕਣ ਲੱਗੀ ਸੀ।ਲੋਕੀਂ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗੇ ਸਨ।ਆਪਣੇ ਬੇਗਾਨੇ ਜਾਪਣ  ਲੱਗੇ ਸਨ।
                        ਘਰ-ਘਰ ਨਲਕੇ ਲੱਗਣ ਨਾਲ ਖੂਹੀਆਂ ਦੀਆਂ ਰੌਣਕਾਂ ਗਾਇਬ ਹੋਣ ਲੱਗੀਆਂ।ਹੁਣ ਤਾਂ ਇਹਨਾਂ ਅੰਦਰ ਝਾਤੀ ਮਾਰਣਾ ਵੀ ਡਰਾਉਣਾ ਲੱਗਣ ਲੱਗਾ ਸੀ।ਨਿਰਾਸ਼ਤਾਵਾਂ, ਉਦਾਸੀਆਂ, ਪਰੇਸ਼ਾਨੀਆਂ ਤੇ ਪਸ਼ੇਮਾਨੀਆਂ ਦੇ ਯੁੱਗ ਨੇ ਜ਼ਿੰਦਗੀ ਚੋਂ ਦਰਿੜਤਾ ਘਟਾ ਦਿੱਤੀ ਸੀ।ਹੁਣ ਇਹ ਖੂਹੀਆਂ ਜ਼ਿੰਦਗੀ ਤੋਂ ਤੰਗ ਆਇਆਂ ਦੀ ਪਨਾਹ ਵੀ ਬਣ ਸਕਦੀਆਂ  ਸਨ।ਇਸ ਲਈ ਇਹਨਾਂ ਨੂੰ ਮਿੱਟੀ ਪਾ ਦਫਨਾ ਦੇਣਾ ਹੀ ਬੇਹਤਰ ਸੀ।ਇਹਨਾਂ ਦੇ ਦਫਨ ਹੋਣ ਨਾਲ ਪੰਜਾਬ ਦੇ ਇੱਕ ਰੋਮਾਂਚਿਕ ਯੁੱਗ ਦਾ ਦਫਨ ਹੋ ਗਿਆ, ਜਿਸ ਵਿੱਚ ਕੀਮੇਂ-ਮਲਕੀ ਵਰਗੀਆਂ ਅਨੇਕਾਂ ਕਥਾਵਾਂ-ਗਥਾਵਾਂ ਅਤੇ ਹੋਰ ਕਿੰਨਾਂ ਕੁਝ ਸ਼ਾਮਲ ਸੀ।

ਡਾ: ਆਸਾ ਸਿੰਘ ਘੁੰਮਣ,
ਨਡਾਲਾ (ਕਪੂਰਥਲਾ)
ਮੋ- 98152-53245

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>