Wednesday, January 16, 2019
ਤਾਜ਼ੀਆਂ ਖ਼ਬਰਾਂ

ਨਵੇਂ ਸਾਲ ਦੀਆਂ ਵਧਾਈਆਂ

ਕਾਹਦਾ ਨਵਾਂ ਸਾਲ ਓਏ ਸੱਜਣਾ ਕਾਹਦਾ ਨਵਾਂ ਸਾਲ
ਨੇੜੇ ਹੋ ਕੇ ਤੱਕ ਤਾਂ ਸਹੀ ਜਨਤਾ ਦੇ ਮੰਦੇ ਹਾਲ।
ਗੱਲਾਂ ਸਾਥੋਂ ਲੋਕਾਂ ਦੀਆਂ ਨਹੀਂ ਜਾਂਦੀਆਂ ਸੁਣਾਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਆਮ ਜਨਤਾ ਨੂੰ ਤਾਂ ਮਾਰ ਰਹੀ ਹੈ ਮਹਿੰਗਾਈ
ਗ਼ਰੀਬਾਂ ਵਿਚਾਰਿਆਂ ਨੇ ਰੱਜ-ਰੱਜ ਹੈ ਹੰਢਾਈ।
ਚਾਰੇ ਪਾਸੇ ਦੇਖ ਲਓ ਮੱਚੀਆਂ ਪਈਆਂ ਦੁਹਾਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਖਾ ਲਿਆ ਰਲ਼-ਮਿਲ਼ ਸਭ ਨੇ ਭਾਰਤ ਮੇਰਾ ਨੋਚ ਕੇ
ਪਾ ਤੂੰ ਵੀ ਕੁੱਝ ਵਜ਼ਨ ਦਿਮਾਗ਼ `ਤੇ ਸੋਚ ਕੇ।
ਲਗਾਮਾਂ ਸਾਡੀਆਂ ਗਲਤ ਬੰਦਿਆਂ ਹੱਥ ਫੜ੍ਹਾਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਮਿਲੇ ਨਾ ਰੋਟੀ ਰੱਜਵੀਂ ਹਾਲੇ ਕਈ ਗ਼ਰੀਬਾਂ ਨੂੰ
ਸੁਣੇ ਨਾ ਕੋਈ ਰੋਦੇਂ ਫਿਰਦੇ ਆਪਣੇ ਨਸੀਬਾਂ ਨੂੰ।
ਚੁੱਪ-ਚਾਪ ਤਨਖਾਹਾਂ ਨੇਤਾਵਾਂ ਲੱਖਾਂ ਦੀਆਂ ਲਾਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਅੱਛੇ ਦਿਨ ਵੀ ਉਡੀਕਦੇ ਲੰਘ ਗਏ ਚਾਰ ਕੁ ਸਾਲ
ਪਹਿਲਾਂ ਨਾਲੋਂ ਵੀ ਹੋ ਗਿਆ ਸੱਚੀ ਮੰਦੜਾ ਹਾਲ।
ਨੋਟ-ਬੰਦੀ ਵੀ ਦੇਖ ਲਈ ਨਾ ਗੱਲਾਂ ਕੰਮ ਆਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਧਰਮ ਦੇ ਨਾਂ `ਤੇ ਬਹੁਤਾ ਹੀ ਸਰਮਾਇਆ ’ਕੱਠਾ ਕਰਦੇ
ਇੱਕ ਪਾਸੇ ਤੱਕੇ ਲੋਕੀਂ ਭੁੱਖਣ-ਭਾਣੇ ਨਿੱਤ ਮਰਦੇ।
ਗੁਰੂ ਘਰ ਤੇ ਮੰਦਰਾਂ ’ਚੋਂ ਖਾਣਾਂ ਸੋਨੇ ਦੀਆਂ ਥਿਆਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਕਿੱਲ-ਕਿੱਲ ਕੇ ਬੋਲਦੇ ਲੀਡਰ ਥੱਕ ਗਏ ਸੁਣ ਕੇ ਭਾਸ਼ਨ
ਭਾਸ਼ਨ ਨਾਲ ਢਿੱਡ ਨਾ ਭਰਦਾ ਚਾਹੀਦਾ ਹੈ ਰਾਸ਼ਨ।
ਘੁੰਮ ਕੇ ਦੁਨੀਆਂ ਸਾਰੀ ਰਾਤਾਂ ਸੁੱਖ ਦੀਆਂ ਬਿਤਾਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਨਵੀਂ ਪੀੜ੍ਹੀ ਨਸ਼ਿਆਂ ’ਚ ਹੋਈ ਪਈ ਹੈ ਗਲਤਾਨ
ਨੇਤਾ ਕਹਿਣ ਅਸਾਂ ਕੀ ਲੈਣਾ ਕਰੀ ਜਾਓ ਵੋਟਾਂ ਦਾ ਭੁਗਤਾਨ।
ਵੋਟਾਂ ਵੇਲੇ ਨਸ਼ਿਆਂ ਦੀਆਂ ਭਰ-ਭਰ ਗੱਡੀਆਂ ਆਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……

ਗੱਲ ਜੋ ਹੱਕ ਸੱਚ ਦੀ ਕਰਦਾ ਕੱਢ ਕੇ ਪਾਸੇ ਮਾਰੋ
ਆਹ ਹੀ ਤਾਂ ਇੱਕੋਂ ਮੌਕਾ ਹੈ ਹੱਥ ਸਾਡੇ ਵਿੱਚ ਯਾਰੋ।
ਹਾਲੇ ਬਹੁਤ ਕੁੱਝ ਬਾਕੀ ਕੁੱਝ ਨੇ ‘ਬੱਬੀ’ ਤੋਂ ਲਿਖਾਈਆਂ
ਫੇਰ ਵੀ ਤੈਨੂੰ ਦੇ ਦਿੰਦੇ ਹਾਂ, ਨਵੇਂ ਸਾਲ ਦੀਆਂ ਵਧਾਈਆਂ……
Balbir-Babbi-1

ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)
ਮੋਬਾ: 70091-07300

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>