Wednesday, April 24, 2024

ਸੜਕੀ ਹਾਦਸੇ ਵਧਾ ਰਹੇ ਹਨ ਮੋਬਾਇਲ ਫੋਨ

ਤੇਜ਼ ਰਫਤਾਰੀ, ਕਾਹਲੀ, ਲਾਪਰਵਾਹੀ ਵਗੈਰਾ ਤਾਂ ਹਮੇਸ਼ਾਂ ਹੀ ਸੜਕੀ ਹਾਦਸਿਆਂ ਦੀ ਜਨਮਦਾਤੀ ਰਹੀ ਹੈ, ਪਰ ਮੌਜੂਦਾ ਸਮੇਂ ਵਿੱਚ ਡਰਾਈਵਿੰਗ ਦੌਰਾਨ ਮੋਬਾਇਲ MobileBanਦੀ ਵਰਤੋਂ ਵੀ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ।
ਹਾਲ ਵਿੱਚ ਹੀ ਹੋਏ ਇੱਕ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਸਾਲ ਸੜਕਾਂ ਦੇ ਹੋਣ ਵਾਲੀਆਂ 2100 ਤੋਂ ਵੱਧ ਮੌਤਾਂ ਦਾ ਕਾਰਣ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਕਰਨਾ ਹੈ। ਟੀ.ਐਨ.ਐਸ ਭਾਰਤੀ ਨਾਮੀ ਕੰਪਨੀ ਵੱਲੋਂ ਸੇਵ ਲਾਈਫ ਫਾਉਂਡੇਸ਼ਨ ਅਤੇ ਵੋਡਾਫੋਨ ਦੇ ਸਹਿਯੋਗ ਨਾਲ ਭਾਰਤ ਦੇ ਦਿੱਲੀ, ਚੇਨਈ, ਜੈਪੁਰ, ਬੰਗਲੌਰ, ਮੰਗਲੌਰ, ਕਾਨਪੁਰ, ਮੁੰਬਈ ਅਤੇ ਕਲਕੱਤਾ ਕੁੱਲ ਅੱਠ ਸੂਬਿਆਂ ਵਿੱਚ ਕਰਵਾਏ ਗਏ ਸਰਵੇਖਣ ਅਨੁਸਾਰ 14 ਫੀਸਦੀ ਲੋਕ ਡਰਾਈਵਿੰਗ ਦੌਰਾਨ ਆਉਣ ਵਾਲੀਆਂ ਕਾਲਾਂ ਨੂੰ ਸੁਣਦੇ ਹਨ।ਇਸੇ ਤਰ੍ਹਾਂ 60 ਫੀਸਦੀ ਲੋਕ ਫੋਨ ਚੁੱਕਣ ਤੋਂ ਬਾਅਦ ਸੁਰੱਖਿਅਤ ਥਾਂ `ਤੇ ਰੁਕਣਾ ਜ਼ਰੂਰੀ ਨਹੀਂ ਸਮਝਦੇ ਅਤੇ 20 ਫੀਸਦੀ ਅਜਿਹੇ ਲੋਕ ਹਨ, ਜੋ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਕਰਦੇ ਹੋਏ ਵਾਲ-ਵਾਲ ਬਚੇ ਹਨ।96 ਫੀਸਦੀ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮੰਨਦੇ ਹਨ, ਜੋ ਵਾਹਣ ਚਲਾਉਣ ਦੌਰਾਨ ਮੋਬਾਇਲ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਆਪਣੀ ਕਾਰ/ਗੱਡੀ ਚਲਾਉਂਦੇ ਹੋਏ ਗੱਲ ਕਰਦਿਆਂ ਅਚਾਨਕ ਬਰੇਕ ਲਗਾਉਣ ਵਾਲਿਆਂ ਦੀ ਗਿਣਤੀ ਵੀ 34 ਫੀਸਦੀ ਹੈ। ਹਾਲਾਂਕਿ 94 ਫੀਸਦੀ ਲੋਕ ਮੰਨਦੇ ਹਨ ਕਿ ਡਰਾਈਵਿੰਗ ਦੌਰਾਨ ਫੋਨ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ।ਉਪਰੋਕਤ ਸਰਵੇਖਣ ਵਿੱਚ 1749 ਡਰਾਈਵਰਾਂ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਦੋਪਹੀਆ ਵਾਹਨ ਡਰਾਈਵਰ, ਚਾਰਪਹੀਆ ਵਾਹਨ ਡਰਾਈਵਰ, ਬੱਸ/ਟਰੱਕ ਡਰਾਈਵਰ ਅਤੇ ਆਟੋ ਕਿਰਸ਼ਾ ਡਰਾਈਵਰ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਡਰਾਈਵੰਗ ਦੌਰਾਨ ਮੋਬਾਇਲ ਦੀ ਵਰਤੋਂ ਕਰਨ ਨਾਲ ਸੜਕ ਤੇ ਹੋਣ ਵਾਲੇ ਹਾਦਸਿਆਂ ਦਾ ਖਤਰਾ ਚਾਰ ਗੁਣਾ ਵੱਧ ਜਾਂਦਾ ਹੈ।ਪਿਛਲੇ ਸਾਲ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਭਾਰਤ ਵਿੱਚ ਪਹਿਲੀ ਵਾਰ ਮੋਬਾਇਲ ਦੀ ਵਰਤੋਂ ਕਾਰਣ ਹੋਣ ਵਾਲੇ ਹਾਦਸਿਆਂ ਸਬੰਧੀ ਅੰਕੜੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ਅਨੁਸਾਰ ਸਾਲ 2016 ਵਿੱਚ ਹੋਏ 4976 ਹਾਦਸਿਆਂ ਵਿੱਚ 2138 ਮੌਤਾਂ ਹੋਈਆਂ ਅਤੇ 4746 ਲੋਕ ਜ਼ਖਮੀ ਹੋਏ।ਮੋਬਾਇਲ ਦੀ ਵਰਤੋਂ ਦੌਰਾਨ ਹੋਣ ਵਾਲੇ ਚਾਰ ਵੱਡੇ ਹਾਦਸਿਆਂ ਦੀ ਗੱਲ ਕਰੀਏ ਤਾਂ 21 ਸੰਤਬਰ 2013 ਨੂੰ ਜੰਮੁ ਕਸ਼ਮੀਰ ਦੇ ਰਿਆਸੀ ਇਲਾਕੇ ਵਿੱਚ ਡਰਾਈਵਰ ਵੱਲੋਂ ਮੋਬਾਇਲ ਦੀ ਵਰਤੋਂ ਦੌਰਾਨ ਇੱਕ ਬੱਸ 300 ਫੁੱਟ ਗਹਿਰੀ ਖੱਡ ਵਿੱਚ ਡਿੱਗ ਪਈ, ਜਿਸ ਕਾਰਣ 9 ਲੋਕਾਂ ਦੀ ਮੌਤ ਹੋਈ ਅਤੇ 22 ਲੋਕ ਗੰਭੀਰ ਜਖਮੀ ਹੋਏ ਸਨ। ਇਸੇ ਤਰ੍ਹਾਂ ਜੁਲਾਈ 24, 2014 ਨੂੰ ਆਂਧਰਾ ਪ੍ਰਦੇਸ਼ ਵਿੱਚ ਇੱਕ ਸਕੂਲ ਬੱਸ ਡਰਾਈਵਰ ਵੱਲੋਂ ਮੋਬਾਇਲ ਫੋਨ `ਤੇ ਗੱਲ ਕਰਦਿਆਂ ਹੋਏ ਹਾਦਸੇ ਕਾਰਣ 20 ਬੱਚਿਆਂ ਦੀ ਮੌਤ ਹੋ ਗਈ ਸੀ।20 ਅਕਤੂਬਰ 2015 ਨੂੰ ਊਧਮਪੁਰ ਵਿਖੇ ਬੱਸ ਡਰਾਈਵਰ ਵੱਲੋਂ ਫੋਨ ਦੀ ਵਰਤੋਂ ਦੌਰਾਨ ਬੱਸ ਖੱਡ ਵਿੱਚ ਡਿੱਗਣ ਕਰਕੇ 14 ਲੋਕਾਂ ਦੀ ਮੌਤ ਹੋਈ ਅਤੇ 9 ਸੰਤਬਰ 2016 ਉੜੀਸਾ ਵਿੱਚ ਬੱਸ ਡਰਾਈਵਰ ਵੱਲੋਂ ਮੋਬਾਇਲ ਦੀ ਵਰਤੋਂ ਦੇ ਚੱਕਰ ਵਿੱਚ 19 ਯਾਤਰੀਆਂ ਦੀ ਮੌਤ ਹੋਈ।
ਤੇਜ਼ ਰਫਤਾਰ ਵਿੱਚ ਗੱਡੀਆਂ ਚਲਾ ਕੇ ਉਸ ਦੀ ਆਪਣੇ ਫੋਨ ਵਿੱਚ ਵੀਡੀਓ ਬਣਾਉਣਾ ਵੀ ਇੱਕ ਸ਼ੂਗਲ ਬਣ ਗਿਆ ਹੈ, ਜਿਸ ਕਾਰਣ ਕਈ ਮੌਤਾਂ ਹੋ ਚੁੱਕੀਆਂ ਹਨ। ਅਸੀਂ ਆਮ ਤੌਰ ਆਪਣੇ ਗਲੀ ਮਹੁੱਲੇ ਜਾਂ ਬਾਜ਼ਾਰ ਵਿੱਚ ਦੋ ਪਹੀਆ ਵਾਹਨ ਚਾਲਕਾਂ ਨੂੰ ਇੱਕ ਗਰਦਨ ਨੂੰ ਖੱਬੇ ਜਾਂ ਸੱਜੇ ਮੋਢੇ ਵੱਲ ਝੁਕਾ ਕੇ, ਮੌਢੇ ਅਤੇ ਕੰਨ ਦੇ ਫਾਸਲੇ ਵਿੱਚ ਮੋਬਾਇਲ ਫਸਾ ਕੇ ਗੱਲਾਂ ਕਰਦੇ ਅਤੇ ਇੱਕ ਹੱਥ ਨਾਲ ਮੋਬਾਇਲ `ਤੇ ਆਏ ਸੰਦੇਸ਼ ਪੜ੍ਹਦੇ ਅਤੇ ਸੰਦੇਸ਼ ਭੇਜਦੇ ਵੀ ਦੇਖਿਆ ਹੋਵੇਗਾ। ਜੋ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਬਰਾਬਰ ਹੈ।
ਮੋਬਾਇਲ ਤਕਨੋਲਜੀ ਦੀ ਗੱਲ ਕਰੀਏ ਤਾਂ ਲਗਭਗ ਹਰ ਸਮਾਰਟ ਫੋਨ ਵਿੱਚ ‘ਡਰਾਈਵਿੰਗ ਮੋਡ’ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਨੂੰ ਆਨ ਕਰਕੇ ਤੁਸੀਂ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਬੱਚ ਸਕਦੇ ਹੋ।ਇਸ ਨੂੰ ਆਨ ਕਰਨ ਨਾਲ ਜੇਕਰ ਡਰਾਈਵਿੰਗ ਦੌਰਾਨ ਕਿਸੇ ਦਾ ਫੋਨ ਆਉਂਦਾ ਹੈ ਤਾਂ ਉਹ ਆਪਣੇ ਆਪ (ਆਟੋਮੈਟਿਕ) ਡਿਸਕੁਨੈਕਟ ਹੋ ਜਾਵੇਗਾ ਅਤੇ ਫੋਨ ਕਰਨ ਵਾਲੇ ਨੂੰ ਤੁਹਾਡਾ ਮੋਬਾਇਲ ਤੁਰੰਤ ਇੱਕ ਸੰਦੇਸ਼ ਭੇਜ ਦੇਵੇਗਾ ਕਿ, ‘ਤੁਸੀ ਇਸ ਵਕਤ ਡਰਾਈਵਿੰਗ ਕਰ ਰਹੇ ਹੋ ਅਤੇ ਕੁੱਝ ਦੇਰ ਬਾਅਦ ਤੁਹਾਨੂੰ ਵਾਪਸ ਫੋਨ ਕੀਤਾ ਜਾਵੇਗਾ।’ ਮੋਬਾਇਲ ਤੇ ਇਸ ਫੀਚਰ ਦਾ ਫਾਇਦਾ ਲਿਆ ਜਾ ਸਕਦਾ ਹੈ। ਜੇਕਰ ਕੁੱਝ ਜ਼ਰੂਰੀ ਫੋਨ ਰਸੀਵ ਵੀ ਕਰਨੇ ਹਨ ਤਾਂ ਈਅਰਫੋਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਿਸ ਨਾਲ ਕੁੱਝ ਹੱਦ ਤੱਕ ਬਚਾਅ ਹੋ ਸਕਦਾ ਹੈ। ਅੱਜਕਲ ਤਾਂ ਤਾਰ ਵਾਲੇ ਅਤੇ ਬਿਨ੍ਹਾਂ ਤਾਰ ਤੋਂ ਕਈ ਕਿਸਮਾਂ ਦੇ ਈਅਰਫੋਨ ਬਾਜ਼ਾਰ ਵਿੱਚ ਉਪਲੱਬਧ ਹਨ।
ਸੋ ਆਓ! ਸੁਚੇਤ ਹੋਈਏ। ਆਪਣੇ ਲਈ, ਆਪਣਿਆਂ ਲਈ ਅਤੇ ਹੋਰਨਾਂ ਲਈ ਵੀ। ਫੋਨ ਤੇ ਡਰਾਈਵਿੰਗ ਨੂੰ ਆਪਸ ਵਿੱਚੋ ਵੱਖੋ-ਵੱਖ ਕਰ ਦੇਈਏ।

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ – 9815024920

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply