Tuesday, March 19, 2024

ਪੁਰਾਤਣ ਪੰਜਾਬ

ਸੀ ਸਾਰੇ ਦੀਨ ਧਰਮ ਦੇ ਪੱਕੇ, ਸੱਚ ਜ਼ਬਾਨੋਂ ਕਹਿੰਦੇ,
ਨਾ ਭੇਦਭਾਵ ਨਾ ਵਿਤਕਰਾ, ਸਭ ਹੀ ਰਲ ਮਿਲ ਬਹਿੰਦੇ।
ਵਿੱਚ  ਪਿੰਡਾਂ  ਦੇ  ਬੇਲੀਓ, ਸੀ ਹੁੰਦੀਆਂ ਸੱਥਾਂ,
ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ।

ਨਾ ਹੱਕ ਪਰਾਇਆ ਖਾਂਦੇ ਸਾਂ, ਨਾ ਨਿੰਦਿਆ ਕਰਦੇ,
ਸੱਚੀ ਗੱਲ ਦੀ ਸਾਰੇ ਹੀ, ਸਨ ਹਾਮ੍ਹੀ ਭਰਦੇ।
ਬਜ਼ੁਰਗਾਂ ਦੀਆਂ ਮੰਨਦੇ ਸਨ, ਓਦੋਂ ਸਾਰੇ ਈ ਮੱਤਾਂ,
ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ।

ਹੁਣ ਵਾਲੇ ਚਿੱਟੇ ਨਹੀਂ ਸੀ, ਹੁੰਦੀ ਸੀ ਘਰ-ਘਰ ਮੱਖਣੀ,
ਲਵੇਰਿਆਂ ਤੋਂ ਬਿਨ ਕੋਈ ਹਵੇਲੀ, ਨਹੀਂ ਹੁੰਦੀ ਸੀ ਸੱਖਣੀ।
ਬਾਲੇ ਵਲਿਆਂ ਸਿਰਕੀਆਂ, ਨਾਲ ਸੀ ਪਾਉਂਦੇ ਛੱਤਾਂ,
ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ।

ਸੀ ਰਹਿਣੀ ਸਹਿਣੀ ਸਾਦੀ, ਨਾ ਚੋਜ਼ ਅਮੀਰਾਂ ਵਾਲੇ,
ਜਿਉਂਦੇ ਜਾਗਦੇ ਮਰਦ ਸੀ, ਓਦੋਂ ਜ਼ਮੀਰਾਂ ਵਾਲੇ।
ਤਰੱਕੀ ਦੀ ਖੁਸ਼ੀ ਸੀ ਹੁੰਦੀ, ਨਹੀ ਸੀ ਖਿੱਚਦੇ ਲੱਤਾਂ,
ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ।

ਪੱਗਾਂ ਵੱਟ ਨਿਭਾਉਂਦੇ ਸਨ, ਓਦੋਂ  ਯਾਰ ਯਾਰਾਨੇ,
ਕੰਮ ਹਮੇਸ਼ਾਂ ਦੂਜੇ ਦੇ ਆਉਂਦੇ, ਨਹੀਂ ਲਾਉਂਦੇ ਸਨ ਬਹਾਨੇ।
ਅੱਜ ਮਤਲਬੀ ਹੋਇਆ ਜ਼ਮਾਨਾ, ਪਹਿਲਾ ਕਿਥੋਂ ਲੱਭਾਂ,
ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ।

ਸਮਾਂ ਜੇ ਆ ਜੇ ਦੋਸਤੋ, ਜ਼ਮਾਨਾ ਭੋਲਾ ਭਾਲਾ,
ਓਹੀ ਭਾਈਚਾਰਾ ਵਧੇ, ਕਿਤੇ ਪਹਿਲਾਂ ਵਾਲਾ ।
`ਦੱਦਾਹੂਰੀਆ` ਸਭ ਸੁਖੀ ਵੱਸਣ, ਅੱਖੀਂ ਮੈਂ ਵੀ ਤੱਕਾਂ,
ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ।

Jasveer Shrma Dadahoor 94176-22046

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 94176-22046

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply