Thursday, April 25, 2024

ਖੁਸ਼ੀਆਂ ਦਾ ਤਿਉਹਾਰ – ਲੋਹੜੀ

‘ ਇਸ਼ਰ ਆ ਦਲਿਦਰ ਜਾ, ਦੁਲਿਦਰ ਦੀ ਜੜ ਚੁੱਲੇ ਪਾ ’
              ਪੰਜਾਬ ਦੇ ਤਿਉਹਾਰਾਂ ਵਿਚੋਂ ਇਕ ਤਿਉਹਾਰ ਲੋਹੜੀ ਹੈ ਜੋ ਕਿ ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ।ਸਰਦੀਆਂ ਦੇ ਮੌਸਮ `ਚ ਹਾੜੀ ਦੀਆਂ ਫਸਲਾਂ ਦੇ ਪ੍ਰਫ਼ੁਲਿਤ ਹੁੰਦਿਆਂ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ।ਜਿਸ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਮੁੰਡਾ ਜੰਮਿਆ ਹੋਵੇ ਲੋਹੜੀ ਦਾ ਤਿਉਹਾਰ ਪੂਰੇ ਢੋਲ ਢਮੱਕਿਆਂ, ਸਗਨਾਂ ਨਾਲ ਮਨਾਇਆ ਜਾਂਦਾ ਹੈ।ਲੋਹੜੀ ਸ਼ਬਦ ਅਸਲ ’ਚ ਦੋ ਸਬਦਾਂ ਤਿਲ ਅਤੇ ਰਿਉੜੀਆਂ ਦੇ ਸ਼ਬਦਾਂ ਦਾ ਸੁਮੇਲ ਹੈ।ਸ਼ਾਮ ਸਮੇਂ ਲੋਕਾਂ ਵਲੋਂ ਰਲ ਮਿਲ ਕੇ ਲੱਕੜਾਂ ਅਤੇ ਪਾਥੀਆਂ ਨੂੰ ਇਕੱਠਾ ਕਰਕੇ ਅਗਨੀ ਦਾ ਧੂਣਾ ਲਗਾਇਆ ਜਾਂਦਾ ਹੈ, ਫਿਰ ਲੋਕ ਆਪਸ ਵਿਚ ਮਿਲ ਕੇ ਧੂਣੇ ਦੁਆਲੇ ਇਸ਼ਟ ਅੱਗੇ ਅਰਦਾਸ ਕਰਨ ਉਪਰੰਤ ਅੱਗ ਵਿਚ ਤਿੱਲ ਸੁੱਟ ਕੇ ‘ਇਸ਼ਰ ਆ ਦਲਿਦਰ ਜਾ, ਦੁਲਿਦਰ ਦੀ ਜੜ ਚੁੱਲੇ ਪਾ’ ਬੋਲਦੇ ਹਨ।
ਪਹਿਲਾਂ ਪਿਆਰ ਤੇ ਭਾਈਚਾਰੇ ਕਾਰਣ ਸਾਂਝੀ ਥਾਂ ’ਤੇ ਲੋਹੜੀ ਬਾਲੀ ਜਾਂਦੀ ਸੀ, ਲੇਕਿਨ ਹੁਣ ਸਮੇਂ ਦੀ ਕੁੜ੍ਹੱਤਣ ਸਮਝੋਂ ਜਾਂ ਅਮੀਰੀ ਗਰੀਬੀ ਤੇ ਜਾਤਾਂ ਪਾਤਾਂ ਦੀਆਂ ਵੰਡੀਆਂ ਪੈਣ `ਤੇ ਲੋਕ ਆਪਣੇ-ਆਪਣੇ ਘਰ ਅੱਗ ਬਾਲ ਕੇ ਲੋਹੜੀ ਮਨਾਉਂਦੇ ਹਨ।ਲੋਹੜੀ ਦੁਆਲੇ ਇਕੱਤਰ ਹੋਏ ਸਾਰੇ ਲੋਕ ਇਕ ਦੂਜੇ ਨੂੰ ਮੁੰਗਫਲੀਆਂ, ਗੱਚਕ, ਰਿਉੜੀਆਂ ਆਦਿ ਵੰਡ ਕੇ ਖਾਂਦੇ ਹਨ।ਪਹਿਲਾਂ ਇਕੱਠੇ ਹੋਏ ਲੋਕ ਰਿਸ਼ਤੇਦਾਰ, ਭੈਣ ਭਰਾ ਦੋੋੋਸਤ ਰਲ ਮਿਲ ਕੇ ਪਿਆਰ ਭਰੇ ਗੀਤ ਅਤੇ ਬੋਲੀਆਂ ਪਾ ਕੇ ਗਿੱਧੇ ਭੰਗੜੇ ਦਾ ਭਰਪੂਰ ਅਨੰਦ ਮਾਣਦੇ ਸਨ, ਪਰ ਹੁਣ ਲੋਕ ਡੀ.ਜੇ ਆਦਿ ਲਗਾ ਕੇ ਕੰਨ ਪਾੜਣ ਵਾਲੀਆਂ ਆਵਾਜ਼ਾਂ ਨਾਲ ਪ੍ਰਦੂਸ਼ਣ ਪੈਦਾ ਕਰਦੇ ਹਨ।ਮਾਘ ਦੇ ਮਹੀਨੇ ਕਾਰਨ ਇਸ ਮੌਕੇ ਸੌਂਰ ਦਾ ਸਾਗ ਲੋਹੜੀ ਉਪਰੋਂ ਵਾਰ ਕੇ ਖਾਣ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ।ਪੁਰਾਤਣ ਰਵਾਇਤ ਅਨੁਸਾਰ ਪੋਹ `ਚ ਰਿੱਧਾ ਸਰੋਂ ਦਾ ਸਾਗ, ਖਿੱਚੜੀ ਅਤੇ ਗੰਨੇ ਦੇ ਰਸ (ਰੌਹ) ਦੀ ਖੀਰ ਮਾਘ ਮਹੀਨੇ `ਚ ਖਾਣ ਨੂੰ ਸ਼ੁਭ ਸ਼ਗਨ ਮੰਨਿਆ ਜਾਦਾ ਹੈ।
 ਲੋਹੜੀ ਦੇ ਤਿਉਹਾਰ ਦੀਆਂ ਅਨੇਕਾਂ ਹੀ ਕਹਾਣੀਆਂ ਪ੍ਰਚਲਿਤ ਹਨ।ਦੱਸਿਆ ਜਾਂਦਾ ਹੈ ਕਿ ਮੁਗਲ ਕਾਲ ਦੇ ਸਮੇਂ ਦੁੱਲਾ ਭੱਟੀ ਬਹਾਦਰ ਡਾਕੂ ਜੋ ਕਿ ਅਮੀਰਾਂ ਦਾ ਦੁਸ਼ਮਣ ਅਤੇ ਗਰੀਬਾਂ ਲਈ ਮਸੀਹਾ ਸੀ, ਸੰੁਦਰੀ ਮੁੰਦਰੀ ਦੋ ਭੈਣਾਂ ਜੋ ਕਿ ਇਕ ਗਰੀਬ ਪੰਡਤ ਦੀਆਂ ਧੀਆਂ ’ਤੇ ਮੁਗਲ ਸ਼ਾਸਨ ਅਧਿਕਾਰੀ ਦੀ ਨਜ਼ਰ ਪੈ ਗਈ।ਉਸ ਨੇ ਪੰਡਤ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਵਿਆਹ ਉਸ ਨਾਲ ਕਰ ਦੇਵੇ।ਪੰਡਤ ਦੇ ਕਹਿਣ ਮੁਤਾਬਿਕ ਕਿ ਉਹ ਤਾਂ ਪਹਿਲਾਂ ਹੀ ਮੰਗੀਆਂ ਹੋਈਆਂ ਹਨ, ਪ੍ਰੰਤੂ ਮੁਗਲ ਨੇ ਉਸ ਦੇ ਸੁਹਰਿਆਂ ਨੂੰ ਡਰ ਧਮਕਾ ਕੇ ਲੜਕੀਆਂ ਦੀ ਸ਼ਾਦੀ ਤੁੜਵਾ ਦਿੱਤੀ।ਪੰਡਤ ਨੇ ਦੁੱਲਾ ਭੱਟੀ ਤੱਕ ਪਹੰੁਚ ਕੀਤੀ ਤਾਂ ਦੁੱਲਾ ਭੱਟੀ ਨੇ ਲੜਕੀ ਦੇ ਸੁਹਰਿਆਂ ਨੂੰ ਬੁਲਾ ਕੇ ਜੰਗਲ ਵਿਚ ਹੀ ਅੱਗ ਬਾਲ ਕੇ ਲੜਕੀਆਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਇਸ ਮੌਕੇ ਦੁਲੇ ਕੋਲ ਸਿਰਫ਼ ਸ਼ੱਕਰ ਹੀ ਸੀ, ਉਸ ਨੇ ਸ਼ੱਕਰ ਹੀ ਸਗਨ ਵਜੋਂ ਦੇ ਕੇ ਸੰੁਦਰੀ ਮੁੰਦਰੀ ਨੂੰ ਵਿਦਾ ਕੀਤਾ, ਅਜਿਹੀ ਕਿੱਸਾ ਕਹਾਣੀ ਕਾਰਨ ਹੀ ਦੁੱਲਾ ਭੱਟੀ ਨੂੰ ਲੋਹੜੀ `ਤੇ ਯਾਦ ਕੀਤਾ ਜਾਂਦਾ ਹੈ।ਲੋਹੜੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਹੀ ਬੱਚਿਆਂ ਦੀਆਂ ਮੁਹੱਲਿਆਂ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈ,

‘ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ, ਦੇ ਮਾਈ ਗੁੜ ਮਿੱਠਾ, ਦੇ ਰੁਪਈਆ ਚਿੱਟਾ॥’’
`ਸੁੰਦਰੀ ਮੁੰਦਰੀ ਹੋ, ਤੇਰਾ ਕੋਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ,
ਦੁੱਲੇ ਨੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ,
ਕੁੜੀ ਦਾ ਲਾਲ ਦੁਪੱਟਾ, ਕੁੜੀ ਦਾ ਸਾਲੂ ਪਾਟਾ,
ਸਾਲੂ ਕੋਣ ਸਮੇਟੇ, ਚਾਚਾ ਗਾਲਾਂ  ਦੱਸੇ।
ਚਾਚੇ ਚੂਰੀ ਕੁੱਟੀ, ਜਿੰਮੀਦਾਰਾਂ ਲੁੱਟੀ,
ਜਿੰਮੀਦਾਰ ਸਧਾਏ, ਗਿਣ ਗਿਣ ਪੌਲੇ ਲਾਏ,
ਇਕ ਪੌਲਾ ਰਹਿ ਗਿਆ, ਸਿਪਾਹੀ ਫੜ੍ਹ ਕੇ ਲੈ ਗਿਆ।

ਅੱਜ ਕਲ੍ਹ ਸ਼ਹਿਰ ਵਿੱਚ ਸਮਾਜ ਸੇਵੀਆਂ ਸੰਸਥਾਵਾਂ ਵਲੋਂ ਵੀ ਲੋਹੜੀ ਦੇ ਤਿਉਹਾਰ ਮਨਾਉਣ ਦੀ ਰੀਤ ਚੱਲ ਨਿਕਲ ਪਈ ਹੈ, ਜਿਸ ਨੂੰ ਧੀਆਂ ਦੀ ਲੋਹੜੀ ਦਾ ਨਾਮ ਦਿੱਤਾ ਜਾਂਦਾ ਹੈ।ਦੇਖਿਆ ਜਾਵੇ ਤਾਂ ਹੁਣ ਲੜਕੀਆਂ ਕਿਸੇ ਵੀ ਖੇਤਰ ਵਿਚੋਂ ਲੜਕਿਆਂ ਤੋਂ ਘੱਟ ਨਹੀ, ਸਗੋਂ ਹਰ ਇਕ ਖੇਤਰ ਵਿਚ ਚਾਹੇ ਖੇਡ ਦਾ ਮੈਦਾਨ ਹੋਵੇ, ਵਿਗਿਆਨ, ਗਿਆਨ, ਸਰਕਾਰੀ ਨੌਕਰੀ, ਫਿਲਮ ਸੰਸਾਰ ਆਦਿ ਵਿੱਚ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਸੋ ਆਓ ਅੱਜ ਹੀ ਤਹੱਈਆ ਕਰੀਏ ਕਿ ਅਸੀ ਆਪਣੀਆਂ ਧੀਆਂ ਰਾਜ ਕੁਮਾਰੀਆਂ ਨੂੰ ਪੁੱਤਰਾਂ ਵਾਂਗ ਪਾਲ ਕੇ ਸਤਿਕਾਰ ਦੇਈਏ।ਉਨ੍ਹਾਂ ਦੀ ਲੋਹੜੀ ਮਨਾਈਏ ’ਤੇ ਖੁਸ਼ੀਆਂ ’ਤੇ ਚਾਵਾਂ ਦੇ ਤੋਹਫੇ ਦੇਈਏ, ਤਾਂ ਕਿ ਉਹ ਪੜ੍ਹ ਲਿਖ ਕੇ ਅੱਗੇ ਵੱਧਣ, ਸਾਡੇ ’ਤੇ ਮਾਣ ਕਰਨ ਪਰਿਵਾਰ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰਨ ਲਈ ਹਮੇਸ਼ਾਂ ਹੀ ਅੱਗੇ ਵਧਣ ।

Avtar Kainth

 

ਅਵਤਾਰ ਸਿੰਘ ਕੈਂਥ
ਬਠਿੰਡਾ।
ਮੋ- 93562-00120

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply