Tuesday, March 19, 2024

ਜੱਫੀ ਸਿੱਧੂ ਦੀ

Navjot Singh Sidhu

 

 

 

 

ਤੇਰੀ ਜੱਫੀ ਦੀ ਕੀ-ਕੀ ਸਿਫਤ ਕਰੀਏ
ਦਿੱਤੀ ਮੁੱਦਤਾਂ ਦੀ ਅਲਖ ਜਗਾ ਸਿੱਧੂ।
ਵਾਹ! ਵਾਹ ਸਿੱਧੂ, ਵਾਹ! ਵਾਹ ਸਿੱਧੂ।

ਨਹੁੰ-ਮਾਸ ਦੇ ਵਿਛੜੇ ਮੇਲ ਦਿੱਤੇ
ਦਿੱਤੀ ਮਨਾਂ ਦੀ ਭਟਕਣ ਬੁਝਾ ਸਿੱਧੂ।

ਡੇਢ ਕੋਹ ਵਾਟ ਸੀ ਪਹਾੜ ਬਣਗੀ  
ਰਹੀ ਸੀ ਸੰਗਤ ਦੀ ਜਿੰਦ ਤੜਫਾ ਸਿੱਧੂ।

ਦੂਰਬੀਨਾਂ ਨਾਲ ਸੀ ਸੰਗਤ ਨੂੰ ਦਰਸ਼ਨ ਹੁੰਦੇ  
ਜਿਥੇ ਬਾਬੇ ਨਾਨਕ 18 ਸਾਲ ਦਿੱਤੇ ਬਿਤਾ ਸਿੱਧੂ।

ਜੋਤੀ-ਜੋਤ ਸਮਾਏ ਸਨ ਗੁਰੂ ਸਾਹਿਬ ਜਿੱਥੇ
ਸਦਾ ਰਹੇ ਸੀ ਚੇਤੇ ਆ ਸਿੱਧੂ।

ਪਾਸਪੋਰਟ ਵੀਜ਼ਾ ਸ਼ਰਤਾਂ ਵੀ ਨਰਮ ਹੋਵਣ
ਦੋਬਾਰਾ ਜਾ-ਜਾ ਕੇ ਜੱਫੀਆਂ ਪਾ ਸਿੱਧੂ।

ਠਾਹ-ਠੂਹ ਭਰਾਵੀਂ-ਜੰਗ ਬੰਦ ਹੋ ਜੇ
ਦੇਈਏ ਕੰਡਿਆਲੀ ਤਾਰ ਰਾਹੋਂ ਹਟਵਾ ਸਿੱਧੂ।

ਲਹਿੰਦੇ-ਚੜ੍ਹਦੇ ਦਾ ਝੰਡਾ ਇੱਕ ਹੋ ਜੇ
ਲਈਏ ਗੀਤ ਪਿਆਰਾਂ ਦੇ ਗਾ ਸਿੱਧੂ।

ਪੁਰਾਣੇ ਵਜ਼ੀਰਾਂ ਵੀ ਸੀ ਗੱਲ ਤੋਰੀ
ਪਰ ਬਾਜ਼ੀ ਜਾਂਦੀ ਰਹੀ ਲੜ ਖੜਾ ਸਿੱਧੂ।

ਜੋ ਲੋਕ ਹਿੱਤਾਂ ਦੀ ਗੱਲ ਤੂੰ ਸ਼ੁਰੂ ਕੀਤੀ
ਦੇਵੀਂ ਹੋਰਾਂ ਨੂੰ ਵੀ ਪਾਠ ਪੜ੍ਹਾ ਸਿੱਧੂ।

ਕ੍ਰਿਕਟ ਵਿੱਚ ਵੀ ਤੇਰੀ ਸੀ ਬੱਲੇ-ਬੱਲੇ
ਲਿਆ ਹੁਣ ਵੀ ਨਾਮ ਕਮਾ ਸਿੱਧੂ।

ਕਦੇ ਟੀ.ਵੀ `ਤੇ ਬੈਠ ਕੇ ਜੱਜ ਬਣਦੈਂ
ਦੇਵੇਂ ਹਾਸਿਆਂ ਨਾਲ ਵੱਖੀਆਂ ਤੁੜਵਾ ਸਿੱਧੂ।

ਤੇਰੇ ਕਾਜ਼ ਨਹੀਂ ਕਈਆਂ ਨੂੰ ਰਾਸ ਆਉਣੈਂ
ਜਿਹੜੇ ਚੰਮ ਦੀਆਂ ਰਹੇ ਚਲਾ ਸਿੱਧੂ।

ਚਿੰਤਾਂ ਕਈਆਂ ਨੂੰ ਵੱਢ-ਵੱਢ ਖਾਂਵਦੀ ਏ
ਪੱਤਰਕਾਰਾਂ ਕੋਲੋਂ ਨਾ ਪੀ ਆਵੇ ਚਾਹ ਸਿੱਧੂ।  

ਘੋੜੇ, ਭੇਡੂ, ਦੁੰਬੇ ਸੀ ਗਿਫਟ-ਸ਼ਿਫਟ ਮਿਲਦੇ
ਦਿੱਤੀ ਵੱਖਰੀ ਹੀ ਪਿਰਤ ਤੂੰ ਪਾ ਸਿੱਧੂ।

ਪ੍ਰਮਾਣ ਨੂੰ ਪ੍ਰਤੱਖ ਦੀ ਨਹੀਂ ਲੋੜ ਹੁੰਦੀ
ਸੁੱਕੇ ਦੀਵਿਆਂ ‘ਚ ਤੇਲ ਹੋਰ ਪਾ ਸਿੱਧੂ।

ਵਜ਼ੀਰ ਬਣ ਵਿਰੋਧੀਆਂ ਨਾਲ ਹੈਲੋ ਕੀਤੀ
ਦਿੱਤੀ ਦੂਈ ਵਾਲੀ ਮੈਲ ਮਿਟਾ ਸਿੱਧੂ।

ਜਨਾਬ ਇਮਰਾਨ ਖਾਨ, ਯਾਰੀ ਦੀ ਲਾਜ਼ ਰੱਖੀ  
ਪ੍ਰਤੀਕ ਸਾਂਝ-ਪਿਆਰ ਦਾ ਰਾਹ ਸਿੱਧੂ।

ਧਰਤੀ ਅੰਮ੍ਰਿਤਸਰ ਦੀ ਨੂੰ ਪ੍ਰਣਾਮ ਕਰੀਏ
ਕਰਤਾਰਪੁਰ ਜੀ ਨੂੰ ਦਿੱਤੇ ਚਾਰ-ਚੰਨ ਲਾ ਸਿੱਧੂ

ਨਵਜੋਤ ਸਿੰਘ, ਨਵਜੋਤ ਕੌਰ ਜੋੜੀ ਰਹੇ ਸਲਾਮਤ
ਰੱਖਿਓ ਲੋਕ ਦਰਦ ਛਾਤੀ ਨਾਲ ਲਾ ਸਿੱਧੂ।

‘ਲੰਗੇਆਣਾ ਸਾਧੂ ਰਾਮ’ ਅਰਜ਼ੋਈ ਕਰਦੈ
ਚੱਲਦੇ ਰਹੋਂ ਸਦਾ ਸੱਚ ਦੇ ਰਾਹ ਸਿੱਧੂ।
ਵਾਹ! ਵਾਹ ਸਿੱਧੂ, ਵਾਹ! ਵਾਹ ਸਿੱਧੂ।

Sadhu Ram Langeana

 
ਡਾ.ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
ਮੋ –   98781-17285

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply