Thursday, April 25, 2024

ਆਪਸੀ ਸਾਂਝ ਦਾ ਪ੍ਰਤੀਕ ਲੋਹੜੀ

ਜਦੋਂ ਸਿਆਲ ਦੀ ਠੰਡ ਜੋਰਾਂ `ਤੇ ਹੁੰਦੀ ਹੈ ਧੁੰਦ ਆਪਣੀ ਚਾਦਰ ਵਸਾ ਕੇ ਕੋਰੇ ਦੀ ਪਰਤ ਬਣਾਉਂਦੀ ਹੈ, ਉਸ ਵੇਲੇ ਇਹ ਤਿਉਹਾਰ ਆਉਂਦਾ ਹੈ ਜਿਸ ਦਾ ਨਾਂ ਹੈ ਲੋਹੜੀ।ਲੋਹੜੀ ਜਿਸ ਦਾ ਇਤਿਹਾਸ ਵਿਚ ਦੁੱਲਾ ਭੱਟੀ ਦਾ ਜਿਕਰ ਆਉਂਦਾ ਹੈ ਦੁੱਲਾ ਜੋ ਕਿ ਗਰੀਬਾਂ ਦੀ ਤੇ ਮਜਬੂਰਾਂ ਦੀ ਮਦਦ ਕਰਦਾ ਸੀ।ਹਰ ਬੱਚਾ, ਜਵਾਨ, ਬਜੁਰਗ ਅਤੇ ਔਰਤਾਂ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ।ਜਿਸ ਵਿਚ ਕਿਸੇ ਧਰਮ ਜਾਤ-ਪਾਤ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ।ਸਭ ਲੋਕ ਰਲ ਕੇ ਖੁਸ਼ੀ ਮਨਾਉਂਦੇ ਹਨ ਅਤੇ ਇਕ ਦੂਜੇ ਨਾਲ ਸਾਂਝਾਂ ਵਧਾਉਂਦੇ ਹਨ।ਇਹ ਤਿਉਹਾਰ ਬੱਚਿਆਂ ਲਈ ਬਹੁਤ ਹੀ ਖਾਸ ਹੈ।ਉਹ ਦਸ ਬਾਰ੍ਹਾਂ ਦਿਨ ਪਹਿਲਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਸੁੰਦਰ ਮੁੰਦਰੀਏ, ਤੇਰਾ ਕੌੋਣ ਵਿਚਾਰਾ, ਦੁੱਲਾ ਭੱਟੀ ਵਾਲਾ ਆਦਿ ਲੋਹੜੀ ਦੇ ਗੀਤ ਸੁਣਾਂ ਕੇ ਲੋਹੜੀ ਮੰਗਦੇ ਹਨ।ਲੋਹੜੀ ਦੇ ਕਈ ਹੋਰ ਗੀਤ ਪ੍ਰਚਲਿਤ ਹਨ ਜਿਵੇਂ :-

ਸੁਨ ਸਨਿਆ ਬਈ ਸੁਨ ਸਨਿਆ
ਸੁਨ ਸਨਿਆ ਨੂੰ ਜਾਵਾਂਗੇ
ਪੰਜ ਤੀਰ ਲਿਆਵਾਂਗੇ
ਇਕ ਤੀਰ ਟੰਗਿਆ
ਵੱਡਾ ਵੀਰ ਮੰਗਿਆ
ਵੱਡੇ ਵੀਰ ਦੇ ਦੋ ਕਬੂਤਰ
ਉੱਡਦੇ ਉਡਦੇ ਟਾਹਲੀ ਬੈਠੇ
ਟਾਹਲੀ ਸੁਟਿਆ ਮੇਵਾ
ਕਰੋ ਗੁਰਾਂ ਦੀ ਸੇਵਾ।

ਕੁੜੀਆਂ ਵੀ ਗੀਤ ਗਾ ਕੇ ਲੋਹੜੀ ਮੰਗਦੀਆਂ ਹਨ। ਜਿਵੇਂ ਕਿ :-

ਘੜਤੋਨਿਆ ਘੜਤੋਨਿਆ ਉਡਦਾ ਜਾਹ
ਵੀਰ ਦੀ ਵਹੁੱਟੀ ਛੇਤੀ ਲਿਆ
ਦੁੱਧ ਪੀਂਦਾ ਗਾਂ ਦਾ
ਰੋਟੀ ਖਾਂਦਾ ਕਣਕ ਦੀ
ਵਹੁੱਟੀ ਆਈ ਛਨਕ ਦੀ।

ਲੋਹੜੀ ਦੇ ਤਿਉਹਾਰ ਮੌਕੇ ਮੁੰਡੇ ਦੇ ਵਿਆਹ ਅਤੇ ਲੜਕੇ ਦੇ ਜੰਮਣ `ਤੇ ਖੁਸ਼ੀ ਨਾਲ ਮੁੰਗਫਲੀ, ਗੁੜ, ਰਿਉੜੀਆਂ, ਚਿੜਵੜੇ ਤੇ ਮਕੱਈ ਦੇ ਦਾਣੇ ਆਦਿ ਦੀ ਲੋਹੜੀ ਵੰਡੀ ਜਾਂਦੀ ਹੈ।ਰਾਤ ਨੂੰ ਅੱਗ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।ਜਿਥੇ ਮੁੰਡਿਆਂ ਦੀ ਲੋਹੜੀ ਵੰਡੀ ਜਾਂਦੀ ਹੈ, ਉਥੇ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣੀ ਅਰੰਭ ਹੋ ਚੱਕੀ ਹੈ, ਜੋ ਇੱਕ ਚੰਗਾ ਸ਼ਗਨ ਹੈ।
ਇਸ ਤਿਉਹਾਰ ਦਾ ਇੰਤਜ਼ਾਰ ਡੋਰਾਂ ਲਾਉਣ ਵਾਲੇ ਵੀ ਬੜੀ ਬੇਸਬਰੀ ਨਾਲ ਕਰਦੇ ਹਨ।ਪਤੰਗਬਾਜ਼ੀ ਦੇ ਸ਼ੌਕੀਨ ਦੋ-ਦੋ ਮਹੀਨੇ ਪਹਿਲਾਂ ਹੀ ਡੋਰਾਂ ਲਵਾਉਣੀਆਂ ਸ਼਼ੁਰੂ ਕਰ ਦੇਂਦੇ ਸਨ।ਪਰ ਹੁਣ ਚਾਇਨਾ ਡੋਰ ਨੇ ਰਵਾਇਤੀ ਡੋਰਾਂ ਬਣਾਉਣ ਵਾਲਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਗਰੀਬ ਮਾਰ ਹੋ ਰਹੀ ਹੈ।ਜਦਕਿ ਪਲਾਸਟਿਕ ਦੀ ਚਾਇਨਾ ਡੋਰ ਨਾਲ ਹਾਦਸੇ ਹੋ ਰਹੇ ਹਨ।ਸਰਕਾਰੀ ਰੋਕ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।ਚਾਇਨਾ ਡੋਰ ਦੇ ਸੌਦਾਗਰ ਸ਼ਰੇਆਮ ਇਸ ਦੀ ਵਿਕਰੀ ਕਰ ਰਹੇ ਹਨ ਤੇ ਲੋਕ ਖ੍ਰੀਦ ਕੇ ਇਸ ਦਾ ਇਸਤੇਮਾਲ ਕਰਦੇ ਹਨ, ਕੋਈ ਨਹੀਂ ਪੁੱਛਦਾ ਇਹਨਾਂ ਨੂੰ।ਲੋਹੜੀ ਵਾਲੇ ਦਿਨ ਲੋਕ ਸਵੇਰੇ ਤੋ ਹੀ ਚੁਬਾਰਿਆਂ/ ਕੋਠਿਆ `ਤੇ ਚੜ੍ਹ ਜਾਂਦੇ ਹਨ।ਕੁੱਝ ਨੌਜਵਾਨ ਡੀ.ਜੇ ਲਾ ਕੇ ਜਾਂ ਨਸ਼ਾ ਕਰਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ, ਜਿਸ ਨਾਲ ਲੜਾਈ ਝਗੜੇ ਵੀ ਹੁੰਦੇ ਹਨ।ਇਸ ਲਈ ਭਾਈਚਾਰਿਆਂ `ਚ ਪਿਆਰ ਵਧਾਉਣ ਵਾਲਾ ਸਰਬ ਸਾਂਝਾ ਤਿਓਹਾਰ ਰਵਾਇਤੀ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ।

Rajdavinder S Noshehra1

 

ਰਾਜਦਵਿੰਦਰ ਸਿੰਘ  ਨੌਸ਼ਹਿਰਾ
ਡਾਕਖਾਨਾ- ਨੌਸ਼ਹਿਰਾ ਮੱਝਾ ਸਿੰਘ
ਜਿਲਾ-ਗੁਰਦਾਸਪੁਰ।
ਮੋ- 9779961093

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply