Friday, March 29, 2024

ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਦੇ ਸਮੱਰਥ ਹੈ ਗਾਇਕ ਗੁਰਨਾਮ ਭੁੱਲਰ

        Gurnam Bhullarਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ `ਤੇ ਨਾਇਕ ਬਣ ਕੇ ਆਉਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ।ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ `ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ।ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ `ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ ਦਾ ਨਾਇਕ ਬਣ ਕੇ ਆਪਣੀ ਕਾਮਯਾਬ ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਦੇ ਸਮੱਰਥ ਹੈ।ਆਪਣੇ ਕੁੱਝ ਕੁ ਗੀਤਾਂ ਨਾਲ ਦਿਨਾਂ ਵਿੱਚ ਹੀ ਸਟਾਰ ਬਣਿਆ ਗੁਰਨਾਮ ਭੁੱਲਰ ਮੁੱਢ ਤੋਂ ਹੀ ਸਖਤ ਮੇਹਨਤ ਅਤੇ ਲਗਨ ਵਾਲਾ ਕਲਾਕਾਰ ਹੈ।ਗਾਇਕੀ ਤੋਂ ਫ਼ਿਲਮਾਂ ਵੱਲ ਆਉਣਾ ਵੀ ਉਸ ਦਾ ਇੱਕ ਵੱਡਾ ਸੁਪਨਾ ਸੀ ਜੋ ਫ਼ਿਲਮ `ਗੁੱਡੀਆਂ ਪਟੋਲੇ` ਨਾਲ ਸਾਕਾਰ ਹੋਇਆ ਹੈ।ਇਸ ਫ਼ਿਲਮ ਵਿੱਚ ਉਸ ਦਾ ਕਿਰਦਾਰ ਇੱਕ ਪੇਂਡੂ ਦਿੱਖ ਵਾਲੇ ਰੁਮਾਂਟਿਕ ਤੇ ਹੱਸਮੁਖ ਜਿਹੇ ਮੁੰਡੇ ਦਾ ਹੈ ਜੋ ਵਲੈਤੋਂ ਨਾਨਕੇ ਪਿੰਡ ਆਈਆਂ ਕੁੜੀਆਂ ਨੂੰ ਪ੍ਰਭਾਵਿਤ ਕਰਦਾ ਹੈ।ਫਿਲਮ ਦੇ ਟਰੇਲਰ `ਚ ਗੁਰਨਾਮ ਭੁੱਲਰ ਤੇ ਸੋਨਮ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦੇ ਚਰਚੇ ਹਰੇਕ ਸਿਨੇਪ੍ਰੇਮੀ ਦੀ ਜੁਬਾਨ `ਤੇ ਹਨ।ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਐਮੀ ਵਿਰਕ ਵਾਂਗ ਗੁਰਨਾਮ ਭੁੱਲਰ ਵੀ ਫ਼ਿਲਮੀ ਪਰਦੇ `ਤੇ ਲੰਮੀ ਰੇਸ ਦਾ ਘੋੜਾ ਬਣ ਸਕਦਾ ਹੈ।ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੰਜਾਬ ਦੇ ਇੱਕ ਕੌੜੇ ਸੱਚ ਨਾਲ ਜੁੜੀ ਮੋਹ ਮੁਹੱਬਤਾਂ ਦੇ ਰੰਗ ਵਿੱਚ ਰੰਗੀ ਇੱਕ ਦਿਲਚਸਪ ਕਹਾਣੀ ਦੀ ਪੇਸ਼ਕਾਰੀ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ।ਵਲੈਤੋਂ ਪੰਜਾਬ ਆਪਣੇ ਨਾਨਕੇ ਘਰ ਆਈਆਂ ਦੋ ਕੁੜੀਆਂ ਦੀ ਪਰਿਵਾਰਕ ਸਾਂਝ ਅਤੇ ਅਧਮੋਏ ਰਿਸ਼ਤਿਆਂ ਦੀ ਸੁੱਚੀ ਦਾਸਤਾਨ ਹੈ।
ਵਿਲੇਜ਼ਰ ਸਟੂਡੀਓ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ਦਾ ਨਿਰਮਾਣ ਨਿਰਮਾਤਾ ਭਗਵੰਤਪਾਲ ਸਿੰਘ ਵਿਰਕ ਅਤੇ ਨਵ ਵਿਰਕ ਨੇ ਕੀਤਾ ਹੈ ਤੇ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਦਿੱਤਾ ਹੈ।ਇਸ ਫ਼ਿਲਮ ਦੀ ਕਹਾਣੀ `ਕਿਸਮਤ` ਨਿੱਕਾ ਜ਼ੈਲਦਾਰ ਸੀਰੀਜ਼ ਦੀਆਂ ਫ਼ਿਲਮਾਂ ਲਿਖਣ ਵਾਲਾ ਜਗਦੀਪ ਸਿੰਘ ਸਿੱਧੂ ਦੀ ਕਲਮ ਤੋਂ ਹੈ।ਜਿਸ ਨੇ ਕਹਾਣੀ, ਡਾਇਲਾਗ, ਸਕਰੀਨ ਲਿਖ ਕੇ ਕਮਾਲ ਦੀ ਸਿਰਜਣਾ ਕਰਦਿਆਂ ਕਿਸਮਤ` ਵਰਗਾ ਇਤਿਹਾਸ ਦੁਹਰਾਇਆ ਹੈ ਫ਼ਿਲਮ ਵਿੱਚ ਗੁਰਨਾਮ ਭੁੱਲਰ, ਸੋਨਮ ਬਾਜਵਾ, ਨਿਰਮਲ ਰਿਸ਼ੀ, ਤਾਨੀਆ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਸੀਮਾ ਕੌਸ਼ਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੇ ਗੀਤ ਗੁਰਨਾਮ ਭੁੱਲਰ, ਵਿੱਕੀ ਧਾਲੀਵਾਲ, ਗੈਰੀ ਵਿੰਦਰ ਤੇ ਹਰਿੰਦਰ ਕੌਰ ਨੇ ਲਿਖੇ ਹਨ।
ਆਵਾਜ਼ ਪੰਜਾਬ ਦੀ 5` ਦੇ ਜੇਤੂ ਬਣ ਕੇ ਵਪਾਰਕ ਗਾਇਕੀ ਵੱਲ ਆਏ ਇਸ ਗਾਇਕ ਦੇ `ਰੱਖ ਲਈਂ ਪਿਆਰ ਨਾਲ`, `ਸ਼ਨੀਵਾਰ`, `ਵਿਨੀਪੈਗ`, `ਸਾਡੇ ਆਲੇ`, `ਜਿੰਨ੍ਹਾ ਤੇਰਾ ਮੈਂ ਕਰਦੀ`, `ਪਹੁੰਚ` ਆਦਿ ਗੀਤਾਂ ਨਾਲ ਕਦਮ ਦਰ ਕਦਮ ਅੱਗੇ ਤੁਰਦਾ ਗਿਆ।ਪਰ ਗੀਤ `ਡਾਇਮੰਡ ਦੀ ਝਾਂਜਰ` ਨਾਲ ਗੁਰਨਾਮ ਸ਼ੋਹਰਤ ਦੇ ਸਿਖਰਲੇ ਡੰਡੇ `ਤੇ ਜਾ ਬੈਠਾ।ਗੱਲਬਾਤ ਕਰਦੇ ਗੁਰਨਾਮ ਭੁੱਲਰ ਨੇ ਕਿਹਾ ਕਿ ਉਹ ਆਪਣੇ ਚਾਹੁਣ ਵਾਲਿਆਂ ਦਾ ਸਦਾ ਸ਼ੁਕਰਗੁਜ਼ਾਰ ਹੈ।ਭਵਿੱਖ ਵਿੱਚ ਉਸ ਕੋਲ ਕਈ ਚੰਗੀਆਂ ਫ਼ਿਲਮਾਂ ਹਨ।ਉਸ ਦੀ ਅਗਲੀ ਫ਼ਿਲਮ `ਵਲੈਤੀ ਯੰਤਰ` ਵੀ ਜਲਦੀ ਰਿਲੀਜ਼ ਹੋਵੇਗੀ।ਫ਼ਿਲਮਾਂ ਦੇ ਨਾਲ-ਨਾਲ ਉਹ ਗਾਇਕੀ ਨੂੰ ਵੀ ਬਰਾਬਰ ਲੈ ਕੇ ਤੁਰੇਗਾ।
Harjinder Singh Jawanda

 

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply