Thursday, April 25, 2024

ਜੌੜੇ ਮਾਜਰਾ ਦੇ ਹਮਲਾਵਰਾਂ ਨੂੰ ਗਿ੍ਰਫ਼ਤਾਰ ਕਰਨ ਲਈ ‘ਆਪ‘ ਨੇ ਦਿੱਤਾ 48 ਘੰਟਿਆਂ ਦਾ ਅਲਟੀਮੇਟਮ

ਫਲਾਪ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਤੁਰੰਤ ਦੇਣ ਅਸਤੀਫ਼ਾ -ਹਰਪਾਲ ਸਿੰਘ ਚੀਮਾ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਬਿਊਰੋ) – ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਬਦ ਤੋਂ ਬਦਤਰ ਹੋਈ ਸਥਿਤੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਨਾਲ-ਨਾਲ ਬਤੌਰ ਗ੍ਰਹਿ ਮੰਤਰੀ ਵੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਫਲਾਪ ਸਿੱਧ ਹੋਏ ਹਨ। ਇਹੋ ਕਾਰਨ ਹੈ ਕਿ ਗੁੰਡਾ ਅਨਸਰ ਭਰੇ ਬਾਜ਼ਾਰ ਲੜਕੀਆਂ ਨੂੰ ਅਗਵਾ ਕਰਨ ਅਤੇ ਗੋਲੀਆਂ ਚਲਾਉਣ ਦੀ ਜ਼ੁਰਅਤ ਕਰ ਰਹੇ ਹਨ।
ਹਰਪਾਲ ਸਿੰਘ ਚੀਮਾ ਸਥਾਨਕ ਗੁਰੂ ਨਾਨਕ ਹਸਪਤਾਲ ‘ਚ ਦਾਖਲ ‘ਆਪ‘ ਦੇ ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੌੜੇ ਮਾਜਰਾ ਦਾ ਪਤਾ ਲੈਣ ਉਪਰੰਤ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ‘ਆਪ‘ ਦੇ ਅੰਮ੍ਰਿਤਸਰ ਲੋਕ ਸਭਾ ਲਈ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਤਲਵਾਰ, ਮਹਿਲਾ ਵਿੰਗ ਦੀ ਸੂਬਾ ਸਹਿ ਪ੍ਰਧਾਨ ਜੀਵਨਜੋਤ ਕੌਰ ਅਤੇ ਜਸਵੀਰ ਸਿੰਘ ਸੁਰ ਸਿੰਘ ਵਾਲਾ ਸਮੇਤ ਹੋਰ ਸਥਾਨਕ ਆਗੂ ਮੌਜੂਦ ਸਨ।
ਦੱਸਣਯੋਗ ਹੈ ਕਿ ਜੌੜੇ ਮਾਜਰਾ ਨੂੰ ਕੁੱਝ ਗੁੰਡਿਆਂ ਨੇ ਕੱਲ੍ਹ ਪੱਟੀ ਦੇ ਭਰੇ ਬਾਜ਼ਾਰ ‘ਚ ਉਦੋਂ ਗੋਲੀਆਂ ਮਾਰ ਦਿੱਤੀਆਂ ਸਨ, ਜਦੋਂ ਉਹ ਗੁੰਡਿਆਂ ਵਲੋਂ ਅਗਵਾ ਕੀਤੀ ਜਾ ਰਹੀ ਇੱਕ ਲੜਕੀ ਨੂੰ ਬਚਾਉਣ ਲਈ ਗੁੰਡਿਆਂ ਨਾਲ ਭਿੜ ਗਏ ਸਨ।
ਹਰਪਾਲ ਸਿੰਘ ਚੀਮਾ ਨੇ ਜੌੜੇ ਮਾਜਰਾ ਦੀ ਦਲੇਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜੋ ਕੰਮ ਉਸੇ ਚੌਂਕ ‘ਚ ਤੈਨਾਤ ਪੁਲਿਸ ਕਰਮੀਆਂ ਨੂੰ ਕਰਨਾ ਚਾਹੀਦਾ ਸੀ, ਉਹ ਬਤੌਰ ਜ਼ਿੰਮੇਵਾਰ ਨਾਗਰਿਕ ਚੇਤਨ ਸਿੰਘ ਜੌੜੇ ਮਾਜਰਾ ਨੂੰ ਕਰਨਾ ਪਿਆ।ਜਿਸ ‘ਤੇ ਪੂਰੀ ਪਾਰਟੀ ਮਾਣ ਮਹਿਸੂਸ ਕਰਦੀ ਹੈ, ਕਿਉਂਕਿ ਜੇਕਰ ਜੋੜ ਮਾਜਰਾ ਹਿੰਮਤ ਨਾ ਦਿਖਾਉਂਦੇ ਤਾਂ ਉਸ ਗ਼ਰੀਬ ਘਰ ਦੀ ਬੱਚੀ ਨਾਲ ਨਾ ਜਾਣੇ ਕੀ ਅਣਹੋਣੀ ਹੁੰਦੀ।ਚੀਮਾ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੈ ਫਿਰ ਹਥਿਆਰ ਕਿਉਂ ਨਹੀਂ ਜਮਾ ਕਰਵਾਏ ਜਾ ਰਹੇ।ਚੀਮਾ ਨੇ ਕਿਹਾ ਕਿ ਪੀੜਤ ਲੜਕੀ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਬੇਹੱਦ ਡਰੀ ਅਤੇ ਸਹਿਮੀ ਹੋਈ ਹੈ, ਕਿਉਂਕਿ ਗੁੰਡੇ ਉਸ ਦੇ ਪਿੰਡ ਦੇ ਹੀ ਹਨ ਤੇ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।ਹਰਪਾਲ ਸਿੰਘ ਚੀਮਾ ਨੇ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਦੋਸ਼ੀ ਗੁੰਡਿਆਂ ਨੂੰ ਅਗਲੇ 48 ਘੰਟਿਆਂ ਦੇ ਅੰਦਰ ਅੰਦਰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਪੁਲਸ ਪ੍ਰਸ਼ਾਸਨ ਦੇ ਨੱਕ ‘ਚ ਦਮ ਕਰ ਦੇਵੇਗੀ।
ਚੀਮਾ ਨੇ ਕੈਪਟਨ ਅਮਰਿੰਦਰ ਸਿੰਘ, ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨਾਲ ਸਾਰਜ ਸਿੰਘ ਦਾਸੂਵਾਲ ਦੀਆਂ ਫ਼ੋਟੋਆਂ ਦਿਖਾਉਂਦੇ ਹੋਏ ਕਿਹਾ ਕਿ ਨਸ਼ਾ ਤਸਕਰ ਆਪਣਾ ਕਾਲਾ ਕਾਰੋਬਾਰ ਉਸੇ ਤਰ੍ਹਾਂ ਚਲਾ ਰਹੇ ਹਨ, ਜਿਵੇਂ ਪਿਛਲੀ ਬਾਦਲ ਸਰਕਾਰ ‘ਚ ਚਲਾਉਂਦੇ ਸਨ। 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply