Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, March 22, 2019
ਤਾਜ਼ੀਆਂ ਖ਼ਬਰਾਂ

ਅੱਧੇ ਦਿਨ ਦਾ ਅਫ਼ਸਰ (ਹਾਸ ਵਿਅੰਗ)

             ਨਿਮਾਣਾ ਸਿਹੁੰ ਭਾਵੇਂ ਹੱਡੀਆਂ ਦੀ ਮੁੱਠ ਬਣ ਗਿਆ ਸੀ, ਪਰ ਉਹ ਡਿੱਗਦਾ ਢਹਿੰਦਾ ਸੱਥ ਵਿਚ ਅੱਪੜ ਹੀ ਜਾਂਦਾ।ਜ਼ਬਾਨ ਭਾਵੇਂ ਵਲ ਖਾਣ ਲੱਗ ਪਈ ਸੀ, ਪਰ ਗੱਲਾਂ ਦਾ ਚਸਕਾ ਤੇ ਬੜਬੋਲਾ ਹੋਣ ਕਰਕੇ ਉਹ ਫਿਰ ਵੀ ਅਵਾ-ਤਵਾ ਬੋਲਣ ਤੋਂ ਬਾਜ਼ ਨਹੀਂ ਸੀ ਆਉਂਦਾ।ਥੱਕਿਆ ਟੁੱਟਿਆ ਘਰ ਆਉਂਦਾ, ਡਿਉੜੀ ਵਿਚ ਡੱਠੀ ਢਿਚਕੂੰ-ਢਿਚਕੂੰ ਕਰਦੀ ਮੰਜੀ `ਤੇ ਆਣ ਢੇਰੀ ਹੁੰਦਾ।ਇੱਕ ਰਾਤ ਨਿਮਾਣੇ ਨੂੰ ਸੁਪਣਾ ਆਇਆ ਕਿ ਉਸ ਨੂੰ ਅੱਧੇ ਦਿਨ ਵਾਸਤੇ ਅਫ਼ਸਰੀ ਦਾ ਛੱਜ ਬੰਨ ਦਿੱਤਾ ਗਿਆ।ਉਸ ਦਿਨ ਸ਼੍ਰੀਮਤੀ ਵਲੋਂ ਸਲੇਟੀ ਰੰਗ ਦਾ ਕੋਟ ਪੈਂਟ ਪਵਾ ਕੇ ਭੇਜਿਆ ਅਖੇ ਇਹਦੇ ਨਾਲ ਥੋੜਾ ਜਿਹਾ ਸਿਆਣੇ ਲੱਗੋਗੇ।ਦਫ਼ਤਰ ਪਹੁੰਚਦਿਆਂ ਹੀ ਸੇਵਾਦਾਰਾਂ ਘੱਟੇ ਮਿੱਟੀ ਨਾਲ ਲਿੱਬੜੇ ਹੱਥ ਨਿਮਾਣੇ ਦੇ ਗੋਡਿਆਂ ਨੂੰ ਇਸ ਤਰ੍ਹਾਂ ਲਾਏ ਜਿਵੇਂ ਗੰਜੇ ਦੇ ਸਿਰ ਵਿਚ ਪਟੋਕੀ ਮਾਰੀ ਦੀ ਹੈ।ਨਵੀਂ ਪੈਂਟ ਦਾਗੋ-ਦਾਗ ਕਰ ਦਿੱਤੀ।ਪੈਂਟ `ਤੇ ਪਏ ਦਾਗਾਂ ਵੱਲ ਵੇਖ ਨਿਮਾਣਾ ਇਸ ਤਰ੍ਹਾਂ ਵਿਲਕਿਆ ਜਿਵੇਂ ਮੋਰ ਪੈਲ ਪਾਉਂਦਾ ਆਪਣੇ ਪੈਰਾਂ ਵੱਲ ਵੇਖ ਕੇ ਝੂਰਦਾ।ਜਿਸ ਕੁਰਸੀ ਉਪਰ ਨਿਮਾਣਾ ਰੋਜ਼ ਖੁੱਲ੍ਹਾ- ਡੁੱਲ੍ਹਾ ਬੈਠਦਾ , ਅੱਜ ਉਹ ਵੀ  ਛੋਟੀ ਲੱਗਣ ਲੱਗ ਪਈ। ਚਿਹਰੇ ਤੇ  ਨੂਰ  ਭਖਣ  ਲੱਗਾ।ਕੁਝ  ਸਟਾਫ ਮੈਂਬਰ਼ ਤੇ ਸੇਵਾਦਾਰ ਸਾਭ ਜੀ!ਸਾਭ ਜੀ! ਕਹਿੰਦੇ ਹੱਥ ਜੋੜੀ ਅੱਗੇ ਪਿੱਛੇ ਨਾਗਣ ਡਾਂਸ ਕਰਦੇ ਇਸ ਤਰ੍ਹਾਂ ਚੱਕਰ ਕੱਟਣ ਲੱਗੇ ਜਿਵੇਂ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ।ਆਪਣੇ ਆਪ ਹੀ ਇੱਕ ਸੇਵਾਦਾਰ ਨਿਮਾਣੇ ਦੇ ਮੋਟਰਸਾਈਕਲ ਨੂੰ ਇਸ ਤਰ੍ਹਾਂ ਧੋਣ ਲੱਗ ਪਿਆ ਜਿਵੇਂ ਨਿੱਕੇ ਹੁੰਦਿਆਂ ਬੰਬੀਆਂ `ਤੇ ਡੰਗਰ ਨਹਾਉਂਦੇ ਹੁੰਦੇ ਸੀ।ਭਾਵੇਂ ਉਸ ਨੂੰ ਸਟਾਰਟ ਕਰਨ ਵਾਸਤੇ ਮਕੈਨਿਕ ਸੱਦਣਾ ਪਿਆ, ਪਰ ਫਿਰ ਵੀ ਮੋਟਰਸਾਈਕਲ ਪਟਾਕੇ ਮਾਰਨ ਲੱਗ ਪਿਆ।ਜਿਸ ਕਰਕੇ ਕਈ ਵਾਰ ਨਾਕੇ `ਤੇ ਮਜ਼ਬੂਰੀ ਵੱਸ ਹੱਥ ਵੀ ਜੋੜਨੇ ਪਏ ਕਿਉਂਕਿ ਮੋਟਰਸਾਈਕਲ ਦੇ ਕਾਗਜ਼ ਵੀ ਇਸ ਤਰ੍ਹਾਂ ਭਿੱਜ ਗਏ ਸਨ, ਜਿਵੇਂ ਛੱਪੜ ਵਿੱਚੋਂ ਚੂਹਾ ਗਿੱਲਾ ਹੋ ਕੇ ਨਿਕਲਦਾ ਹੈ।ਕਾਗਜ਼ ਖਰਾਬ ਹੋਣ ਕਾਰਨ ਨਵੇਂ ਬਣਾਉਣ ਕਰਕੇ  ਮੋਟਰਸਾਈਕਲ ਧੁਵਾਉਣਾ ਦੋ ਹਜ਼ਾਰ ਤੋਂ ਟੱਪ ਗਿਆ।

                ਇੱਕ ਮੈਡਮ ਜੀ ਛੁੱਟੀ ਮੰਗਣ ਵਾਸਤੇ ਦੂਰੋਂ ਹੀ ਮੁਸਕਰਾਉਂਦੇ ਆਏ “ਸਰ ਜੀ ਮੈਂ ਤੇ ਉਸ ਮੈਡਮ ਨੇ ਜ਼ਰਾ ਬਜ਼ਾਰ ਜਾਣਾਂ ਬਸ ਆਉਣ ਜਾਣ ਕਰਨਾ ਸਰ ਜੀ! ਅਸੀਂ ਗਈਆਂ ਤੇ ਆਈਆਂ” ਮੈਂ ਕੁੱਝ ਬੋਲਦਾ ਉਹ ਆਪਣੀ ਸਕੂਟੀ `ਤੇ ਸਵਾਰ ਹੋ ਕੇ ਮੇਰੇ ਅੱਗਿਓਂ ਧੂੜ ਉਡਾਉਂਦੀਆ ਛੂ ਮੰਤਰ ਹੋ ਗਈਆਂ।ਫਿਰ ਕੀ ਸੀ ਛੁੱਟੀ ਮੰਗਣ ਵਾਲੇ ਸਾਉਣ ਦੇ ਮਹੀਨੇ ਵਿੱਚ ਨਿਕਲੇ ਡੱਡੂਆਂ ਵਾਂਗ ਆਉੁਣ ਲੱਗੇ।ਅਫ਼ਸਰੀ ਦੇ ਰੋਹਬ ਦਾ ਉਦੋਂ ਹੋਰ ਚਾਨਣ ਹੋਇਆ, ਜਦ ਇੱਕ ਸੇਵਾਦਾਰ ਮਟਕ ਮਟਕ ਚਲਦਾ ਆਵੇ ਜਿਵੇਂ ਕੁੱਕੜ ਗਿੱਲੀਆਂ ਪਾਥੀਆਂ `ਤੇ ਚਲਦਾ। ਉਹ ਬਿਨ ਮੰਗਿਆਂ ਕੋਸੇ ਪਾਣੀ ਨਾਲ ਭਰੇ, ਢੱਕੇ ਚਾਂਦੀ ਵਾਂਗ ਲਿਸ਼ਕਦੇ ਗਲਾਸ ਪੀਣ ਵਾਸਤੇ ਮੇਜ਼ ਦੇ ਉੱਪਰ ਰੱਖ ਗਿਆ।ਨਿਮਾਣਾ ਹੈਰਾਨ ਹੋਇਆ ਕਿ ਪਹਿਲਾਂ ਇਹੋ ਸੇਵਾਦਾਰ ਵਾਰ ਵਾਰ ਮੰਗਣ `ਤੇ ਵੀ ਪਾਣੀ ਨਹੀਂ ਸੀ ਪਿਆਉਂਦੇ ਭਾਵੇਂ ਅਗਲੇ ਦੀ ਪਿਆਸ ਨਾਲ ਜ਼ੁਬਾਨ ਤਾਲੂ ਨਾਲ ਲੱਗ ਜਾਵੇ।ਬੀਤਿਆ ਸਮਾਂ ਯਾਦ ਆਉਂਦਾ ਕਿ ਇਹੋ ਸੇਵਾਦਾਰ  ਪਾਣੀ ਮੰਗਣ `ਤੇ ਟਰੈਫਿਕ ਪੁਲਿਸ ਵਾਂਗ ਰੁਕਣ ਲਈ ਹੱਥ ਦਾ ਇਸ਼ਾਰਾ ਕਰਦੇ-ਕਰਦੇ ਪਾਣੀ ਦੇ ਭਰੇ ਗਲਾਸਾਂ ਦੀ ਟਰੇਅ ਲੈ ਕੇ ਮੇਰੇ ਅਗੋਂ ਸ਼ਤਾਬਦੀ ਗੱਡੀ ਦੀ ਸਪੀਡ ਵਾਂਗ ਨਿਕਲ ਜਾਇਆ ਕਰਦੇ ਸਨ।ਦਫਤਰ ਦੀ ਰਿਮੋਟ ਵਾਲੀ ਬੈਲ ਦੀ ਤਾਕਤ ਵੇਖ ਨਿਮਾਣਾ ਹੱਕਾ ਬੱਕਾ ਰਹਿ ਗਿਆ।ਜਿਹੜੇ ਸੇਵਾਦਾਰ ਆਵਾਜ਼ ਮਾਰਿਆਂ ਅਣਸੁਣਿਆਂ ਕਰਕੇ ਹਵਾ ਦੇ ਬੁੱਲੇ ਵਾਂਗ ਔਹ ਜਾਂਦੇ ਸਨ, ਹੁਣ ਇੱਕ ਦੀ ਬਜ਼ਾਏ ਚਾਰ ਚਾਰ ਕੱਛੁਕੁੰਮੇ ਵਾਂਗ ਆਣ ਸਿਰੀਆਂ ਕੱਢਦੇ।`ਹਾਂਜੀ ਸਰ ਜੀ` ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜੀ ਇਹਨਾਂ ਮਿੱਠਾ ਬੋਲਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਲਾਡ ਲਡਾਉਂਦੀ ਹੋਵੇ। ਵੇਖਦਿਆਂ-ਵੇਖਦਿਆਂ ਪੰਜਾਂ ਸੱਤਾਂ ਸਟਾਫ ਮੈਂਬਰਾਂ ਆਣ ਵਧਾਈਆਂ ਦਿੱਤੀਆਂ ਇੱਕ ਦਿਨ ਦੀ ਅਫ਼ਸਰੀ ਦੀ ਪਾਰਟੀ ਦੇ ਨਾਂ `ਤੇ ਬਟੂਏ ਦੀ ਹਵਾ ਕੱਢ ਕੇ ਮਸ਼ਖਰੀ ਹਾਸਾ ਹੱਸਦੇ ਚਲਦੇ ਬਣੇ।ਇੱਕ ਦਿਨ ਦੀ ਅਫ਼ਸਰੀ ਵਾਲਾ ਘਾਟੇ ਵਾਲਾ ਸੌਦਾ ਲੱਗਣ ਲੱਗਾ।

               ਕੁਰਸੀ ਛੱਡ ਨਿਮਾਣੇ ਨੇ ਰਾਊਂਡ ਲਗਾਉਣਾ ਠੀਕ ਸਮਝਿਆ।ਪਾਰਕ ਵਿੱਚ ਕੁੱਝ ਸਟਾਫ ਮੈਂਬਰ ਬੈਠੇ ਸ਼ਾਇਦ ਬਾਰ੍ਹੀਂ ਸਾਲੀਂ ਰੂੜੀ ਦੀ ਵੀ ਸੁਣੀ ਜਾਂਦੀ, ਵਰਗੀਆਂ ਗੱਲਾਂ ਕਰਕੇ ਆਪਣਾ ਮਨ ਹੌਲਾ ਕਰ ਰਹੇ ਸਨ।”ਆਓ ਨਿਮਾਣਾ ਸਿਹੁੰ ਜੀ ਤੁਹਾਨੂੰ ਯਾਦ ਕਰ ਰਹੇਂ ਸਾਂ, ਬੜੀ ਵੱਡੀ ਉਮਰ ਹੈ ਤੁਹਾਡੀ।ਆਓ ਬੈਠੋ, ਸਾਰਿਆਂ ਨੇ ਕੁਰਸੀਆਂ ਛੱਡਦਿਆਂ ਆਪੋ ਆਪਣੀ ਕੁਰਸੀ ਦੀ ਪੇਸ਼ਕਸ਼ ਕਰਦਿਆਂ ਆਓ ਜੀ, ਆਓ ਜੀ ਨਾਲ ਝੂਠਾ ਜਿਹਾ ਮਾਣ ਸਤਿਕਾਰ ਬਖਸ਼ਿਆ।ਉਹਨਾਂ ਦੀ ਅਵਾਜ਼ ਹੀ ਦੱਸ ਰਹੀ ਸੀ ਕਿ ਇਹ ਭਰੇ ਪੀਤੇ ਬੱਧੇ-ਰੱਤੇ ਵਿਖਾਵਾ ਕਰ ਰਹੇ ਹਨ।ਨਿਮਾਣਾ ਸੋਚਦਾ ਇਹ `ਤੇ ਮੈਨੂੰ ਧੱਕਾ ਮਾਰ ਕੇ ਕੁਰਸੀ ਤੋਂ ਉਠਾ ਕੇ ਮੇਰੀ ਕੁਰਸੀ ਮੱਲ ਲੈਂਦੇ ਸਨ, ਅੱਜ ਇਹਨਾਂ ਨੂੰ ਕੀ ਹੋ ਗਿਆ? ਨਿਮਾਣਾ ਸਮਝ ਗਿਆ ਕਿ ਗਾਂਧੀ ਵਾਲਾ ਨੋਟ ਹੁਣ ਇਥੇ ਵੀ ਗਿਆ।ਨਿਮਾਣਾ ਮਾਂਹ ਦੇ ਆਟੇ ਵਾਂਗ ਆਕੜਿਆ ਧੌਣ ਅਕੜਾ ਕੇ ਇਸ ਤਰ੍ਹਾਂ ਫਿਰੇ ਜਿਵੇਂ ਵਿਆਹ ਵਾਲੇ ਘਰ ਵਿਚ ਸ਼ਰਾਬ ਦੀਆਂ ਪੇਟੀਆਂ ਸਾਂਭਣ ਵਾਲਾ ਫਿਰਦਾ।ਕੰਟੀਨ ਵਾਲਾ ਦੂਰੋਂ ਵੇਖ ਕੇ ਹੱਥ ਜੋੜੀ ਜਾਵੇ ਅਖੇ ਆਓ ਸਰ ਜੀ, ਕੀ ਸੇਵਾ ਕਰੀਏ ਹੁਕਮ ਕਰੋ ਜੀ।ਚਾਰ ਚਾਰ ਸੁਨੇਹੇ ਭੇਜਣ `ਤੇ ਵੀ ਅਮਲੀ ਦੇ ਲਹੂ ਵਰਗੀ ਚਾਹ ਨਾ ਭੇਜਣ ਵਾਲਾ ਅੱਜ ਕੌਫੀ ਦਾ ਕੱਪ ਲੈ ਕੇ ਆਪ ਹੱਥ ਜੋੜੀ ਸੜਕ `ਤੇ ਗੱਡੇ ਮੀਲ ਪੱਥਰ ਵਾਂਗ ਖੜਾ ਸੀ।ਘਰੋਂ ਸ੍ਰੀਮਤੀ ਦਾ ਫੋਨ ਆਇਆ ਕਿ ਤੁਹਾਡੇ ਦੋ ਸੇਵਾਦਾਰ ਘਰ ਆਏ ਨੇ ਕਹਿੰਦੇ ਸਾਭ ਜੀ ਨੇ ਭੇਜਿਆ ਕੋਈ ਘਰਦਾ ਕੰਮ ਕਰਨ ਬਾਰੇ ਕਹਿ ਰਹੇ ਸੀ।ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਜਿਵੇਂ ਅੱਜ ਸੂਰਜ ਪੱਛਮ ਤੋਂ ਨਿਕਲ ਆਇਆ ਹੋਵੇ।ਸ੍ਰੀਮਤੀ ਜੀ ਨੇ ਨਿਮਾਣੇ ਦੇ ਖਿਆਲਾਂ ਦੀ ਲੜੀ ਨੂੰ ਤੋੜਦਿਆਂ ਫਿਰ ਕਿਹਾ, ਇਹ ਤਾਂ ਵਾਰ ਵਾਰ ਮਨਾਂ ਕਰਨ `ਤੇ ਵੀ ਮੇਰੀ ਜਾਨ ਖਾਈ ਜਾਂਦੈ, ਅਖੇ ਘਰ ਦਾ ਕੋਈ ਵੀ ਕੰਮ ਦੱਸੋ।`ਚੱਲ ਫਿਰ ਛੱਤਾਂ ਨਾਲ ਲੱਗਾ ਜਾਲਾ ਹੀ ਲੁਹਾ ਲੈ, ਪਰ ਇਹਨਾਂ ਵਿਚਾਰਿਆਂ ਨੂੰ ਪਹਿਲਾਂ ਚਾਹ ਪਾਣੀ ਜ਼ਰੂਰ ਪਿਆਈਂ ਠੰਢ ਐ।`ਛੁੱਟੀ ਤੋਂ ਬਾਅਦ ਜਦ ਘਰ ਪਹੁੰਚਿਆ ਤਾਂ ਘਰ ਦਾ ਸਮਾਨ ਇਸ ਤਰ੍ਹਾਂ ਖਿਲਰਿਆ ਪਿਆ ਸੀ, ਜਿਵੇਂ ਘਰਦਿਆਂ ਦੀ ਗੈਰਹਾਜ਼ਰੀ ਵਿਚ ਕਿਸੇ ਨੇ ਘਰ ਦੀ ਫਰੋਲਾ ਫਰਾਲੀ ਕੀਤੀ ਹੋਵੇ।ਸੇਵਾਦਾਰ ਹੱਥ ਮੂੰਹ ਧੋਅ ਰਹੇ ਸਨ।ਨਿਮਾਣਾ ਕੁੱਝ ਬੋਲਦਾ, ਉਹ ਪਹਿਲਾਂ ਬੋਲ ਪਏ `ਸਾਨੂੰ ਜ਼ਰੂਰੀ ਕੰਮ ਯਾਦ ਆ ਗਿਆ ਅਸੀਂ ਚੱਲੇ ਹਾਂ।
            `ਉਹਨਾਂ ਦੀ ਬੋਲਣੀ ਹੀ ਦਸ ਰਹੀ ਸੀ ਕਿ ਜਿਵੇਂ ਉਹਨਾਂ ਨੂੰ ਨਿਮਾਣੇ ਦੀ ਅਫ਼ਸਰੀ ਦੇ ਖਤਮ ਹੋਣ ਦਾ ਪਤਾ  ਲੱਗ ਗਿਆ ਹੋਵੇ।ਉਹਨਾਂ ਵੱਲੋਂ ਘਰ ਦੇ ਸਮਾਨ ਦਾ ਵਿਹੜੇ ਵਿਚ ਪਾਇਆ ਖਿਲਾਰਾ ਇਸ ਤਰ੍ਹਾਂ ਲੱਗਦਾ ਜਿਵੇਂ ਦਿਨ ਤਿਉਹਾਰ ਤੇ ਦੁਕਾਨਦਾਰਾਂ ਬਜ਼ਾਰਾਂ ਵਿੱਚ ਸਮਾਨ ਰੱਖਿਆ ਹੁੰਦਾ।ਜਾਂਦੇ ਸੇਵਾਦਾਰਾਂ ਨੂੰ ਥੋੜੀ ਉੱਚੀ ਆਵਾਜ਼ ਵਿਚ ਮਾਰ ਬੈਠਾ।ਇਹਨੇ ਵਿੱਚ ਸ੍ਰੀਮਤੀ ਨੇ ਮੇਰੇ ਸੁੱਤੇ ਪਏ ਦੀ ਮੂੰਹ ਤੋਂ ਆਣ ਚਾਦਰ ਖਿੱਚੀ।ਮਸ਼ੀਨ ਗੰਨ ਵਾਂਗ ਤੜ ਤੜ ਕਰਦਿਆਂ ਕੜਵੇ ਬੋਲਾਂ ਦੀ ਬੁਛਾੜ ਕਰਨੀ ਸ਼਼ੁਰੂ ਕਰ ਦਿੱਤੀ।ਅਖੇ ਜਦੋਂ ਦਾ ਮੇਰੇ ਮਾਪਿਆਂ ਮੈਨੂੰ ਇਹਦੇ ਝੱਲੇ ਜਿਹੇ ਦੇ ਲੜ ਲਾਇਆ, ਨੀਂਦ ਵਿਚ ਬੁੜਬੁੜ ਕਰਨ ਦੀ ਇਹਦੀ ਆਦਤ ਨਹੀਂ ਗਈ।ਸਭ ਦੁਨੀਆਂ ਆਪਣੇ ਕੰਮ ਧੰਦੇ ਵਿੱਚ ਲੱਗੀ ਪਈ ਆ, ਇਹ ਖੌਰੇ ਨੀਂਦ ਵਿਚ ਬੁੱਢੇ ਵਾਰੇ ਕਿਹੜਾ ਕਾਰੋਬਾਰ ਚਲਾ ਰਿਹਾ।ਜਾਓ ਤੇ ਜਾ ਕੇ ਬੱਚਿਆਂ ਨੂੰ ਸੜ੍ਹਕ ਪਾਰ ਕਰਾ ਕੇ ਆਓ, ਸਕੂਲ ਵੈਨ ਆਉਣ ਵਾਲੀ ਆ।ਨਿਮਾਣਾ ਅੰਦਰੋ ਅੰਦਰੀ ਆਪਣੀ ਪਤਨੀ ਨੂੰ ਕੋਸਦਾ ਕਿ ਭਾਗਵਾਨੇ! ਜੇ ਤੂੰ ਮੈਨੂੰ ਕਦੇ ਜਾਗਦੇ ਨੂੰ ਬੋਲਣ ਦਿੱਤਾ ਹੁੰਦਾ, ਤਾਂ ਮੈਂ ਸੁੱਤਾ ਪਿਆ ਕਿਉਂ ਬੋਲਦਾ? ਮੈਨੂੰ ਆ ਰਿਹਾ ਰੰਗਲਾ ਸੁਪਨਾ ਵੀ ਲੱਗਦਾ ਤੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ।ਹਾਂ, ਨਿਮਾਣੇ ਨੂੰ ਇਹ ਅਹਿਸਾਸ ਜ਼ਰੂਰ ਹੋ ਗਿਆ ਕਿ ਜਿਸ ਬੰਦੇ ਕੋਲ ਅਹੁੱਦੇ ਦੀ ਤਾਕਤ ਹੁੰਦੀ, ਲੋਕ ਪਰਛਾਵੇਂ ਵਾਂਗ ਉਸਦੇ ਨਾਲ-ਨਾਲ ਰਹਿੰਦੇ ਜਿਵੇਂ ਲਾੜ੍ਹੇ ਨਾਲ ਚਾਰ ਪੰਜ ਬਰਾਤੀ।ਤਾਕਤ ਖੁੱਸ ਜਾਣ `ਤੇ ਉਹੀ ਲੋਕ ਇਸ ਤਰ੍ਹਾਂ ਦੂਰੀ ਬਣਾ ਲੈਂਦੇ ਜਿਵੇਂ ਪਲੇਗ ਵਾਲੇੇ ਮਰੀਜ ਕੋਲੋਂ ਉਸ ਦੇ ਨਜ਼ਦੀਕੀ—-।
SUkhbir Khurmanian

 

ਸੁਖਬੀਰ ਸਿੰਘ ਖੁਰਮਣੀਆਂ
ਕਿਰਨ ਕਲੋਨੀ ਬਾਈਪਾਸ ਗੁਮਟਾਲਾ,
ਅੰਮ੍ਰਿਤਸਰ। 143002
ਮੋ- 9855512677

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>