Wednesday, March 29, 2023

ਬਿਗਲ ਚੋਣਾਂ ਦਾ…

ਨੇਤਾ ਮੀਡੀਏ ਦੇ ਵਿੱਚ ਗੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।

ਹੈ ਉਹਨੂੰ ਯਾਦ ਲੋਕਾਂ ਦੀ ਆਈ,
ਮਸਲੇ ਲੱਗ ਪਏ ਦੇਣ ਦਿਖਾਈ,
ਫਿਰਦਾ ਘਰ-ਘਰ ਦੇ ਵਿੱਚ ਭੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।…

ਆਖੇ ਵਾਰਦੂੰ ਕਤਰਾ-ਕਤਰਾ,
ਰੌਲਾ ਪਾਈ ਜਾਏ ਦੇਸ਼ ਨੂੰ ਖਤਰਾ,
ਚੋਹਲਾ ਦੇਸ਼ ਪਿਆਰ ਦਾ ਸੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।…

ਭਾਈ ਨੂੰ ਭਾਈ ਦੇ ਨਾਲ ਲੜਾਇਆ,
ਦਹਿਸ਼ਤ ਦਾ ਹੈ ਮਾਹੌਲ ਬਣਾਇਆ,
ਕਰਾਏ ਦੰਗੇ ਨਾ ਕਦੇ ਲੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।…

ਦੇਸ਼ ਦੇ ਕਿਰਤੀ ਅਤੇ ਕਿਸਾਨ,
ਇਕਦਮ ਬਣ ਗਏ ਬਹੁਤ ਮਹਾਨ,
ਬੇਰੁਜ਼ਗਾਰਾਂ ਨੂੰ ਦਿੱਤੀ ਤਵੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।…

ਬਾਹਲੇ ਹੀ ਸਬਜ਼-ਬਾਗ਼ ਵਿਖਾਏ,
ਐਪਰ ਹੁਣ ਨਾ ਗੱਲਾਂ `ਚ ਆਏ,
ਕੂੜ ਨਾਲ ਸੱਚ ਨਾ ਜਾਏ ਕੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।”

ਤਾਜ਼ ਕਿਸੇ ਕਿਰਤੀ ਦੇ ਸਿਰ ਧਰੀਏ,
ਖਾਬ ਅਸੀਂ ਸ਼ਹੀਦਾਂ ਦੇ ਪੂਰੇ ਕਰੀਏ,
ਫਿਰ ਹਰ ਭੁੱਖਾ ਢਿੱਡ ਹੋਊ ਰੱਜਿਆ ।
ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।…
Gurpreet-Rangilpur1

 

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ – 98552 07071

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …

Leave a Reply