Tuesday, March 19, 2024

ਖਾਲਸੇ ਦਾ ਹੋਲਾ

            Gatkaਭਾਰਤ ਵਰਸ਼ ਦੇ ਅਨੇਕਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੋਲੀ ਹੈ, ਜੋ ਕਿ ਫੱਗਣ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਈ ਜਾਂਦੀ ਸੀ।ਹੋਲੀ ਪ੍ਰੇਮ ਪਿਆਰ, ਭਾਈਚਾਰੇ, ਖੁਸ਼ੀਆਂ ਤੇ ਰੰਗਾਂ ਦਾ ਤਿਉਹਾਰ ਹੇੈ, ਜਿਸ  ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ।ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਵਿੱਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਤੇ ਹੋਲੀ ਦਾ ਬਦਲ, ‘ਹੋਲਾ ਮਹੱਲਾ’ ਦਿੱਤਾ।
ਖ਼ਾਲਸਾ ਸਾਜਣ ਮਗਰੋ ਕਲਗੀਧਰ ਪਾਤਿਸ਼ਾਹ ਨੇ ਸੰਮਤ 1757 ਚੇਤਰ ਵਦੀ ਏਕਮ ਨੂੰ ਇਕ ਨਵਾਂ ਸਥਾਨ ਹੋਲਗੜ੍ਹ ਰਚ ਕੇ ਹੋਲਾ ਮਹੱਲਾ ਖੇਡਣ ਦੀ ਬੀਤ ਚਲਾਈ।ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮ ਕਾਂਡਾਂ ਦੀ ਅੱਗ ਵਿਚੋਂ ਕੱਢ ਕੇ ਗੁਲਾਮੀ ਦੇ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਇਸ ਤਿਉਹਾਰ ਦਾ ਨਾਮ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਰੱਖਿਆ।ਸਿੱਖਾਂ ਵਿਚ ਇਹ ਭਾਵਨਾ ਬਣਾਈ ਰੱਖਣ ਲਈ ਤੇ ਯੁੱਧ-ਵਿਦਿਆ ਦੇ ਅਭਿਆਸ ਨੂੰ ਜਾਰੀ ਰੱਖਣ ਲਈ ਪੰਥ `ਚ ‘ਹੋਲਾ ਮਹੱਲਾ’ ਮਨਾਉਣ ਦੀ ਰੀਤ ਤੋਰੀ।
           ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੋਲਾ ਮਹੱਲਾ ਇਕ ਬਨਾਵਟੀ ਹੱਲਾ ਹੁੰਦਾ ਸੀ, ਜਿਸ ਵਿਚ ਪੈਦਲ ਤੇ ਸਵਾਰ ਸ਼ਸਤਰਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇਕ ਖਾਸ ਥਾਂ `ਤੇ ਹਮਲਾ ਕਰਦੇ ਹਨ।ਭਾਈ ਵੀਰ ਸਿੰਘ ਅਨੁਸਾਰ ਮਹੱਲਾ ਸ਼ਬਦ ਤੋਂ ਭਾਵ ਹੈ ‘ਮਯ ਹੱਲਾ’ ਭਾਵ ਬਨਾਵਟੀ ਹਮਲਾ।ਦੋ ਜਥੇ ਬਣਾ ਕੇ ਇਕ ਨੂੰ ਹੋਲਗੜ੍ਹ `ਤੇ ਕਬਜ਼ਾ ਕਰਕੇ ਮੋਰਚਾ ਕਾਇਮ ਕਰਨ ਲਈ ਕਹਿ ਦਿੱਤਾ ਜਾਂਦਾ ਸੀ।ਦੂਸਰੇ ਜਥੇ ਨੇ ਹੋਲ ਗੜ੍ਹ `ਤੇ ਚੜ੍ਹਾਈ ਕਰਨੀ ਹੰੁਦੀ ਸੀ।ਡੇਢ ਪਹਿਰ ਦੋਹਾਂ ਪਾਸਿਆਂ ਤੋਂ ਘਮਸਾਣ ਯੁੱਧ ਹੰੁਦਾ।ਤੀਰ ਤੇ ਗੋਲੀ ਚਲਾਉਣ ਦੀ ਮਨਾਹੀ ਸੀ, ਕਿਉਂਕਿ ਦੋਵੇਂ ਪਾਸੇ ਖਾਲਸਈ ਫੌਜਾਂ ਸਨ।ਦੋਹਾਂ ਫੌਜਾਂ ਵਿੱਚ ਅੰਤਰ ਰੱਖਣ ਲਈ ਹੋਲਗੜ੍ਹ ਤੇ ਕਾਬਜ਼ ਜੱਥੇ ਦੇ ਬਸਤਰ ਚਿੱਟੇ ਤੇ ਦੂਸਰੇ ਦਲ ਦੇ ਹਲਕੇ ਕੇਸਰੀ ਰੰਗ ਦੇ ਹੰੁਦੇ।ਅੰਤ ਬੜੇ ਯਤਨਾਂ ਤੇ ਲੜਾਈ ਦੇ ਦਾਅ ਪੇਚਾਂ ਅਨੁਸਾਰ ਅੱਗੇ ਵਧਦੀ ਹੋਈ ਕੇਸਰੀ ਪੁਸ਼ਾਕਿਆਂ ਵਾਲੀ ਸੈਨਾ ਨੇ ਹੋਲਗੜ੍ਹ ਤੇ ਕਬਜ਼ਾ ਕਰ ਲਿਆ। ਸਿੰਘਾਂ ਅੰਦਰ ਚੜ੍ਹਦੀ ਕਲਾ ਦੀ ਭਾਵਨਾ ਕਾਇਮ ਰੱਖਣ ਅਤੇ ਯੁੱਧ ਵਿਦਿਆ ਦੇ ਅਭਿਆਸ ਨੂੰ ਚਾਲੂ ਰੱਖਣ ਲਈ ਗੁਰੂ ਸਾਹਿਬ ਨੇ ਹੋਲੇ ਮਹੱਲਾ ਮਨਾਉਣ ਦੀ ਪਿਰਤ ਸ਼ੁਰੂ ਕੀਤੀ, ਜਿਸ ਦਾ ਹੋਲੀ ਨਾਲ ਕੋਈ ਸੰਬੰਧ ਨਹੀ ਸੀ।
            ਅਨੰਦਪੁਰ ਸਾਹਿਬ ਤੋਂ ਛੁੱਟ ਸ੍ਰੀ ਅੰਮਿ੍ਰਤਸਰ ਵਿਚ ਵੀ ਨਿਸ਼ਾਨ ਸਾਹਿਬ ਦੀ ਤਾਬਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹੱਲਾ ਚੜ੍ਹਦਾ ਹੈ, ਜੋ ਸਾਰੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਬੁਰਜ਼ ਬਾਬਾ ਫੂਲਾ ਸਿੰਘ `ਚ ਸਮਾਪਤ ਹੰੁਦਾ ਹੈ।ਇਸ ਮਹੱਲੇ ਵਿਚ ਕਈ ਪ੍ਰਕਾਰ ਦੇ ਸਰੀਰਕ ਕਰੱਤਬ ਦਿਖਾਉਣ ਵਾਲੇ ਜਥੇ ਤੇ ਘੋੜ ਸਵਾਰ ਨਿਹੰਗ ਗੱਤਕਾ ਪਾਰਟੀਆਂ ਤੇ ਬੈਂਡ ਬਾਜ਼ੇ ਸ਼ਾਮਲ ਹੰੁਦੇ ਹਨ।ਇਸ ਤੋਂ ਛੁੱਟ ਸਥਾਨਕ ਤੌਰ `ਤੇ ਸ਼ਹਿਰਾਂ ਨਗਰਾਂ ਤੇ ਪਿੰਡਾਂ ਵਿੱਚ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਹੋਲਾ ਮੁਹੱਲਾ ਖਾਲਸੇ ਦੀ ਸਦਾ ਚੜ੍ਹਦੀ ਕਲਾ `ਚ ਰਹਿਣ ਦੀ ਨਿਸ਼ਾਨੀ ਹੈ।ਵੈਸੇ ਤਾਂ ਸਿੱਖ ਕੌਮ `ਤੇ ਬੜੇ ਝੱਖੜ ਝੁੱਲੇ ਹਨ।ਉਸ ਨੂੰ ਕਰੜਿਆਂ ਇਮਤਿਹਾਨਾਂ ਵਿਚੋਂ ਲੰਘਣਾ ਪਿਆ ਹੈ, ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ।ਉਸ ਨੂੰ ਸਵੈਮਾਨ ਕਾਇਮ ਰੱਖਣ ਲਈ ਬੜੀਆਂ ਕੀਮਤਾਂ ਤਾਰਨੀਆਂ ਪਈਆਂ।ਫਾਂਸੀਆਂ, ਕੈਦਾਂ, ਦੇਸ਼ ਨਿਕਾਲਿਆਂ ਤੋਂ ਛੁੱਟ ਗੋਲਿਆਂ ਤੇ ਡਾਂਗਾਂ ਦੀਆਂ ਮਾਰਾਂ ਵੀ ਖਾਧੀਆਂ।ਜਲ੍ਹਿਆਂਵਾਲਾ ਬਾਗ, ਨਨਕਾਣਾ ਸਾਹਿਬ, ਪੰਜਾ ਸਾਹਿਬ, ਜੈਤੋਂ, ਗੁਰੂ ਕੇ ਬਾਗ ਦੇ ਮੋਰਚੇ ਹੋਣ ਜਾਂ ਪੰਜਾਬੀ ਸੂਬੇ ਅਥਵਾ ਧਰਮ ਯੁੱਧ ਜਿਹੇ ਮੋਰਚੇ, ਸਿੱਖਾਂ ਨੇ ਸਦਾ ਹੀ ਬੀਰਤਾ ਦੇ ਜੌਹਰ ਦਿਖਾਏ ਹਨ।ਨੰਗੇ ਧੜ ਮੈਦਾਨ ਵਿਚ ਨਿੱਤਰੇ ਹਨ, ਸਿਰ ਤਲੀ `ਤੇ ਰੱਖ ਕੇ ਲੜੇ ਹਨ, ਬੰਦ ਬੰਦ ਕਟਵਾਏ ਹਨ, ਚਰਖੜੀਆਂ `ਤੇ ਚੜ੍ਹੇ ਹਨ, ਪਰ ਸਦਾ ਹਿੱਕਾਂ ਵਿਚ ਗੋਲੀਆਂ ਖਾਧੀਆਂ ਹਨ।
 ਇਸ ਸਬੰਧ `ਚ ਪੰਥਕ ਕਵੀ ਪਿਆਰਾ ਸਿੰਘ ‘ਨਿਰਛਲ’ ਦੀ ਇਕ ਲੰਮੀ ਕਵਿਤਾ ‘ਖੂਨ ਦੀਆਂ ਹੋਲੀਆਂ’ ਵਿਚੋਂ ਕੁੱਝ ਸਤਰਾਂ ਪੜ੍ਹਨ ਯੋਗ ਹਨ:-

ਬੀਰਤਾ ਦੇ ਜੌਹਰ ਦੱਸੇ, ਵਾਂਗ ਪਰਵਾਨਿਆਂ ਦੇ,
ਨਿੱਤਰੇ ਮੈਦਾਨ ਵਿਚ, ਬਣ ਬਣ ਟੋਲੀਆਂ।
ਬੜੇ ਬੜੇ ਝੱਖੜ ਤੁਫਾਨ ਝੁੱਲੇ ਇਨ੍ਹਾਂ ਉਤੇ,
ਸਿਰ ਧਰ ਤਲੀ ਉਤੇ ਪਾਈਆਂ ਇਨ੍ਹਾਂ ਬੇਲੀਆਂ।
ਬੰਦ ਬੰਦ ਕੱਟੇ ਭਾਵੇਂ, ਚੜ੍ਹ ਗਏ ਉਹ ਚਰਖੀਆਂ `ਤੇ
ਖੇਡਦੇ ਰਹੇ ਹੱਸ ਹੱਸ, ਖੂਨ ਵਿਚ ਹੋਲੀਆਂ।
ਹਿੱਕ ਤਾਣ ਸਾਹਵੇਂ ‘ਨਿਰਛਲ’ ਮੌਤ ਦੇ ਖਲੋਂਦੇ ਰਹੇ
ਪਿੱਠ `ਤੇ ਨਹੀਂ, ਸੀਨੇ ਵਿਚ ਖਾਧੀਆਂ ਨੇ ਗੋਲੀਆਂ।

     ਜਿਸ ਦੌਰ ਵਿਚੋਂ ਸਿੱਖ ਕੌਮ ਇਸ ਸਮੇਂ ਲੰਘ ਰਹੀ ਹੈ, ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਰਾਹ `ਤੇ ਚੱਲਿਆਂ ਹੀ ਬਚਾਅ ਹੋਣਾ ਹੈ।ਸਿੱਖੀ ਜੀਵਨ ਅਸਲੀ ਅਰਥਾਂ ਵਿਚ ਜੀਵਿਆਂ ਹੀ, ਇਨ੍ਹਾਂ ਔਕੜਾਂ ਤੋਂ ਛੁਟਕਾਰਾ ਮਿਲਣਾ ਹੈ।
     

ACD Systems Digital Imaging

 

 

 

ਅਵਤਾਰ ਸਿੰਘ ਕੈਂਥ
ਬਠਿੰਡਾ।
ਮੋ- 9356200120
E Mail:- avtarsinghkainth@gmail.com

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply