Tuesday, March 19, 2024

ਕਾਮਿਆਂ ਨੇ ਢਾਹ ਲੈਣਾ… (ਗੀਤ)

ਪਾਟੀਆਂ ਬਿਆਈਆਂ ਨਾਲ ਲਹੂ-ਭਿੱਜੇ ਪੈਰਾਂ ਨਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ।

ਆਏ ਦਿਨ ਲੋਕਾਂ ਦਿਆਂ ਹੱਕਾਂ ਉਤੇ ਡਾਕੇ ਮਾਰੇ,
ਮਹਿਲਾਂ ਵਿੱਚ ਵਾਧੇ ਕਰੇ ਢਾਹੀ ਜਾਏ ਕੱਚੇ ਢਾਰੇ।
ਲੋਕ ਮਾਰੂ ਨੀਤੀਆਂ ਨੇ ਕਰ ਦਿੱਤਾ ਹੈ ਕੰਗਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ।

ਕੁੱਲ੍ਹੀ, ਗੁੱਲ੍ਹੀ, ਜੁੱਲ੍ਹੀ ਲਈ ਹੀ ਲੱਗ ਜਾਂਦੀ ਪੂਰੀ ਵਾਹ ਹੈ,
ਜਵਾਨੀ ਤੇ ਕਿਸਾਨੀ ਪਈ ਖੁਦਕੁਸ਼ੀ ਦੇ ਕੁਰਾਹ ਹੈ।
ਤੰਗੀਆਂ-ਤੁਰਸ਼ੀਆਂ ਨੇ ਕਰਜ਼ਾਈ ਕੀਤਾ ਵਾਲ-ਵਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ।

ਟੱਬਰ ਦੇ ਨਾਲ ਕੋਈ ਦਿਨ ਨਹੀਂ ਮਨਾਇਆ ਕਦੇ,
ਫਿਰ ਵੀ ਬੱਚੇ ਦੇ ਮੂੰਹ ਨੂੰ ਫਲ਼ ਨਹੀਂਉ ਲਾਇਆ ਕਦੇ।
ਝੂਠ ਹੈ ਫਰੇਬ ਹੈ ਵਿਕਾਸ ਵਾਲਾ ਮਾਇਆ-ਜਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ।

ਬੁੱਤ ਤੋੜਨੇ ਆ ਕੀ ? ਸੂਲੀ `ਤੇ ਚੜਾਇਆ ਸਦਾ,
ਐਪਰ ਇਤਿਹਾਸ ਦੱਸੇ ਚਾਨਣ ਫੁੱਟ ਆਇਆ ਸਦਾ।
ਦੇਣੀ ਕੁਰਬਾਨੀ ਪਈ ਤਾਂ ਪੈਦਾ ਕਰਾਂਗੇ ਮਿਸਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ।

ਦਲਿਤਾਂ ਤੇ ਔਰਤਾਂ ਨੂੰ ਨਰਕ `ਚੋਂ ਕੱਢਣਾ ਹੈ,
ਝੰਡਾ ਏਕੇ ਨਾਲ ਉਹਦੀ ਹਿੱਕ ਵਿੱਚ ਗੱਡਣਾ ਹੈ।
ਲਾਮਬੰਦ ਹੋ ਕੇ ਅਸੀਂ ਚੁੱਕ ਲਈ ਹੈ ਮਸ਼ਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਹਰ ਹਾਲ।

ਪਾਟੀਆਂ ਬਿਆਈਆਂ ਨਾਲ ਲਹੂ-ਭਿੱਜੇ ਪੈਰਾਂ ਨਾਲ,
ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ।

Rangilpur

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ. 98552 07071

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply