Thursday, March 28, 2024

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਡਾਂਸ ਦੀ ਜ਼ੋਰਦਾਰ ਨਿਖੇਧੀ

ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਨਟਿਆਗੋ `ਚ ਭਾਰਤੀ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਮੂਲ Sirsa Manjinderਮੰਤਰ ’ਤੇ ਡਾਂਸ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਇਸ ਡਾਂਸ ਦੀ ਆਪਣੀ ਫੇਸਬੁੱਕ ਤੇ ਟਵੀਟਰ ਤੋਂ ਪੋਸਟ ਤੁਰੰਤ ਹਟਾਉਣ ਅਤੇ ਇਸ ਬਜ਼ਰ ਗਲਤੀ ਲਈ ਜਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਤੇ ਵਿਸ਼ਵ ਭਰ ਵਿਚ ਰੋਹ ਫੈਲਾਇਆ ਹੈ, ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਤੁਰੰਤ ਸਖ਼ਤ ਕਾਰਵਾਈ ਦੀਆਂ ਹਦਾਇਤਾਂ ਜਾਰੀ ਕਰਨ।
    ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਰ ਧਰਮ ਵਿਚ ਕੁੱਝ ਰਵਾਇਤਾਂ ਮਨ ਨਾਲ ਮਨੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਸਿੱਖ ਧਰਮ ਵਿਚ ਗੁਰਬਾਣੀ ਨੂੰ ਸਰਵ ਉਚ ਸਤਿਕਾਰ ਦਿੱਤਾ ਜਾਂਦਾ ਹੈ।ਉਹਨਾਂ ਕਿਹਾ ਕਿ ਉਹਨਾਂ ਤੇ ਸਿੱਖ ਧਰਮ ਦੇ ਲੱਖਾਂ ਮੈਂਬਰਾਂ ਦੇ ਹਿਰਦੇ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਉਹ ਵੀਡੀਓ ਵੇਖ ਕੇ ਡੂੰਘੀ ਸੱਟ ਵੱਜੀ ਹੈ।ਜਿਸ ਵਿਚ ਇਕ ਕਲਾਸਿਕਲ ਡਾਂਸਰ ਵੱਲੋਂ ਮੂਲ ਮੰਤਰ ’ਤੇ ਡਾਂਸ ਕੀਤਾ ਜਾ ਰਿਹਾ ਹੈ।ਇਹ ਡਾਂਸ ਭਾਰਤ ਦੇ ਰਾਸ਼ਟਰਪਤੀ ਦੇ ਸਨਮਾਨ ਵਿਚ ਸੈਨਟਿਆਗੋ ਵਿਚ ਭਾਰਤੀ ਭਾਈਚਾਰੇ ਤੇ ਭਾਰਤ ਦੇ ਦੋਸਤਾਂ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਗਿਆ।ਸਿਰਸਾ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਤੇ ਸੰਤਾਂ ਮਹਾਂਪੁਰਖਾਂ ਵੱਲੋਂ ਰਚੀ ਗੁਰਬਾਣੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਤਾਂ ਜੋ ਮਨੁੱਖਤਾ ਨੂੰ ਇਕ ਪਰਮਾਤਮਾ ਤੇ ਉਸ ਵੱਲੋਂ ਰਚੀ ਸ੍ਰਿਸ਼ਟੀ ਦੀ ਜਾਣਕਾਰੀ ਦਿੱਤੀ ਜਾ ਸਕੀ।ਉਹਨਾਂ ਕਿਹਾ ਕਿ ਪਵਿੱਤਰ ਗੁਰਬਾਣੀ ’ਤੇ ਡਾਂਸ ਦਾ ਆਯੋਜਨ ਕਰ ਕੇ ਆਯੋਜਕਾਂ ਨੇ ਬੱਜ਼ਰ ਗੁਨਾਹ ਕੀਤਾ ਹੈ ਤੇ ਨਾ ਸਿਰਫ ਸਿੱਖ ਭਾਈਚਾਰੇ ਬਲਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕਿ ਪਰਮਾਤਮਾ ਇੱਕ ਹੈ ਤੇ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ, ਵਿੱਚ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
    ਇਸ ਪ੍ਰੋਗਰਾਮ ਦੀ ਸਭਿਆਚਾਰਕ ਕਮੇਟੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਨਾਲ ਸਾਡੇ ਰਾਸ਼ਟਰਪਤੀ ਦੇ ਪ੍ਰੋਟੋਕੋਲ ਇੰਚਾਰਜ ’ਤੇ ਵੀ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਉਹ ਮੂਲ ਮੰਤਰ ਨਾਲ ਸਬੰਧਤ ਪਵਿੱਤਰ ਰਸਮ ਤੋਂ ਜਾਣੂ ਨਹੀਂ ਸਨ?
    ਰਾਸ਼ਟਰਪਤੀ ਦਫਤਰ ਨੂੰ ਇਹ ਵੀਡੀਓ ਟਵੀਟਰ ਤੇ ਫੇਸਬੁੱਕ ਤੋਂ ਤੁਰੰਤ ਹਟਾਉਣ ਦੀ ਅਪੀਲ ਕਰਦਿਆਂ ਸਿਰਸਾ ਨੇ ਦੇਸ਼ ਦੇ ਮੁੱਖੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਰਾਸ਼ਟਰਪਤੀ ਦੇ ਸਾਹਮਣੇ ਵਿਦੇਸ਼ ਦੀ ਧਰਤੀ ’ਤੇ ਇਸ ਪੇਸ਼ਕਾਰੀ ਲਈ ਜ਼ਿੰਮਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ।  

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply