Friday, April 19, 2024

ਫਾਰਗ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਵਲੋਂ ਬਹਾਲ ਕਰਨ ਦੀ ਪੇਸ਼ਕਸ਼ ਠੁਕਰਾਈ

ਡਾ. ਰੂਪ ਸਿੰਘ ਨੇ ਧਰਨਾ ਉਠਾਉਣ ਬਦਲੇ ਕੀਤੀ ਸੀ ਪੇਸ਼ਕਸ਼

Roop Singhਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਫਾਰਗ ਮੁਲਾਜ਼ਮਾਂ ਨੇ ਧਰਨਾ ਉਠਾਉਣ ਦੇ ਬਦਲੇ ਬਹਾਲ ਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਅਪੀਲ ਠੁਕਰਾ ਦਿੱਤੀ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਫਾਰਗ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਪੇਸ਼ਕਸ਼ ਕੀਤੀ ਗਈ ਹੈ, ਜਦਕਿ ਸਬੰਧਤ ਫਾਰਗ ਮੁਲਾਜ਼ਮ ਬਿਨਾ ਵਜ੍ਹਾ ਜਿੱਦ ’ਤੇ ਅੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਗੁਰਮੀਤ ਸਿੰਘ ਬੂਹ, ਹਰਪਾਲ ਸਿੰਘ ਜੱਲਾ, ਸਕੱਤਰ ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਜੌੜਾਸਿੰਘਾ, ਮਹਿੰਦਰ ਸਿੰਘ ਆਹਲੀ ਤੇ ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਇਸ ਮਾਮਲੇ ਦੇ ਹੱਲ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਿਚਾਰ-ਵਟਾਂਦਰੇ ਮਗਰੋਂ ਫਾਰਗ ਮੁਲਾਜ਼ਮਾਂ ਨੂੰ ਅੱਜ ਹੀ ਧਰਨਾ ਉਠਾਉਣ ਦੀ ਸ਼ਰਤ ’ਤੇ ਮੰਗਲਵਾਰ ਤੱਕ ਆਪਣੇ ਕੇਸ ਵਾਪਸ ਲੈ ਕੇ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਅੱਜ ਧਰਨਾ ਉਠਾ ਕੇ ਮੰਗਲਵਾਰ ਤੱਕ ਕੇਸ ਵਾਪਸ ਲੈ ਲੈਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਦਿਹਾੜੀਦਾਰ ਮੁਲਾਜ਼ਮਾਂ ਨੂੰ ਪਹਿਲਾਂ ਮਿਲਦੀ ਦਿਹਾੜੀ, ਕੰਟਰੈਕਟ ਮੁਲਾਜ਼ਮਾਂ ਨੂੰ ਇਕ ਸਾਲ ਦੇ ਕੰਟਰੈਕਟ ’ਤੇ ਪਹਿਲਾਂ ਮਿਲਦੀ ਤਨਖ਼ਾਹ ਅਤੇ ਬਿਲਮੁਕਤਾ ਮੁਲਾਜ਼ਮਾਂ ਦੀ ਪਿਛਲੀ ਛੁੱਟੀ ਬਿਨਾਂ ਤਨਖ਼ਾਹ ਪ੍ਰਵਾਨ ਕਰਦਿਆਂ ਹਾਜ਼ਰ ਕਰ ਲਿਆ ਜਾਵੇਗਾ। ਲੇਕਿਨ ਫਾਰਗ ਮੁਲਾਜ਼ਮ ਆਪਣੀ ਜਿੱਦ ’ਤੇ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਿਹਤਰ ਰਾਹ ਨੂੰ ਅਪਣਾ ਕੇ ਸਬੰਧਤ ਫਾਰਗ ਮੁਲਾਜ਼ਮਾਂ ਆਪਣਾ ਧਰਨਾ ਛੱਡ ਦੇਣਾ ਚਾਹੀਦਾ ਸੀ ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਉਹ ਫੈਸਲੇ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਫਾਰਗ ਮੁਲਾਜ਼ਮਾਂ ਨੇ ਆਪਣੇ ਭਵਿੱਖ ਨਾਲ ਖਿਲਵਾੜ ਕੀਤਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪੇਸ਼ਕਸ਼ ਠੁਕਰਾ ਕੇ ਇਨ੍ਹਾਂ ਨੇ ਗੱਲਬਾਤ ਦੇ ਰਸਤੇ ਆਪ ਹੀ ਬੰਦ ਕੀਤੇ ਹਨ। ਹੁਣ ਇਹ ਕੇਵਲ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਆਪਣਾ ਪੱਖ ਰੱਖ ਸਕਦੇ ਹਨ ਅਤੇ ਇਸ ਸਬੰਧੀ ਮਾਨਯੋਗ ਅਦਾਲਤ ਜੋ ਵੀ ਫੈਸਲਾ ਦੇਵੇਗੀ ਸੰਸਥਾ ਉਸ ’ਤੇ ਅਮਲ ਕਰੇਗੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply