Thursday, April 18, 2024

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਵਿਰਾਸਤ ਨੂੰ ਸੰਭਾਲਣ ਲਈ ਵਿਰਾਸਤੀ ਸਬ ਕਮੇਟੀ ਦਾ ਗਠਨ

ਕਮੇਟੀ ਦੀ ਪ੍ਰਵਾਨਗੀ ਬਿਨਾਂ ਭਵਿੱਖ ’ਚ ਨਹੀਂ ਹੋਵੇਗੀ ਕਿਸੇ ਇਮਾਰਤ ਦੀ ਸੇਵਾ – ਡਾ. ਰੂਪ ਸਿੰਘ

Roop Sਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਵਿਰਾਸਤ ਨਾਲ ਸਬੰਧਤ ਇਮਾਰਤਾਂ, ਵਿਰਾਸਤੀ ਯਾਦਗਾਰਾਂ, ਇਤਿਹਾਸਕ ਵਸਤੂਆਂ ਅਤੇ ਇਤਿਹਾਸਕ ਦਰੱਖ਼ਤਾਂ ਆਦਿ ਨੂੰ ਬਚਾਉਣ ਅਤੇ ਸਾਂਭ ਸੰਭਾਲ ਕਰਨ ਲਈ ਇਕ ਵਿਰਾਸਤੀ ਕਮੇਟੀ ਦਾ ਗਠਨ ਕੀਤਾ ਹੈ।
ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਬਿਆਨ ਰਾਹੀਂ ਦਿੱਤੀ ਹੈ।ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸਿੱਖ ਵਿਰਾਸਤ ਨੂੰ ਵਿਨਾਸ਼ ਤੋਂ ਬਚਾਉਣ ਲਈ ਇਹ ਸਬ-ਕਮੇਟੀ ਬਣਾਈ ਹੈ।ਮੁੱਖ ਸਕੱਤਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਤਿੰਨ ਮੈਂਬਰ ਡਾ. ਕਰਮਜੀਤ ਸਿੰਘ ਚਾਹਲ, ਡਾ. ਸੁਲੱਖਣ ਸਿੰਘ ਤੇ ਪ੍ਰੋ. ਰਾਵਲ ਸਿੰਘ ਆਰਕੀਟੇਕਟ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇਤਿਹਾਸਕਾਰ ਡਾ. ਨਰਿੰਦਰਪਾਲ ਸਿੰਘ, ਸੱਜਣ ਸਿੰਘ ਇੰਚਾਰਜ ਸਲਾਰਗੰਜ ਮਿਊਜੀਅਮ ਹੈਦਰਾਬਾਦ, ਕੁਲਬੀਰ ਸਿੰਘ ਸ਼ੇਰਗਿੱਲ ਚੀਫ ਇੰਜੀਨੀਅਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਇਮਾਰਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਐਕਸੀਅਨ ਇਮਾਰਤੀ ਵਿਭਾਗ ਨੂੰ ਇਸ ਵਿਰਾਸਤੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।ਇਸ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਇਮਾਰਤਾਂ ਹੋਣਗੇ।ਡਾ. ਰੂਪ ਸਿੰਘ ਨੇ ਕਿਹਾ ਕਿ ਬਣਾਈ ਗਈ ਸਬ ਕਮੇਟੀ ਵਿਚ ਵੱਖ-ਵੱਖ ਮਾਹਿਰਾਂ ਨੂੰ ਲਿਆ ਗਿਆ ਅਤੇ ਇਸ ਦਾ ਮੰਤਵ ਸਿੱਖ ਵਿਰਾਸਤ ਨੂੰ ਸੰਭਾਲਣਾ ਅਤੇ ਲੋੜ ਅਨੁਸਾਰ ਮੁਰੰਮਤ ਆਦਿ ਕਰਵਾਉਣਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬ-ਕਮੇਟੀ ਦੀ ਪ੍ਰਵਾਨਗੀ ਤੇ ਰਿਪੋਰਟ ਤੋਂ ਬਿਨਾਂ ਭਵਿੱਖ ਵਿਚ ਕਿਸੇ ਵੀ ਇਤਿਹਾਸਕ ਇਮਾਰਤ ਨੂੰ ਢਾਹ ਕੇ ਨਵੀਂ ਉਸਾਰੀ ਨਹੀਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਡਾ. ਰੂਪ ਸਿੰਘ ਨੇ ਕੁੱਝ ਦਿਨ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿਰਦੇਸ਼ਾਂ ਤਹਿਤ ਵਿਰਾਸਤੀ ਇਮਾਰਤਾਂ, ਇਤਿਹਾਸਕ ਵਸਤੂਆਂ ਤੇ ਇਤਿਹਾਸਕ ਦਰੱਖ਼ਤਾਂ ਆਦਿ ਦੀ ਸਾਂਭ ਸੰਭਾਲ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply