Friday, March 29, 2024

ਕਵਿਤਾ ਵਿੱਚ ਵਿਸਾਖੀ

     `ਮੇਰਾ ਪਿੰਡ` ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਇਕ ਲੇਖ ਹੈ- `ਤਿੱਥ ਤਿਉਹਾਰ`, ਜਿਸ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਹਨ:
 “ਵੈਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਹੈ।ਸੁੱਕੀਆਂ ਝਾੜੀਆਂ ਮੁੜ ਲਗਰਾਂ ਛੱਡਦੀਆਂ ਹਨ।ਨਵੇਂ-ਨਵੇਂ ਕੂਲੇ ਪੱਤੇ ਸ਼ੇਸ਼ਨਾਗ ਦੀਆਂ ਜੀਭਾਂ ਵਾਂਗ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ-ਮੁੰਡ ਮੁੱਢਾਂ `ਤੇ ਵੀ ਨਿੱਤ ਨਵੇਂ ਰੂਪ ਪ੍ਰਗਟ ਕਰਦੇ ਹਨ।ਕੁਦਰਤੀ ਖੇੜੇ ਤੇ ਮਨਮੋਹਣੇ ਦ੍ਰਿਸ਼ ਇਨ੍ਹਾਂ ਦਿਨਾਂ ਵਿੱਚ ਹੀ ਦੇਖੇ ਤੇ ਮਾਣੇ ਜਾ ਸਕਦੇ ਹਨ।”
       ਵਿਸਾਖੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ।ਪੰਜਾਬ ਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ।ਇਸ ਲਈ ਵਿਸਾਖੀ ਪੰਜਾਬ ਅਤੇ ਆਸਪਾਸ ਦੇ ਪ੍ਰਦੇਸ਼ਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।
       ਧਨੀ ਰਾਮ ਚਾਤ੍ਰਿਕ ਦੀ ਹੇਠ ਲਿਖੀ ਕਵਿਤਾ ਭਾਵੇਂ ਸਿੱਧੇ ਤੌਰ `ਤੇ ਵਿਸਾਖੀ ਦੇ ਨਾਲ ਸਬੰਧਤ ਨਹੀਂ ਹੈ, ਪਰ ਫਿਰ ਵੀ ਇਸ ਨੂੰ ਵਿਸਾਖੀ ਦੇ ਤਿਉਹਾਰ ਸਮੇਂ ਜ਼ਰੂਰ ਗਾਇਆ/ ਉਚਾਰਿਆ ਜਾਂਦਾ ਹੈ।ਪੰਜਾਬੀ ਦੀ ਇੱਕ ਫਿਲਮ `ਵਿਸਾਖੀ ਲਿਸਟ` ਵਿੱਚ ਇਸ ਕਵਿਤਾ ਨੂੰ ਗੀਤ ਵਜੋਂ ਪੇਸ਼ ਕੀਤਾ ਗਿਆ ਹੈ:
          
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇ ਲਾਇ ਕੇ,
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
                     (ਧਨੀ ਰਾਮ ਚਾਤ੍ਰਿਕ, ਮੇਲੇ ਵਿੱਚ ਜੱਟ)
         
 `ਬਾਲ ਵਿਸ਼ਵਕੋਸ਼`, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ ਹੈ, ਦੇ ਅੰਤਰਗਤ ਕਿਰਪਾਲ ਸਿੰਘ ਕਜ਼ਾਕ ਲਿਖਦਾ ਹੈ, “ਵਿਸਾਖੀ ਦਾ ਪੁਰਬ ਜਿੱਥੇ ਅਨੰਦਪੁਰ ਸਾਹਿਬ ਦੇ ਖਾਲਸਾ ਸਾਜਨਾ ਦਿਵਸ ਨਾਲ ਸਬੰਧਿਤ ਹੈ,ਉੱਥੇ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਵੀ ਸਬੰਧਤ ਹੈ। ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ, ਕਿਉਂਕਿ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਦਿਬ ਦ੍ਰਿਸ਼ਟੀ ਅਤੇ ਅਦਭੁਤ ਸ਼ਕਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਾਇਆ ਸੀ।” ਇਸ ਅਸਥਾਨ ਤੇ ਗੁਰੂ ਜੀ ਨੇ ਆਨੰਦਪੁਰ ਤੋਂ ਪਿੱਛੋਂ ਦੂਜੀ ਵਾਰ ਆਪਣੇ ਹੱਥੀਂ ਕਰੀਬ ਸਵਾ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸੀ :

            ਆਈ ਹੈ ਵਿਸਾਖੀ ਤਲਵੰਡੀ ਚੱਲੀਏ,
            ਦੋਸਤਾਂ ਯਾਰਾਂ ਨੂੰ ਵੀ ਸੁਨੇਹੇ ਘੱਲੀਏ।
            ਹਰ ਸਾਲ ਇਥੇ ਮੇਲਾ ਲੱਗਦਾ ਹੈ ਭਾਰੀ,
            ਦੂਰੋਂ ਦੂਰੋਂ ਆਉਣ ਲੋਕੀਂ ਖਿੱਚ ਕੇ ਤਿਆਰੀ।
            ਹਰ ਵੇਲੇ ਪ੍ਰਭੂ ਆਪਣਾ ਧਿਆਈਏ ਜੀ,
            ਮੇਲਿਆਂ ਨੂੰ ਨਾਲ ਸ਼ਰਧਾ ਮਨਾਈਏ ਜੀ।
                                          (ਪ੍ਰੋ. ਨਵ ਸੰਗੀਤ  ਸਿੰਘ )

        ਕਜ਼ਾਕ ਨੇ ਅੱਗੇ ਚੱਲ ਕੇ ਲਿਖਿਆ ਹੈ, “ਵਿਸਾਖੀ ਇੱਕ ਪ੍ਰਸਿੱਧ ਪੁਰਬ ਹੈ, ਜਿਸ ਦਾ ਮੁੱਢ ਪ੍ਰਕਿਰਤੀ ਪੂਜਾ ਨਾਲ ਬੱਝਾ।ਹਿੰਦੂ ਧਰਮ ਗ੍ਰੰਥਾਂ ਵਿੱਚ ਇਸ ਦਿਨ ਦਾ ਵਿਸ਼ੇਸ਼ ਮਹਾਤਮ ਹੈ।ਇੱਕ ਧਾਰਨਾ ਮੁਤਾਬਕ ਜਦੋਂ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰ ਧਰਤੀ ਤੋਂ ਅੰਨ ਪ੍ਰਾਪਤ ਹੋਇਆ, ਉਦੋਂ ਤੋਂ ਅਨਾਜ ਦੀ ਮੁੱਖ ਫ਼ਸਲ ਕਣਕ ਦੀ ਆਮਦ ਤੇ ਇਸ ਦਿਨ ਨੂੰ ਖੁਸ਼ੀ ਦੇ ਰੂਪ ਵਿੱਚ ਮਨਾਉਣ ਦਾ ਰਿਵਾਜ ਸ਼ੁਰੂ ਹੋਇਆ ਸਮਾਂ ਪੈਣ `ਤੇ ਇਸ ਨਾਲ ਕੁੱਝ ਹੋਰ ਖਾਸ ਘਟਨਾਵਾਂ ਵੀ ਜੁੜ ਗਈਆਂ ਤੇ ਇਹ ਇਤਿਹਾਸਕ ਮਹੱਤਤਾ ਵਾਲਾ ਦਿਨ ਬਣ ਗਿਆ।”
        ਡਾ. ਰਤਨ ਸਿੰਘ ਜੱਗੀ ਨੇ `ਸਿੱਖ ਪੰਥ ਵਿਸ਼ਵ ਕੋਸ਼` ਦੇ ਅੰਤਰਗਤ ਇਸ ਤਿਉਹਾਰ ਦੀ ਮਹਾਨਤਾ ਸਬੰਧੀ ਅੰਕਿਤ ਕੀਤਾ ਹੈ, “ਇਹ ਤਿਉਹਾਰ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਣ ਵਾਲਾ ਇੱਕ ਮੌਸਮੀ ਤਿਉਹਾਰ ਹੈ।ਮੰਨਿਆ ਜਾਂਦਾ ਹੈ ਕਿ ਇਸ ਦਿਨ ਵਿਆਸ ਰਿਸ਼ੀ ਨੇ ਬ੍ਰਹਮਾ ਵਲੋਂ ਅਤੇ ਚਾਰ ਵੇਦਾਂ ਦਾ ਪਹਿਲੀ ਵਾਰ ਪਾਠ ਕਰਕੇ ਭੋਗ ਪਾਇਆ ਸੀ।ਇਸੇ ਦਿਨ ਹੀ ਰਾਜਾ ਜਨਕ ਨੇ ਇੱਕ ਮਹਾਨ ਯੱਗ ਕੀਤਾ ਸੀ।ਸ਼ਰਧਾਲੂ ਲੋਕ ਇਸ ਦਿਨ ਤੇ ਸਰੋਵਰਾਂ ਅਤੇ ਨਦੀਆਂ ਵਿਚ ਇਸ਼ਨਾਨ ਕਰਦੇ ਹਨ।ਪੰਜਾਬ ਵਿੱਚ ਵਿਸਾਖੀ ਅੰਮ੍ਰਿਤਸਰ, ਦਮਦਮਾ ਸਾਹਿਬ, ਕਰਤਾਰ ਪੁਰ ਤੇ ਅਨੰਦਪੁਰ ਸਾਹਿਬ ਵਿਖੇ ਮਨਾਈ ਜਾਂਦੀ ਹੈ।ਇਨ੍ਹਾਂ ਵਿੱਚ ਹਰ ਉਮਰ ਦੇ ਮਰਦ ਔਰਤਾਂ ਸ਼ਾਮਲ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ :
        ਚੜ੍ਹੇ ਵਿਸਾਖ ਵਿਸਾਖੀ ਆਈ, ਮੇਲਾ ਵੇਖਣ ਤੁਰੀ ਲੋਕਾਈ।
        ਪਿੰਡ ਵਿੱਚ ਤੇ ਸ਼ਹਿਰ ਸ਼ਹਿਰ ਵਿੱਚ, ਹੁੰਮ ਹੁਮਾ ਕੇ ਦੇਣ ਵਧਾਈ।
            ਦੇਸ਼ ਦੀ ਆਜ਼ਾਦੀ ਦੀ ਜੰਗ ਨਾਲ ਵੀ ਇਸ ਦਾ ਸੰਬੰਧ ਹੈ, ਕਿਉਂਕਿ ਇਸੇ ਦਿਨ 1919 ਵਿੱਚ ਜੱਲ੍ਹਿਆਂਵਾਲਾ ਬਾਗ਼ ਦਾ ਭਿਆਨਕ ਸਾਕਾ ਵਾਪਰਿਆ ਸੀ।ਜਿਸ ਨਾਲ ਸਾਰੇ ਦੇਸ਼ ਵਿੱਚ ਰਾਸ਼ਟਰਵਾਦ ਦੀ ਭਾਵਨਾ ਇੱਕ ਦਮ ਪੱਕੇ ਪੈਰੀਂ ਹੋ ਗਈ ਸੀ।ਇਉਂ ਪੰਜਾਬੀਆਂ ਲਈ ਵਿਸਾਖੀ ਧਾਰਮਿਕ ਸਮਾਜਿਕ ਸੱਭਿਆਚਾਰਕ ਤੇ ਰਾਜਨੀਤਕ ਮਹੱਤਤਾ ਦੀ ਧਾਰਨੀ ਹੈ।”:
            ਪੰਜ ਵਜੇ ਅਪ੍ਰੈਲ ਦੀ ਤੇਰ੍ਹਵੀਂ ਨੂੰ,
            ਲੋਕੀਂ ਬਾਗ ਵੱਲ ਹੋਇ ਰਵਾਨ ਚੱਲੇ।
            ਦਿਲਾਂ ਵਿੱਚ ਇਨਸਾਫ਼ ਦੀ ਆਸ ਰੱਖ ਕੇ,
            ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ।
            ਵਿਰਲੇ ਆਦਮੀ ਸ਼ਹਿਰ ਵਿੱਚ ਰਹੇ ਬਾਕੀ,
            ਸਭ ਬਾਲ ਤੇ ਬਿਰਧ, ਜਵਾਨ ਚੱਲੇ।
            ਅੱਜ ਦਿਲਾਂ ਦੇ ਦੁੱਖ ਸੁਨਾਣ ਚੱਲੇ,
            ਸਗੋਂ ਆਪਣੇ ਗਲੇ ਕਟਾਣ ਚੱਲੇ।

         ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਨੇ `ਖ਼ੂਨੀ ਵਿਸਾਖੀ` ਸਿਰਲੇਖ ਹੇਠ ਉਕਤ ਕਵਿਤਾ 1920 ਵਿੱਚ ਲਿਖੀ ਸੀ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਉਦੋਂ ਜ਼ਬਤ ਕਰ ਲਿਆ ਸੀ।ਇਹ ਕਵਿਤਾ ਇਸ ਸਾਲ (2019 ਵਿੱਚ) ਜੱਲ੍ਹਿਆਂ ਵਾਲਾ ਬਾਗ ਦੇ ਸ਼ਤਾਬਦੀ ਸਮਾਗਮਾਂ ਦਾ ਹਿੱਸਾ ਬਣੇਗੀ।ਜਿਸ ਨੂੰ ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਨੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ।ਨਵਦੀਪ ਸਿੰਘ ਸੂਰੀ ਕੁਲਵੰਤ ਸਿੰਘ ਸੂਰੀ ਦਾ ਬੇਟਾ ਹੈ, ਜੋ ਅਜਕਲ ਯੂ.ਏ.ਈ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।
         ਧਨੀ ਰਾਮ ਚਾਤ੍ਰਿਕ ਦੀ ਇੱਕ ਹੋਰ ਕਵਿਤਾ ਹੈ `ਵਿਸਾਖੀ ਦਾ ਮੇਲਾ`। ਇਸ ਕਵਿਤਾ ਦੀਆਂ ਮੁਢਲੀਆਂ ਪੰਕਤੀਆਂ ਹਨ:
            ਫੱਕ ਪਈਆਂ ਕਣਕਾਂ, ਲੁਕਾਠ ਰਸਿਆ
            ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ।
            ਬਾਗ਼ਾਂ ਉਤੇ ਰੰਗ ਫੇਰਿਆ ਬਹਾਰ ਨੇ,
            ਬੇਰੀਆਂ ਲਿਫਾਈਆਂ, ਟਹਿਣੀਆਂ ਦੇ ਭਾਰ ਨੇ।
            ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ
            ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ।
            ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
            ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।
         
ਗਿਆਨੀ ਹੀਰਾ ਸਿੰਘ ਦਰਦ ਨੇ ਵਿਸਾਖੀ ਨਾਲ ਸਬੰਧਤ ਹੇਠ ਲਿਖੀਆਂ ਦੋ ਕਵਿਤਾਵਾਂ ਵਿੱਚ ਆਪਣੇ ਵਲਵਲੇ ਇਸ ਤਰ੍ਹਾਂ ਸਾਂਝੇ ਕੀਤੇ ਹਨ:
            ਐ ਬਾਗ ਜੱਲ੍ਹਿਆਂ ਵਾਲਿਆ,
            ਫਿਰ ਯਾਦ ਤੇਰੀ ਆ ਗਈ,
            ਓਹੀ ਵਸਾਖੀ ਆ ਗਈ।
            ਕੀ ਕਹਿਰ ਉਥੇ ਵਰਤਿਆ,
            ਬਸ ਓਹੀ ਦੱਸ ਹੈ ਸਕਦੀ,
            ਜਿਸ ਉਥੇ ਗੁਜ਼ਾਰੀ ਰਾਤ ਸੀ।

                          (ਜਲ੍ਹਿਆਂ ਵਾਲੇ ਬਾਗ਼ ਦੀ ਵਸਾਖੀ )

            ਸੁਣਿਆ ਵਸਾਖੀ ਆਈ,
            ਸਾਡੇ ਲਈ ਕੀ ਲਿਆਈ?
            ਕੋਈ ਤੜਪ ਉਠ ਰਹੀ ਏ,
            ਕੋਈ ਯਾਦ ਆ ਰਹੀ ਏ।
            ਭੁੱਲਦੀ ਏ ਨਹੀਂ ਭੁਲਾਇਆਂ,
            ਰੁਕਦੀ ਏ ਨਹੀਂ ਰੁਕਾਇਆਂ,
            ਬੱਧੀ ਹੋਈ ਜਿਉਂ ਹਰਨੀ,
            ਰੱਸਾ ਤੁੜਾ ਰਹੀ ਏ।

      ਪੰਜਾਬੀ ਵਿੱਚ ਹੋਰ ਵੀ ਬਹੁਤ ਸਾਰੇ ਕਵੀਆਂ ਨੇ ਵਿਸਾਖੀ ਬਾਰੇ ਕਵਿਤਾਵਾਂ ਰਾਹੀਂ ਆਪੋ-ਆਪਣੇ ਭਾਵਾਂ ਦਾ ਇਜ਼ਹਾਰ ਕੀਤਾ ਹੈ।ਇਨ੍ਹਾਂ ਵਿੱਚ ਫਿਰੋਜ਼ਦੀਨ ਸ਼ਰਫ਼, ਸਾਥੀ ਲੁਧਿਆਣਵੀ, ਡਾ. ਗੁਰਮਿੰਦਰ ਸਿੱਧੂ, ਜੋਗਿੰਦਰ ਸੰਘੇੜਾ, ਕਰਮਜੀਤ ਸਿੰਘ ਗਠਵਾਲਾ ਆਦਿ ਦੇ ਨਾਂ ਪੇਸ਼-ਪੇਸ਼ ਹਨ।
     ਆਧੁਨਿਕ ਸਮੇਂ ਵਿੱਚ ਹਰ ਤਰ੍ਹਾਂ ਦੇ ਮੇਲਿਆਂ, ਤਿਉਹਾਰਾਂ (ਸਮੇਤ ਵਿਸਾਖੀ ਦੇ) `ਤੇ ਵੀ ਸਿਆਸਤ ਭਾਰੂ ਹੋ ਗਈ ਹੈ। ਸਾਂਝ, ਮੁਹੱਬਤ, ਪਿਆਰ, ਹਮਦਰਦੀ, ਇਤਫਾਕ ਦੀ ਗੱਲ ਕਿਧਰੇ ਨਹੀਂ ਕੀਤੀ ਜਾ ਰਹੀ।ਰਾਜਸੀ ਨੇਤਾ ਇੱਕ-ਦੂਜੇ ਉਤੇ ਚਿੱਕੜ ਸੁੱਟਦੇ ਹਨ, ਨਿੰਦਾ ਕਰਦੇ ਹਨ।ਚਾਤ੍ਰਿਕ ਦੀ ਕਵਿਤਾ ਵਿਚਲਾ ਦਮਾਮੇ ਮਾਰਦਾ ਜੱਟ, ਦਸਮੇਸ਼ ਪਿਤਾ ਦਾ ਸਾਜਿਆ ਹੋਇਆ ਨਿਆਰਾ ਖਾਲਸਾ, ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਲਾ ਦੇਸ਼ ਭਗਤ, ਇਨ੍ਹਾਂ ਮੇਲਿਆਂ ਵਿਚੋਂ ਗੈਰਹਾਜ਼ਰ ਹੈ।ਪੰਜਾਬੀ ਦੇ ਸੁਹਜਵਾਦੀ ਤੇ ਸੂਖ਼ਮ ਸ਼ਾਇਰ ਡਾ. ਹਰਨੇਕ ਸਿੰਘ ਕੋਮਲ ਨੇ ਅਜਿਹੇ ਹੀ ਭਾਵਬੋਧ ਨੂੰ ਦਰਸਾਉਂਦੀ ਇੱਕ ਕਵਿਤਾ ਲਿਖੀ ਹੈ `ਕਦੇ ਤਾਂ ਉਹ ਵਿਸਾਖੀ ਆਵੇ`, ਜੋ ਉਹਦੇ ਕਾਵਿ ਸੰਗ੍ਰਹਿ `ਰਹੇ ਸਲਾਮਤ ਸੱਚ` ਵਿੱਚ ਦਰਜ ਹੈ।ਇਸ ਦੇ ਤਿੰਨ-ਤਿੰਨ ਪੰਕਤੀਆਂ ਵਾਲੇ ਚੌਦਾਂ ਬੰਦਾਂ ਵਿਚ ਉਹ ਨੇ ਬੜੀ ਸੰਜ਼ੀਦਗੀ ਨਾਲ ਆਪਣੇ ਵਲਵਲਿਆਂ ਦਾ ਪ੍ਰਗਟਾਵਾ ਕੀਤਾ ਹੈ।ਇਸ ਲੰਬੀ ਕਵਿਤਾ `ਚੋਂ ਕੁੱਝ ਪੰਕਤੀਆਂ ਉਦਾਹਰਨ ਵਜੋਂ ਪੇਸ਼ ਹਨ:
           
ਦਸਮ ਪਿਤਾ ਨੇ ਸਾਜਿਆ ਸੀ ਜੋ,
ਕਿੱਥੇ ਹੈ ਉਹ ਪੰਥ ਖ਼ਾਲਸਾ?
ਮਿਲੇ ਤਾਂ ਕਹਿਣਾ ਘਰ ਆ ਜਾਵੇ।
 
ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ,
ਮੁੜ ਮੁੜ ਕੇ ਹੈ ਚੇਤੇ ਆਉਂਦਾ,
ਕੋਈ ਸੁੱਤਾ ਦਰਦ ਜਗਾਵੇ।

`ਨਾਇਕ` ਜੋ ਵਿਸਾਖੀ ਦਾ ਸੀ,
`ਮੰਡੀ` ਦੇ ਵਿੱਚ ਰੁਲ ਗਿਆ ਹੈ,
ਫ਼ਿਕਰਾਂ ਦੇ ਵਿੱਚ ਖੁੱਭਦਾ ਜਾਵੇ।

`ਚਾਤ੍ਰਿਕ` ਦੀ ਉਸ ਕਵਿਤਾ ਵਰਗਾ,
ਮਾਰ ਦਮਾਮੇ ਮੇਲੇ ਆਉਂਦਾ,
ਜੱਟ ਨਾ ਕੋਈ ਨਜ਼ਰੀਂ ਆਵੇ।

ਸਿਆਸਤ ਦੀ ਹੈ ਭੇਟਾ ਚੜ੍ਹਦਾ,
ਹੁਣ ਵਿਸਾਖੀ ਵਾਲਾ ਮੇਲਾ,
ਮੇਲਾ ਹੋਰ ਹੀ ਰੰਗ ਵਟਾਵੇ।

ਖੇਤਾਂ ਵਿਚ ਹਰਿਆਲੀ ਹੋਵੇ,
ਹਰ ਚਿਹਰੇ ਤੇ ਲਾਲੀ ਹੋਵੇ,
ਕਦੇ ਤਾਂ ਉਹ ਵਿਸਾਖੀ ਆਵੇ।
Kuldip Kaur Talwandi Sabo

 

ਡਾ. ਕੁਲਦੀਪ ਕੌਰ ਐਸੋਸੀਏਟ ਪ੍ਰੋਫੈਸਰ,
ਮਾਤਾ ਸਾਹਿਬ ਕੌਰ ਗਰਲਜ਼ ਕਾਲਜ,
ਤਲਵੰਡੀ ਸਾਬੋ- 151302
ਮੋ – 9878432318

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply