Thursday, March 28, 2024

ਕਿਸਾਨਾਂ ਦੀਆਂ ਜ਼ਮੀਨੀਂ ਹਕੀਕਤਾਂ ਬਿਆਨਦਾ ਹੈ ਗੀਤ `ਟਰਾਲਾ ਬਨਾਮ ਕਾਰ`

         ਪੰਜਾਬੀਆਂ ਦੇ ਜੀਵਨ ਵਿੱਚ ਗਿੱਧੇ-ਭੰਗੜੇ ਦੇ ਨਾਲ-ਨਾਲ ਪੰਜਾਬੀ ਗੀਤਾਂ ਦਾ ਵੀ ਬਹੁਤ ਮਹੱਤਵਪੂਰਨ ਸਥਾਨ ਹੈ।ਇਹਨਾਂ ਗੀਤਾਂ ਨੇ ਹੀ ਪੰਜਾਬੀਆਂ ਨੂੰ PUNJ1304201904ਦਰਪਣ ਵਿਖਾਉਣਾ ਹੁੰਦਾ ਹੈ।ਸਾਹਿਤ ਕਿਸੇ ਵੀ ਰੂਪ ਵਿੱਚ ਹੋਵੇ ਜੇ ਉਹ ਸਮਾਜ ਨੂੰ ਸ਼ੀਸ਼ਾ ਵਿਖਾ ਕੇ ਸੇਧ ਪ੍ਰਦਾਨ ਨਹੀਂ ਕਰਦਾ ਤਾਂ ਸਾਹਿਤ ਰਚਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਹੈ।ਵੱਖਰੀ ਗੱਲ ਹੈ ਕਿ ਅਜੋਕੀ ਪੰਜਾਬੀ ਗਾਇਕੀ ਅਤੇ ਪੰਜਾਬੀ ਗੀਤਕਾਰੀ ਦਾ ਮਿਆਰ ਉਪਰ ਉਠਣ ਦੀ ਥਾਂ ਹੇਠਾਂ ਵੱਲ ਨੂੰ ਡਿੱਗ ਰਿਹਾ ਹੈ।ਅਜੋਕੇ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਦੇ ਬਾਰੇ ਜਿਥੇ ਨਸ਼ਿਆਂ, ਲੜਾਈ-ਝਗੜੇ, ਹਥਿਆਰਾਂ ਅਤੇ ਫੁਕਰਪੁਣੇ ਨੂੰ ਉਤਸ਼ਾਹਿਤ ਕਰਨ ਵਾਲੇ  ਗੀਤ ਆ ਰਹੇ ਹਨ ਉਥੇ ਕੈਮ ਸਿੰਘ ਦਾ ਆਇਆ ਗੀਤ `ਟਰਾਲਾ ਬਨਾਮ ਕਾਰ` ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨੀਂ ਹਕੀਕਤਾਂ ਨੂੰ ਬਿਆਨ ਕਰਦਾ ਹੈ।ਇਹ ਗੀਤ ਇੱਕ ਕਿਰਤੀ ਦੇ ਸੱਚੇ-ਸੱਚੇ ਸੁਭਾਅ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ।ਇਸ ਲਈ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜਦ ਵੀ ਕੋਈ ਚੰਗਾ ਗੀਤ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਬਾਰੇ ਸਾਰਿਆਂ ਨਾਲ ਸਾਂਝ ਪਾਈ ਜਾਵੇ।ਇਸ ਗੀਤ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ ਕਿ,

“ਗੱਲ ਸੁਣ ਲੈ ਤੂੰ ਇੱਕ ਵਾਰ ਮੇਰੀ ਗੌਰ ਨਾਲ ਕਨੇਡਾ ਵਾਲੀਏ,
ਤੈਨੂੰ ਦੱਸਦਾਂ ਹਾਲਾਤ ਮੂੰਹੋਂ ਬੋਲ ਕੇ ਕਿ ਮੈਨੂੰ ਪਾਉਣ ਦੀਏ ਕਾਹਲੀਏ,
ਸਾਡੇ ਜੱਟਾਂ ਦਾ ਤਾਂ ਕੰਮ ਮਿੱਟੀ ਹੋਣਾ, ਕੋਈ ਲੱਗਦਾ ਜੁਗਾੜ ਵੀ ਨਹੀਂ ।
ਤੇਰੇ ਡੈਡ ਦੇ ਤਾਂ ਚੱਲਦੇ ਟਰਾਲੇ ਸਾਡੇ ਕੋਲੇ ਕਾਰ ਵੀ ਨਹੀਂ ।”
ਸਾਡੇ ਜੱਟਾਂ ਨਾਲ ਲਾ ਕੇ ਤੇਰੀ ਬੱਲੀਏ ਨੀਂ ਪੈਣੀ ਕਦੇ ਪਾਰ ਵੀ ਨਹੀਂ ।”…

        ਉਪਰੋਕਤ ਸਤਰਾਂ ਵਿੱਚ ਕਨੇਡਾ ਦੀ ਜੰਮਪਲ ਕੁੜੀ ਵਲੋਂ ਪੰਜਾਬ ਦੇ ਵਸਨੀਕ ਕਿਸਾਨ ਦੇ ਪੁੱਤਰ ਨਾਲ ਵਿਆਹ ਕਰਾਉਣ ਲਈ ਜਦੋਂ ਕਾਹਲ ਕੀਤੀ ਜਾਂਦੀ ਹੈ ਤਾਂ ਮਿਹਨਤੀ ਕਿਸਾਨ ਦਾ ਪੁਤਰ ਕਨੇਡਾ ਜਾ ਕੇ ਪੱਕੇ ਹੋਣ ਦੇ ਸੁਪਨੇ ਵੇਖਣ ਦੀ ਥਾਂ ਉਸ ਕੁੜੀ ਨੂੰ ਦੋਵੇਂ ਪਰਿਵਾਰਾਂ ਵਿਚਲਾ ਫਰਕ ਸਮਝਣ ਲਈ ਦਲੀਲ ਦਿੰਦਾ ਨਜ਼ਰ ਆਉਂਦਾ ਹੈ।ਜੋ ਕਿ ਅਜੋਕੇ ਦੌਰ ਵਿੱਚ ਆਪਣੇ-ਆਪ ਵਿੱਚ ਹੀ ਵਿਲੱਖਣਤਾ ਹੈ।ਜਦ ਕਿ ਅੱਜ ਦੇ ਪਦਾਰਥਵਾਦ ਦੇ ਯੁਗ ਵਿਚ ਕਨੇਡਾ ਜਾਣ ਦੀ ਦੌੜ ਲੱਗੀ ਹੋਈ ਹੈ ਅਤੇ ਕਨੇਡਾ ਜਾਣ ਲਈ ਲੋਕ ਸੌ-ਸੌ ਪਾਪੜ ਵੇਲਦੇ ਨਜ਼ਰ ਆਉਂਦੇ ਹਨ ।

       `ਟਰਾਲਾ ਬਨਾਮ ਕਾਰ` ਗੀਤ ਰਿਪਲ ਮਿਊਜ਼ਿਕ ਸਟੂਡੀਓ ਨੇ ਰਿਕਾਰਡ ਕੀਤਾ ਹੈ।ਇਹ ਗੀਤ ਕਮਲਜੀਤ ਸਿੰਘ ਦੌੜਕਾ ਉਰਫ ਕੈਮ ਸਿੰਘ ਨੇ ਗਾਇਆ ਹੈ।ਇਸ ਗੀਤ ਨੂੰ ਲਵ ਭੰਗੂ ਨੇ ਲਿਖਿਆ ਹੈ।ਗੀਤ ਦੇ ਪ੍ਰੋਡਿੳੂਸਰ ਹਰਮਨ ਬੁੱਟਰ ਅਤੇ ਸਰਬਜੀਤ ਸਮਾਣਾ ਹਨ।ਇਸ ਗੀਤ ਦਾ ਪੋਸਟਰ ਅਮਨ ਕਲਸੀ ਨੇ ਤਿਆਰ ਕੀਤਾ ਹੈ । ਇਸ ਗੀਤ ਦਾ ਮੁਖੜਾ, ਸਥਾਈ, ਅੰਤਰਾ, ਸੰਚਾਰੀ ਤੇ ਅਭੋਗ ਸਾਰੇ ਭਾਗ ਕਮਾਲ ਦੇ ਹਨ।ਇਸ ਗੀਤ ਦੇ ਅਗਲੇ ਬੋਲ ਹਨ ਕਿ,

“ਕਦੇ ਲੱਭਦੇ ਨਹੀਂ ਭਈਏ ਝੋਨਾ ਲਾਉਣ ਨੂੰ ਤੇ ਕਦੇ ਲਾਇਆ ਡੁੱਬ ਜਾਂਦਾ ਏ,
ਜਿਹੜਾ ਲੱਭਿਆ ਏ ਜੱਟ ਫਿਰ ਜੱਟੀਏ ਨੀਂ ਕਰਜ਼ੇ `ਚ ਖੁੱਭ ਜਾਂਦਾ ਏ,
ਸਾਡੀ ਮੰਡੀਆਂ `ਚ ਰੁਲ ਜਾਂਦੀ ਫਸਲ, ਲੈਂਦੀ ਸਰਕਾਰ ਵੀ ਨਹੀਂ ।
ਤੇਰੇ ਡੈਡ ਦੇ ਤਾਂ ਚਲਦੇ ਟਰਾਲੇ ਸਾਡੇ ਕੋਲੇ ਕਾਰ ਵੀ ਨਹੀਂ ।…

                ਉਪਰੋਕਤ ਸਤਰਾਂ ਵਿੱਚ ਕੌੜੀ ਸਚਾਈ ਬਿਆਨ ਕੀਤੀ ਹੈ ਕਿ ਕਦੀ ਪੰਜਾਬ ਦੇ ਜੱਟ ਨੂੰ ਕੁਦਰਤੀ ਕਰੋਪੀਆਂ ਮਾਰ ਜਾਂਦੀਆਂ ਹਨ ਭਾਵ ਕਦੀ ਸੋਕਾ ਤੇ ਕਦੀ ਡੋਬਾ ਮਾਰ ਜਾਂਦਾ ਹੈ।ਕਦੀ ਸਸਤੇ ਮਜ਼ਦੂਰ ਨਹੀਂ ਲੱਭਦੇ।ਫਸਲਾਂ ਦੇ ਖਰਚੇ ਲਈ ਕਿਸਾਨਾਂ ਨੂੰ ਕਰਜ਼ੇ ਲੈਣੇ ਪੈੰਦੇ ਹਨ।ਉਪਰੋਂ ਪੂਰੇ ਸਾਲ ਦੀ ਕਿਸਾਨ ਦੀ ਮਿਹਨਤ ਮੰਡੀਆਂ ਵਿੱਚ ਰੁਲ ਜਾਂਦੀ ਹੈ।ਫਸਲਾਂ ਦੇ ਮਿਲੇ ਮੁੱਲ ਲਾਗਤੀ ਖਰਚੇ ਕੀ ? ਲਏ ਕਰਜ਼ੇ ਦੀਆਂ ਕਿਸ਼ਤਾਂ ਵੀ ਨਹੀਂ ਪੂਰੀਆਂ ਕਰਦੇ।ਕੋਈ ਵੀ ਸਰਕਾਰ ਕਿਸਾਨਾਂ ਦੀ ਸਾਰ ਤੱਕ ਨਹੀਂ ਲੈਂਦੀ।ਅੱਗੇ ਸ਼ੇਅਰ ਵਿਚ ਗੀਤਕਾਰ ਇਥੋਂ ਤੱਕ ਕਹਿ ਦਿੰਦਾ ਹੈ ਕਿ ਕਿਸਾਨ ਦੀ ਸਾਰੀ ਜੂਨ ਫਿਕਰਾਂ ਵਿਚ ਲੰਘ ਜਾਂਦੀ ਹੈ।ਇਸ ਲਈ ਉਹ ਕਨੇਡਾ ਵਾਲੀ ਕੁੜੀ ਨੂੰ ਇੱਕ ਕਿਸਾਨ ਦੇ ਪੁੱਤਰ ਨਾਲ ਵਿਆਹ ਕਰਾਉਣ ਲਈ ਖਹਿੜੇ ਨਾ ਪੈਣ ਲਈ ਕਹਿੰਦਾ ਹੈ ਕਿ,

ਸ਼ੇਅਰ :
“ਪੈੜਾ, ਪੈੜਾ, ਪੈੜਾ,
ਫਿਕਰਾਂ `ਚ ਜੱਟ ਮਰਦਾ ਨੀਂ ਤੂੰ ਛੱਡ ਦੇ ਕਮਲੀਏ ਖਹਿੜਾ ।…”

              ਇਹ ਗੀਤ ਇਹ ਵੀ ਇਸ਼ਾਰਾ ਕਰਦਾ ਹੈ ਕਿ ਫਸਲਾਂ ਦੇ ਮੰਡੀਆਂ ਵਿੱਚ ਰੁਲਣ, ਸਰਕਾਰਾਂ ਵੱਲੋਂ ਸਾਰ ਨਾ ਲੈਣ ਅਤੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੇ ਘਰ ਪੁਰਾਣਾ ਜੀਟਰ ਟ੍ਰੈਕਟਰ ਖੜਾ ਹੈ ਜਿਸ ਦਾ ਕੋਈ ਭਰੋਸਾ ਨਹੀਂ ਕਿ ਕਿਥੇ ਅਤੇ ਕਦੋਂ ਰੁਕ ਜਾਵੇ।ਜਿਵੇਂ ਗੀਤਕਾਰ ਦੁਆਰਾ ਬੜੇ ਗੀਤ ਲਿਖਣ ਤੇ ਵੀ ਕੋਈ ਗਾਇਕ ਉਸਦਾ ਗੀਤ ਗਾਉਣ ਨੂੰ ਤਿਆਰ ਨਹੀਂ ਹੁੰਦਾ ਉਵੇਂ ਹੀ ਦਿਨ-ਰਾਤ ਹੱਡ ਤੋੜਵੀਂ ਮਿਹਨਤ ਦੇ ਬਾਵਜ਼ੂਦ ਵੀ ਫਸਲਾਂ ਦਾ ਵਾਜ਼ਬ ਮੁੱਲ ਨਹੀਂ ਪੈਂਦਾ।ਇਸੇ ਹਾਲਾਤ ਨੂੰ ਦਰਸਾਉਂਦੇ ਗੀਤ ਦੇ ਅਗਲੇ ਬੋਲ ਹਨ ਕਿ,

“ਘਰੇ ਖੜਾ ਮੇਰੇ ਜ਼ੀਟਰ ਪੁਰਾਣਾ ਚੱਲਦੇ ਦਾ ਪਤਾ ਕੋਈ ਨਾ,
ਕੰਮਕਾਰ ਵਿੱਚ ਕਦੋਂ ਸੀਜ਼ ਹੋ ਜਾਏ ਠੱਲਦੇ ਦਾ ਪਤਾ ਕੋਈ ਨਾ,
ਮੁੰਡਾ ਭੰਗੂਆਂ ਦਾ ਗੀਤ ਬੜੇ ਲਿਖਦਾ ਕੋਈ ਗਾਉਂਦਾ ਕਲਾਕਾਰ ਹੀ ਨਹੀਂ ।
ਤੇਰੇ ਡੈਡ ਦੇ ਤਾਂ ਚੱਲਦੇ ਟਰਾਲੇ ਸਾਡੇ ਕੋਲੇ ਕਾਰ ਵੀ ਨਹੀਂ ।”…

               ਇਸ ਲਈ ਕੈਮ ਸਿੰਘ ਦਾ ਗੀਤ `ਟਰਾਲਾ ਬਨਾਮ ਕਾਰ` ਅਜੋਕੇ ਦੌਰ ਵਿੱਚ ਵੱਖਰੀ ਪਛਾਣ ਰੱਖਣ ਵਾਲਾ ਗੀਤ ਹੈ।ਇਹ ਗੀਤ ਪੰਜਾਬ ਦੇ ਕਿਸਾਨਾਂ ਦੇ ਜ਼ਮੀਨੀਂ ਹਾਲਾਤਾਂ ਨੂੰ ਬਿਆਨ ਕਰਨ ਦੇ ਨਾਲ-ਨਾਲ ਇੱਕ ਕਿਰਤੀ ਦੇ ਸੱਚੇ-ਸੁੱਚੇ ਸੁਭਾਅ ਨੂੰ ਦਰਸਾਉਂਦਾ ਨਜ਼ਰ ਆਉਂਦਾ ਹੈ।ਇਹ ਗੀਤ ਨੌਜਵਾਨਾਂ ਨੂੰ ਪ੍ਰੇਰਨਾ ਵੀ ਦਿੰਦਾ ਹੈ ਕਿ ਆਪਣੇ ਹੱਥੀਂ ਕਿਰਤ ਕਰਨ ਵਾਲੇ ਲੋਕਾਂ ਦਾ ਕਿਰਦਾਰ ਵੀ ਉੱਚਾ-ਸੁੱਚਾ ਹੁੰਦਾ ਹੈ।ਉਹ ਔਖੇ ਵੇਲੇ ਵੀ ਝੂਠ ਜਾਂ ਫਰੇਬ ਦਾ ਸਹਾਰਾ ਨਹੀਂ ਲੈਂਦੇ।ਉਹ ਨਿਰ-ਸਵਾਰਥ ਆਪਣਾ ਕੰਮ ਕਰਦੇ ਹਨ।
           ਅੰਤ `ਚ ਕੈਮ ਸਿੰਘ ਅਤੇ ਉਸ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹੋਇਆ, ਉਹਨਾਂ ਤੋਂ ਆਸ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਸਾਡੀ ਅਜਿਹੇ ਹੀ ਗੀਤਾਂ ਨਾਲ ਸਾਂਝ ਪਾਉਂਦੇ ਰਹਿਣਗੇ।
Gurpreet Rangilpur

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ. 98552 07071    

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply