Tuesday, April 16, 2024

ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ `ਚ ਗ੍ਰਾਮ ਸਭਾ ਦਾ ਅਜਲਾਸ ਲਾਜ਼ਮੀ – ਕਮਾਂਡੈਂਟ ਰਸ਼ਪਾਲ ਸਿੰਘ

ਸਮਰਾਲਾ, 13 ਅਪ੍ਰੈਲ (ਪੰਜਾਬ ਪੋਸਟ – ਇੰਦਰਜੀਤ ਸਿੰਘ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ।ਮੀਟਿੰਗ ਵਿੱਚ ਖਮਾਣੋਂ ਅਤੇ ਮਾਛੀਵਾੜਾ ਫਰੰਟ ਦੇ ਮੈਂਬਰਾਂ ਨੇ ਭਾਗ ਲਿਆ।ਸਭ ਤੋਂ ਪਹਿਲਾਂ ਫਰੰਟ ਦੇ ਮੁੱਢਲੇ ਮੈਂਬਰ ਦਰਸ਼ਨ ਸਿੰਘ ਬਾਲਿਓਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।ਉਪਰੰਤ ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਨਿਪਟਾਏ ਚਾਰ ਕੇਸਾਂ ਸਬੰਧੀ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਜੰਗ ਸਿੰਘ ਭੰਗਲਾਂ ਨੇ ਕਿਹਾ ਕਿ ਅਗਲੇ ਮਹੀਨੇ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਚੰਗੇ ਆਗੂ ਅੱਗੇ ਲਿਆਉਣੇ ਚਾਹੀਦੇ ਹਨ।
 ਕੈਪਟਨ ਮਹਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਵੋਟਰਾਂ ਨੂੰ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ, ਨਵੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਆਪਣੀ ਵੋਟ ਪਾਉਣੀ ਬਣਦੀ ਹੈ।ਕੇਵਲ ਸਿੰਘ ਹੇਡੋਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿੱਚ ਨਵੇਂ ਦਾਖਲੇ ਸਮੇਂ ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਵਿੱਚ ਮਾਪਿਆਂ ਦੀ ਵੱਡੇ ਪੱਧਰ `ਤੇ ਲੁੱਟ ਕੀਤੀ ਜਾ ਰਹੀ ਹੈ, ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਆਪਣੀਆਂ ਅੱਖਾਂ ਬੰਦ ਕਰੀਂ ਬੈਠੇ ਹਨ।ਇਹ ਸਾਰਾ ਕੁੱਝ ਇਨ੍ਹਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।ਸਿੱਖਿਆ ਪ੍ਰਤੀ ਸਿੱਖਿਆ ਵਿਭਾਗ ਦੇ ਉਚ ਅਧਿਕਾਰੀ ਹੀ ਸੁਹਿਰਦ ਨਹੀਂ ਹਨ, ਇੱਕ ਪਾਸੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਕਹਿ ਰਿਹਾ, ਦੂਸਰੇ ਪਾਸੇ ਪਿਛਲੇ ਦਿਨੀਂ ਡੀ.ਪੀ.ਆਈ ਦਫਤਰ ਚੰਡੀਗੜ੍ਹ ਦਾ ਇੱਕ ਉਚ ਅਧਿਕਾਰੀ ਖਮਾਣੋਂ ਨੇੜੇ ਪ੍ਰਾਈਵੇਟ ਸਕੂਲ ਵਿੱਚ ਮਹਿਮਾਨ ਬਣ ਕੇ ਉਸ ਦੇ ਗੁਣਗਾਣ ਕਰਕੇ ਗਿਆ ਹੈ।ਇਹ ਕੂਟਨੀਤੀ ਨਹੀਂ ਹੈ ਤਾਂ ਹੋਰ ਕੀ ਹੈ।ਸੇਖੋਂ ਨੇ ਪਿੰਡਾਂ ਵਿੱਚ ਗਰਾਮ ਸਭਾਵਾਂ ਆਯੋਜਨ ਕਰਨ ਤੇ ਜੋਰ ਦਿੱਤਾ, ਤਾਂ ਜੋ ਪਿੰਡਾਂ ਦੇ ਲੋਕ ਆਪਣੇ ਹੱਕਾਂ ਸਬੰਧੀ ਜਾਗਰੂਕ ਹੋ ਸਕਣ।ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਚਾਇਤ ਸਕੱਤਰ ਅਫਸਰ ਨਹੀਂ ਬਲਕਿ ਸਰਕਾਰ ਨੇ ਸਰਪੰਚਾਂ ਦੀ ਸਹਾਇਤਾ ਲਈ ਲਗਾਇਆ ਆਮ ਕਰਮਚਾਰੀ ਹਨ।
ਅਵਤਾਰ ਸਿੰਘ ਉਟਾਲਾਂ ਨੇ ‘ਕੰਜਰ ਤੇ ਬੰਜ਼ਰ’ ਨਾਂ ਦੀ ਕਵਿਤਾ ਸੁਣਾਈ।ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਲੋਕ ਸਭਾ ਵੋਟਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਨੂੰ ਇੱਕ ਪਾਰਲੀਮੈਂਟ ਇਜਲਾਸ ਸੱਦਣ ਦਾ ਉਪਰਾਲਾ ਚਾਹੀਦਾ ਹੈ, ਜਿਸ ਵਿੱਚ ਲੋਕ ਸਭਾ ਫਤਹਿਗੜ੍ਹ ਸਾਹਿਬ ਤੋਂ ਖੜ੍ਹੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਮ ਲੋਕਾਂ ਦੀ ਕਚਹਿਰੀ ਵਿੱਚ ਸੱਦ ਕੇ ਸਵਾਲ ਪੁੱਛੇ ਜਾਣ ਅਤੇ ਕੰਮਾਂ ਪ੍ਰਤੀ ਜਵਾਬਦੇਹ ਬਣਾਇਆ ਜਾਵੇ ਅਤੇ ਜਿਸ ਕਾਰਨ ਲੋਕ ਆਪਣਾ ਸਹੀ ਨੁਮਾਇੰਦਾ ਚੁਣ ਸਕਣ।
ਅਖੀਰ ਕਮਾਂਡੈਂਟ ਰਸ਼ਪਾਲ ਸਿੰਘ ਨੇ ਵੱਖ-ਵੱਖ ਬੁਲਾਰਿਆਂ ਵੱਲੋਂ ਆਏ ਸੁਝਾਵਾਂ ਤੇ ਗੌਰ ਕਰਨ ਦਾ ਭਰੋਸਾ ਦਿਵਾਇਆ ਅਤੇ ਸਮਰਾਲਾ ਹਲਕੇ ਦੀ ਹਾਲਤ ਬਹੁਤ ਦੀ ਬਦ ਤੋਂ ਬਦਤਰ ਹੈ, ਇਥੇ ਕੋਈ ਗ੍ਰੀਨ ਬੈਲਟ ਨਹੀਂ, ਸੜਕਾਂ ਦਾ ਮੰਦਾ ਹਾਲ ਹੈ।ਲੋਕ ਸਭਾ ਚੋਣਾਂ ਸਿਰ ਤੇ ਹਨ, ਲੋਕਾਂ ਨੂੰ ਹੁਣ ਜਾਗਣਾ ਚਾਹੀਦਾ ਹੈ, ਵੱਖ ਵੱਖ ਪਾਰਟੀਆਂ ਦੇ ਮਖੌਟੇ ਲਾਹ ਕੇ ਵੋਟਾਂ ਮੰਗਣ ਆਏ ਲੀਡਰਾਂ ਤੋਂ ਕੀਤੇ ਕੰਮਾਂ ਦਾ ਜਵਾਬ ਮੰਗਣ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ, ਪ੍ਰੇਮ ਨਾਥ, ਦਰਸ਼ਨ ਸਿੰਘ ਕੰਗ, ਕੇਵਲ ਕ੍ਰਿਸ਼ਨ, ਬੰਤ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ, ਮਲਕੀਤ ਸਿੰਘ ਚਹਿਲਾਂ, ਨੰਦ ਸਿੰਘ ਚਹਿਲਾਂ, ਜਗੀਰਾ ਰਾਮ, ਬਲਦੇਵ ਸਿੰਘ ਖਮਾਣੋਂ, ਸਵਰਨ ਸਿੰਘ ਬਿਲਾਸਪੁਰ, ਮਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply