Friday, April 19, 2024

ਸਿਖ਼ਰ ਹੋ ਨਿਬੜਿਆ ਗੀਤ ‘ਤੁਸੀਂ ਸੁਣ ਲਓ ਮੇਰੀ ਲੋਕੋ, ਮੈਂ ਨੋਟਾ ਬੋਲ ਰਿਹਾਂ’

ਸਮਰਾਲਾ, 25 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ PUNJ2504201912ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਮੀਟਿੰਗ ਦੇ ਸ਼ੁਰੂ ਵਿੱਚ ਜਲ੍ਹਿਆਂਵਾਲ਼ੇ ਬਾਗ਼ ਦੀ ਸੌ ਸਾਲਾਂ ਸ਼ਤਾਬਦੀ ਦੇ ਸਬੰਧ ਵਿੱਚ ਸ਼ਹੀਦਾਂ ਨੂੰ ਸਲਾਮ ਕੀਤਾ ਗਿਆ ਅਤੇ ਅੱਜ ਦੇ ਸਮੇਂ ਵੀ ਰੌਲਟ ਐਕਟ ਵਰਗੇ ਕਾਲ਼ੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਅਤੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਵਿਦਵਾਨ ਅਤੇ ਉੱਘੇ ਲੇਖਕ ਪ੍ਰੋ: ਕ੍ਰਿਪਾਲ ਸਿੰਘ ਕਸੇਲ ਨੂੰ ਸਰਧਾਂਜਲੀ ਭੇਟ ਕੀਤੀ ਗਈ।
          ਕਹਾਣੀਕਾਰ ਸੁਖਜੀਤ ਨੇ ਪ੍ਰੋ: ਕਸੇਲ ਦੇ ਜੀਵਨ ’ਤੇ ਚਾਨਣ ਪਾਇਆ ਅਤੇ ਉਨ੍ਹਾਂ ਦੀਆਂ ਲਿਖਤਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਹਰਬੰਸ ਮਾਲਵਾ ਦੇ ਖੂਬਸੂਰਤ ਗੀਤ ‘ਹੇ ਇੰਡੀਆ 1947’ ਨਾਲ਼ ਹੋਈ। ਨੇਤਰ ਮੁੱਤੋਂ ਨੇ ਕਹਾਣੀ ‘ਮਨਜ਼ੂਰੀ’ ਸੁਣਾਈ। ਅਮਰੀਕ ਸਿੰਘ ਸਾਗੀ ਨੇ ਕਹਾਣੀ ‘ਚਪੇੜ’ ਅਤੇ ਮਨਦੀਪ ਸਿੰਘ ਡਡਿਆਣਾ ਨੇ ਆਪਣੀ ਕਹਾਣੀ ‘ਪ੍ਰੈਗਨੈਸੀ ਡੇਢ ਸਾਲ ਦੀ’ ਸੁਣਾਈ, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਚੋਰਾਂ ਨਾਲ਼ ਕੁੱਤੀ ਰਲ਼ੀ ਹੋਈ ਆ’, ਨਰਿੰਦਰ ਮਣਕੂ ਨੇ ਗ਼ਜ਼ਲ ‘ਜਾਪਦੈ ਸੁੰਨਾ ਚੁਫੇਰਾ ਮਨ ਬੜਾ ਬੇਚੈਨ ਹੈ’, ਸਾਹਿਤ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਪਣੀ ਨਵੀਂ ਕਵਿਤਾ ‘ਆਜ਼ਾਦੀ ਲਫ਼ਜ ਨਹੀਂ ਮੰਜ਼ਲ ਹੈ, ਪੰਧ ਲੰਮੇਰਾ ਹੈ ਪਰ ਅਮੁੱਕ ਨਹੀਂ’, ਹਾਜ਼ਰੀਨ ਨਾਲ਼ ਸਾਂਝੀ ਕੀਤੀ। ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਪਾਪਾ ਉਦਾਸ ਨੇ’ ਪੜ੍ਹੀ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਆਪਣਾ ਖ਼ੂਬਸੂਰਤ ਗੀਤ ‘ਮੇਰਾ ਪਿੰਡ ਹੁਣ ਪਿੰਡ ਰਿਹਾ ਨੀਂ ਮੇਰਾ ਪਿੰਡ ਹੁਣ ਸ਼ਹਿਰ ਹੋ ਗਿਆ’ ਤਰੰਨਮ ਵਿੱਚ ਪੇਸ਼ ਕੀਤਾ, ਬਲਵੰਤ ਮਾਂਗਟ ਨੇ ਗ਼ਜ਼ਲ ‘ਜ਼ਿੰਦਗੀ ਕੋਲ਼ੋ ਡਰ ਨਾ ਜਾਇਓਂ, ਮਰਨ ਤੋਂ ਪਹਿਲਾਂ ਮਰ ਨਾ ਜਾਇਓਂ’ ਅਤੇ ਦੀਪ ਦਿਲਬਰ ਨੇ ਆਪਣਾ ਨਵਾਂ ਲਿਖਿਆ ਗੀਤ- ‘ਬੜੀਆਂ ਮਨ ਦੀਆਂ ਗੱਲਾਂ ਸੁਣੀਆਂ ਹੁਣ ਮੇਰੀ ਵੀ ਇੱਕ ਸੁਣ ਲਓ, ਹਰ ਵਾਰੀ ਲੀਡਰ ਜਿੱਤਦੇ ਇਸ ਵਾਰੀ ਮੈਨੂੰ ਚੁਣ ਲਓ, ਅੱਜ ‘ਦੀਪ’ ਦੇ ਰਾਹੀਂ ਦੇ ਕੇ ਹੋਕਾ ਬੋਲ ਰਿਹਾਂ, ਤੁਸੀਂ ਸੁਣ ਲਓ ਮੇਰੀ ਲੋਕੋ ਮੈਂ ਨੋਟਾ ਬੋਲ ਰਿਹਾਂ’ ਸੁਣਾਇਆ ਜੋ ਮੀਟਿੰਗ ਦਾ ਸਿਖ਼ਰ ਹੋ ਨਿਬੜਿਆ।
                ਪੜ੍ਹੀਆਂ ਗਈਆਂ ਰਚਨਾਵਾਂ ਉੱਪਰ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਨਿੰਦਰ ਗਿੱਲ ਜੰਡਾਲੀ, ਸੰਦੀਪ ਸਮਰਾਲਾ, ਗੁਰਭਗਤ ਸਿੰਘ ਗਿੱਲ ਭੈਣੀ ਸਾਹਿਬ, ਮਾ. ਮੇਘ ਸਿੰਘ ਜਵੰਦਾ, ਮਾ. ਪੁਖਰਾਜ ਸਿੰਘ ਘੁਲਾਲ, ਅਮਨਦੀਪ ਕੌਸ਼ਲ ਸਮਰਾਲਾ, ਹਰਜਿੰਦਰ ਸਿੰਘ, ਪੱਤਰਕਾਰ ਸੁਰਜੀਤ ਸਿੰਘ ਵਿਸ਼ਾਦ, ਪਰਮਜੀਤ ਸਿੰਘ ਰਾਏ, ਅਮਨਦੀਪ ਸਿੰਘ ਆਜ਼ਾਦ, ਲਖਵਿੰਦਰਪਾਲ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਜੰਡਾਲੀ ਅਤੇ ਗੁਰਪ੍ਰੀਤ ਸਿੰਘ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ ਅਤੇ ਮੀਟਿੰਗ ਦੇ ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply