Saturday, April 20, 2024

ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ

PPN12091407
ਬਟਾਲਾ, 13 ਸਤੰਬਰ (ਨਰਿੰਦਰ ਬਰਨਾਲ ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਬੀ.ਯੂ.ਸੀ.ਕਾਲਜ, ਬਟਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਅੱਜ ਕਾਲਜ ਦੇ ਕਾਨਫਰੰਸ ਹਾਲ ਵਿੱਚ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਆਪਣੇ ਸੁਆਗਤੀ ਸ਼ਬਦਾਂ ਨਾਲ ਕੀਤੀ। ਉਨ੍ਹਾਂ ਨੇ ਸਾਰੇ ਵਿਦਵਾਨਾਂ, ਸ਼ਾਇਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਕਾਲਜ ਅਜਿਹੇ ਸਮਾਗਮਾਂ ਲਈ ਹਮੇਸ਼ਾਂ ਹਾਜ਼ਰ ਹੈ। ਪ੍ਰੋ.ਸੁਰਜੀਤ ਜੱਜ ਨੇ ਉਦਘਾਟਨੀ ਸ਼ਬਦਾਂ ‘ਚ ਕਿਹਾ ਕਿ ਪੰਜਾਬੀ ਕਵਿਤਾ ਹਮੇਸ਼ਾਂ ਸਥਾਪਤੀ ਵਿਰੋਧੀ ਸੁਰ ਅਤੇ ਚੰਗਾ ਮਨੁੱਖ ਸਿਰਜਣ ਲਈ ਜਾਣੀ ਜਾਂਦੀ ਰਹੀ ਹੈ।ਪਰ ਅੱਜ ਅਨੇਕਾਂ ਕਾਰਨਾਂ ਕਰਕੇ ਪੰਜਾਬੀ ਕਵਿਤਾ ਨਿਸੱਤੀ ਹੋ ਗਈ ਲੱਗਦੀ ਹੈ। ਇਸ ਵਿੱਚੋਂ ਨਵੇਂ ਸੁਪਨੇ ਸਿਰਜਣ ਦੀ ਸਮਰੱਥਾ ਖੀਣ ਹੋ ਰਹੀ ਹੈ ਅਤੇ ਪੰਜਾਬੀ ਕਵਿਤਾ ਵਿੱਚ ਪਹਿਲਾਂ ਵਾਲਾ ਸਾਹ-ਸਤ ਨਹੀਂ ਰਿਹਾ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਉਕਤ ਤੋਂ ਛੁੱਟ ਸ਼੍ਰੋਮਣੀ ਸ਼ਾਇਰ ਸ਼੍ਰੀ ਪ੍ਰਮਿੰਦਰਜੀਤ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਰਵਿੰਦਰ ਅਤੇ ਡਾ. ਸੈਮੂਅਲ ਗਿੱਲ ਨੇ ਕੀਤੀ। ਸਮਾਗਮ ਦੇ ਦੂਜੇ ਪੜਾਅ ਵਿੱਚ ਡਾ. ਲਖਵਿੰਦਰ ਜੌਹਲ ਦੀ ਨਵ-ਪ੍ਰਕਾਸ਼ਿਤ ਪੁਸਤਕ ”ਸ਼ਬਦਾਂ ਦੀ ਸੰਸਦ” ਉੱਪਰ ਪੇਪਰ ਪੇਸ਼ ਕਰਦਿਆਂ ਕਿਹਾ ਕਿ ਡਾ. ਜੌਹਲ ਦੀ ਕਵਿਤਾ ਮਨੁੱਖੀ ਦੁੱਖ ਦਲਿੱਦਰ ਦੀ ਗੱਲ ਕਰਦੀ ਹੋਈ ਉਸ ਦਾ ਹੱਲ ਵੀ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਰਾਸਤ ਦੇ ਦੋਵੇਂ ਪੱਖ ਹਨ, ”ਬਲਸ਼ਾਲੀ ਅਤੇ ਪਿਛਾਂਹ ਲੈ ਜਾਣੀ ਵਾਲੀ”। ਡਾ. ਜੌਹਲ ਨੇ ਵਿਰਾਸਤ ਨੂੰ ਖ਼ੂਬਸੂਰਤੀ ਨਾਲ ਵਰਤਿਆ ਹੈ। ਸ਼੍ਰੀ ਪ੍ਰਮਿੰਦਰਜੀਤ ਨੇ ਡਾ. ਥਿੰਦ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਕਵਿਤਾ ਵਿੱਚ ਪੇਤਲਾਪਨ ਆ ਰਿਹਾ ਹੈ ਪਰ ਡਾ. ਜੌਹਲ ਪ੍ਰਗਤੀਸ਼ੀਲ ਕਾਵਿਕ ਮਹਾਂਦਰੇ ਨੂੰ ਹੋਰ ਪੁਖ਼ਤਾ ਕਰਨ ਵਿੱਚ ਸਫ਼ਲ ਹੋਇਆ ਹੈ। ਇਸ ਤੋਂ ਬਾਅਦ ਭੁਪਿੰਦਰ ਕੌਰ ਪ੍ਰੀਤ ”ਬਰਸੇ ਮੇਘੁ ਸਖੀ” ਉੱਪਰ ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਇਹ ਕਵਿਤਾ ਨਾਰੀ ਵਿਅਕਤਿਤਵ ਨੂੰ ਪੇਸ਼ ਚੁਣੌਤੀਆਂ ਦੇ ਸਨਮੁੱਖ ਹੁੰਦੀ ਹੈ ਪਰ ਕਈ ਵਾਰ ਤਿਲਕਵਾਂ ਯਥਾਰਥ ਸਾਡੇ ਕਵੀਆਂ ਹੱਥੋਂ ਤਿਲਕ ਜਾਂਦਾ ਹੈ। ਸਾਡੇ ਕਵੀ ਆਧੁਨਿਕ ਸੁਖ ਸਹੂਲਤਾਂ ਤਾਂ ਮਾਣ ਰਹੇ ਹਨ ਪਰ ਕੁਝ ਸ਼ਾਇਰ ਪਿੱਛੇ ਪਰਤ ਰਹੇ ਹਨ। ਉਨ੍ਹਾਂ ਭੁਪਿੰਦਰ ਪ੍ਰੀਤ ਦੀ ਕਵਿਤਾ ”ਸ਼ੋਰ” ਦਾ ਉਚੇਚਾ ਜ਼ਿਕਰ ਕੀਤਾ ਅਤੇ ਸ੍ਰੋਜ ਸਦੀਪ ਵੱਲੋਂ ਲਿਖੀ ਭੂਮਿਕਾ ਨਾਲ ਸੰਵਾਦ ਰਚਾਇਆ। ਇਸ ਕਵਿਤਾ ਬਾਰੇ ਚਰਚਾ ਨੂੰ ਸਮੇਟਦਿਆਂ ਡਾ. ਰਵਿੰਦਰ ਨੇ ਕਿਹਾ ਕਿ ਕਵਿਤਾ ਨੂੰ ਕੇਵਲ ਬਾਹਰਮੁਖੀ ਹੀ ਨਹੀਂ ਸਗੋਂ ਅੰਦਰਲੇ ਮੋਹ ਨੂੰ ਵੀ ਖੋਜਣਾ ਚਾਹੀਦਾ ਹੈ। ਉਨ੍ਹਾਂ ਜਾਂ ਪਾਲ ਸਾਰਤਰ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਆਖਿਆ ਕਿ ”ਜ਼ਿੰਦਗੀ ਹੀ ਜ਼ਿੰਦਗੀ ਹੈ ਅਤੇ ਇਹ ਹੀ ਕਵਿਤਾ ਦਾ ਵਸਤੂ ਹੈ”। ਸਿਮਰਜੀਤ ਸਿੰਮੀ ਦੀ ਕਾਵਿ ਕਿਤਾਬ ”ਵਣਜ” ਉੱਪਰ ਡਾ. ਸੈਮੂਅਲ ਗਿੱਲ ਨੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਇਹ ਕਵਿਤਾ ਸਵੈ ‘ਚੋਂ ਸਵੈ ਦੀ ਤਲਾਸ਼ ਹੈ ਅਤੇ ਮਰਦਾਵੀਂ ਹਉ ਤੋਂ ਮੁਕਤ ਹੈ। ਡਾ. ਸੈਮੂਅਲ ਗਿੱਲ ਅਨੁਸਾਰ ਕਿ ਇਸ ਕਿਤਾਬ ਦਾ ਸਾਰ ਤੱਤ ਇਹ ਹੈ ਕਿ ਜੇ ਸੱਚੀ ਮੁਹੱਬਤ ਪਾਉਣੀ ਹੈ ਤਾਂ ਸਾਨੂੰ ਕੁਦਰਤ ਵੱਲ ਪਰਤਣਾ ਚਾਹੀਦਾ ਹੈ। ਡਾ. ਸੁਰਜੀਤ ਬਰਾੜ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਅੱਜ ਦੀ ਗੋਸ਼ਟੀ ਹਰ ਪੱਖ ਤੋਂ ਸਫ਼ਲ ਹੈ। ਅੱਜ ਦੇ ਸਮਾਗਮ ਦੇ ਅੰਤ ਵਿੱਚ ਸਰਵ ਸ਼੍ਰੀ ਪ੍ਰਮਿੰਦਰਜੀਤ, ਪ੍ਰੋ. ਸੁਰਜੀਤ ਜੱਜ, ਡਾ. ਸੁਰਜੀਤ ਬਰਾੜ, ਭੁਪਿੰਦਰ ਕੌਰ ਪ੍ਰੀਤ, ਸਿਮਰਜੀਤ ਸਿੰਮੀ, ਸੁਖਦੇਵ ਪ੍ਰੇਮੀ, ਵਰਗਿਸ ਸਲਾਮਤ, ਸੁਲਤਾਨ ਭਾਰਤੀ, ਅਵਤਾਰ ਦਿਲਬਰ, ਅਜੀਤ ਕਮਲ, ਸੁੱਚਾ ਸਿੰਘ ਰੰਧਾਵਾ, ਚੰਨ ਬੋਲ਼ੇਵਾਲੀਆ, ਰੋਜ਼ੀ ਸਿੰਘ, ਬਲਵਿੰਦਰ ਗੰਭੀਰ, ਸੁਰਿੰਦਰ ਸਿੰਘ ਨਿਮਾਣਾ, ਪ੍ਰਤਾਪ ਪਾਰਸ, ਸੁਭਾਸ਼ ਸੂਫੀ ਅਤੇ ਦੁਖਭੰਜਨ ਸਿੰਘ ਰੰਧਾਵਾ ਨੇ ਆਪਣੀਆਂ ਤਾਜ਼ੀਆਂ ਕਾਵਿ ਰਚਨਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਖਚਾ-ਖੱਚ ਭਰੇ ਹਾਲ ਵਿੱਚ ਇਸ ਸਮਾਗਮ ਦਾ ਸੰਚਾਲਨ ਡਾ. ਅਨੂਪ ਸਿੰਘ, ਸੰਧੂ ਬਟਾਲਵੀ ਤੇ ਵਰਗਿਸ ਸਲਾਮਤ ਨੇ ਸਫ਼ਲਤਾ ਸਹਿਤ ਕੀਤਾ। ਉਪਰੋਕਤ ਵਿਦਵਾਨਾਂ ਅਤੇ ਸ਼ਾਇਰਾਂ ਤੋਂ ਛੁੱਟ ਸਰਵ ਸ਼੍ਰੀ ਦੇਵਿੰਦਰ ਦੀਦਾਰ, ਨਰਿੰਦਰ ਬਰਨਾਲ, ਜਸਵੰਤ ਹਾਂਸ, ਬਲਦੇਵ ਸਿੰਘ ਵਾਹਲਾ, ਬਲਦੇਵ ਸਿੰਘ ਰੰਧਾਵਾ, ਦਲਬੀਰ ਸਿੰਘ ਨਠਵਾਲ, ਵਿਨੋਦ ਸ਼ਾਇਰ, ਸੁਖਜਿੰਦਰ ਸਿੰਘ ਪਾਰਸ, ਨਰਿੰਦਰ ਸੰਘਾ, ਅਮਾਨਤ ਮਸੀਹ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਤੇ ਐਮ.ਏ. (ਪੰਜਾਬੀ) ਕਲਾਸਾਂ ਦੇ ਵਿਦਿਆਰਥੀ ਸ਼ਾਮਲ ਹੋਏ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply