Friday, March 29, 2024

ਆਜ਼ਾਦੀ 67 ਵਰ੍ਹਿਆਂ ਦੀ ਹੋਈ ਪਰ ਮੁੱਢਲੀਆਂ ਸਹੂਲਤਾਂ ਹਰ ਵਾਰ ਬਣਦੀਆਂ ਚੋਣ ਮੁੱਦੇ

PPN10303
ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਦੇਸ਼ ਦੀ ਵੰਡ ਤੋਂ ਬਾਅਦ 16ਵੀਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 67 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਅੱਜ ਵੀ ਖ਼ਾਸ ਕਰਕੇ ਸਰਹੱਦੀ ਖੇਤਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਸਿਆਸੀ ਪਾਰਟੀਆਂ ਦੇ ਆਗੂ ਹਰ ਵਾਰ ਚੋਣਾਂ ਦੌਰਾਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਦਾਅਵਾ ਕਰਦੇ ਹਨ ਪਰ ਪੰਜ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਿਆਸੀ ਆਗੂ ਕੀਤੇ ਵਾਅਦਿਆਂ ਨੂੰ ਮੁੜ ਦੁਹਰਾਉਂਦੇ ਨਜ਼ਰ ਆ ਰਹੇ ਹਨ। ਲੋਕ ਬੇਵੱਸ ਹੋਏ ਆਪਣੀਆਂ ਮੁੱਢਲੀਆਂ ਸਹੂਲਤਾਂ ਦੀਆਂ ਜ਼ਰੂਰਤਾਂ ਇਨ੍ਹਾਂ ਸਿਆਸੀ ਆਗੂਆਂ ਅੱਗੇ ਰੱਖਦੇ ਹਨ। ਪਿੰਡਾਂ ਵਿਚ ਹੋਰ ਤਾਂ ਹੋਰ ਕੀ ਵਿਕਾਸ ਹੋਣੇ, ਅੱਜ ਪੇਂਡੂ ਖੇਤਰ ਵਿਚ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਹੋ ਰਿਹਾ। ਜਿਸ ਨਾਲ ਲੋਕ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਿੱਖਿਆ ਪੱਖੋਂ ਤਾਂ ਸਰਹੱਦੀ ਖੇਤਰ ਦਾ ਬਹੁਤ ਹੀ ਮਾੜਾ ਹਾਲ ਹੈ। ਉਚ ਸਿੱਖਿਆ ਲੈਣ ਲਈ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਹਰ ਸਾਲ ਪੰਜਾਬ ਤੋਂ ਬਾਹਰਲੇ ਸੂਬਿਆਂ ਵੱਲ ਕੂਚ ਕਰਦੇ ਹਨ। ਸਰਹੱਦੀ ਖੇਤਰ ਅੰਦਰ ਸਨਅਤਾਂ ਨਾਲ ਲਗਣ ਕਾਰਨ ਬੇਰੁਜ਼ਗਾਰੀ ਮੂੰਹ ਅੱਡੀ ਖੜੀ ਹੈ, ਹਰ ਚੋਣ ਵਿਚ ਸਿਆਸੀ ਆਗੂ ਸਰਹੱਦੀ ਜ਼ਿਲ੍ਹਿਆਂ ਦਾ ਪਛੜਾਪਨ ਦੂਰ ਕਰਨ ਦੇ ਵੱਡੇ ਵੱਡੇ ਵਾਅਦੇ ਕਰਦੇ ਹਨ, ਪਰ 67 ਸਾਲਾਂ ਬਾਅਦ ਵੀ ਫ਼ਾਜ਼ਿਲਕਾ ਵਰਗੇ ਸਰਹੱਦੀ ਖੇਤਰ ਵਿਚ ਕੇਂਦਰ ਜਾ ਪੰਜਾਬ ਸਰਕਾਰ ਵੱਲੋਂ ਇਕ ਯੂਨਿਟ ਵੀ ਸਨਅਤ ਦਾ ਸਥਾਪਿਤ ਨਹੀ ਕੀਤਾ ਗਿਆ। ਸਫ਼ਾਈ ਪੱਖੋਂ ਵੀ ਲੋਕਾਂ ਦਾ ਜਿਊਣਾ ਦੁਰਲੱਭ ਹੈ। ਸਿਹਤ ਸੇਵਾਵਾਂ ਪੱਖੋਂ ਤਾਂ ਇਸ ਸਰਹੱਦੀ ਖੇਤਰ ਦਾ ਜਨਾਜ਼ਾ ਹੀ ਨਿਕਲ ਚੁੱਕਿਆ ਹੈ। ਇੱਥੋਂ ਤੱਕ ਕਿ ਛੋਟੇ ਜਿਹੇ ਰੋਗ ਦੀ ਪਛਾਣ ਵੀ ਇੱਥੋਂ ਦੇ ਹਸਪਤਾਲਾਂ ਵਿਚ ਨਹੀਂ ਹੁੰਦੀ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ, ਦੂਜੇ ਸੂਬਿਆਂ ਦੇ ਵੱਡੇ ਹਸਪਤਾਲਾਂ ਵਿਚ ਜਾ ਕੇ ਲੋਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਹਰ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਮੁੱਢਲੀਆਂ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ। ਪਰ ਪਰਨਾਲਾ ਉਥੇ ਦਾ ਉਥੇ ਹੈ। ਨਾਰਦਰਨ ਰੇਲਵੇ ਪਸੰਜਰ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਦਾ ਕਹਿਣਾ ਹੈ ਕਿ ਰੇਲਵੇ ਪੱਖੋਂ ਫ਼ਾਜ਼ਿਲਕਾ ਇਲਾਕੇ ਨੂੰ ਸਾਰੀਆਂ ਸਰਕਾਰਾਂ ਨੇ ਵਿਸਾਰਿਆ ਹੋਇਆ ਹੈ। ਰਾਜਸਥਾਨ ਦੇ ਸ਼ਹਿਰ ਗੰਗਾਨਗਰ ਤੋਂ ਜੰਮੂ ਤਵੀ ਲਈ ਇਕ ਹਫ਼ਤਾਵਾਰੀ ਗੱਡੀ ਇੱਥੋਂ ਚੱਲਣੀ ਸ਼ੁਰੂ ਹੋਈ ਸੀ, ਸਿਆਸੀ ਪਹੁੰਚ ਨਾ ਹੋਣ ਕਾਰਨ ਇਸ ਗੱਡੀ ਦਾ ਰੂਟ ਫ਼ਾਜ਼ਿਲਕਾ ਤੋਂ ਬਦਲ ਕੇ ਮਲੋਟ ਗਿੱਦੜਬਾਹਾ ਕਰ ਦਿੱਤਾ ਗਿਆ। ਫ਼ਾਜ਼ਿਲਕਾ ਤੋਂ ਸਿੱਧੀ ਦਿੱਲੀ ਲਈ ਢੁਕਵੇਂ ਸਮੇਂ ਦੀ ਕੋਈ ਗੱਡੀ ਨਹੀਂ ਹੈ। ਤਿੰਨ ਤਿੰਨ ਡੱਬਿਆਂ ਵਾਲੇ ਡੀ.ਐਮ.ਯੂ ਗੱਡੀਆਂ ਦੇ ਆਸਰੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਪੰਜਾਬ ਰੋਡਵੇਜ ਦੀ ਮਾੜੀ ਹਾਲਤ ਹੈ। ਸ਼ਾਮ 5 ਵਜੇ ਤੋਂ ਬਾਅਦ ਵੱਡੇ ਸ਼ਹਿਰਾਂ ਵੱਲ ਜਾਣ ਲਈ ਕੋਈ ਵੀ ਬੱਸ ਫ਼ਾਜ਼ਿਲਕਾ ਤੋਂ ਨਹੀਂ ਜਾਂਦੀ। ਪਿੰਡਾਂ ਅੰਦਰ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਲਈ ਪੱਕੇ ਖਾਲ਼ਿਆਂ ਦੀ ਘਾਟ ਸਰਹੱਦੀ ਪਿੰਡਾਂ ਵਿਚ ਨਹਿਰੀ ਪਾਣੀ ਦੀ ਘਾਟ ਲਈ ਹਰ ਸਾਲ ਸੰਘਰਸ਼ ਕਰਦੇ ਪਿੰਡਾਂ ਦੇ ਲੋਕ ਨਾ ਨਹਿਰਾਂ ਦਾ ਵਿਕਾਸ, ਨਾ ਨਹਿਰਾਂ ਵਿਚ ਪੂਰਾ ਪਾਣੀ ਛੱਡਣ ਲਈ ਨਹਿਰਾਂ ਦੀ ਮੁਰੰਮਤ ਇਹ ਸਭ ਮੁੱਦੇ ਹਰ ਚੋਣ ਵਿਚ ਭਾਰੂ ਹੁੰਦੇ ਹਨ ਪਰ ਫ਼ਿਰ ਵੀ ਚੋਣਾਂ ਸਮੇਂ ਸਿਆਸੀ ਆਗੂ ਵਿਕਾਸ ਦੇ ਦਮਗਜੇ ਮਾਰਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਲੋਕਾਂ ਨੂੰ ਵੱਡੇ ਵੱਡੇ ਵਿਕਾਸ ਦੀਆਂ ਦੁਹਾਈਆਂ ਪਾ ਕੇ ਵੋਟਾਂ ਬਟੋਰਨ ਲਈ ਅਪੀਲ ਕਰਨਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply