Saturday, April 20, 2024

ਮਾਮਲਾ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਲਾਹੁਣ ਤੇ ਕਰਾਰਾਂ ਦੀ ਬੇਅਦਬੀ ਦਾ—- ਤਮਾਸ਼ਾ ਵੇਖਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀਤੀ ਜਾਵੇ ਸਖਤ ਕਾਰਵਾਈ – ਗਿਆਨੀ ਗੁਰਬਚਨ ਸਿੰਘ

ਦੋਸ਼ੀਆ ਨੂੰ ਸਜਾਵਾ ਦਿਵਾਉਣ ਲਈ ਸਿੱਖ ਸਮਾਜ ਦਾ ਪੂਰਾ ਪੂਰਾ ਸਾਥ ਦੇਵਾਂਗੇ- ਦਲਿਤ ਐਕਸ਼ਨ ਕਮੇਟੀ (ਭਾਰਤ)

PPN150305

 ਅੰਮ੍ਰਿਤਸਰ, 15 ਮਾਰਚ ( ਪੰਜਾਬ ਪੋਸਟ ਬਿਊਰੋ)-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜਿਲਾ ਪ੍ਰਸ਼ਾਸ਼ਨ ਨੂੰ ਤਾੜਨਾ ਕਰਦਿਆ ਕਿਹਾ ਕਿ ਭੰਡਾਰੀ ਪੁੱਲ ‘ਤੇ ਇੱਕ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਦੀ ਬੇਅਦਬੀ ਕਰਨ ਅਤੇ ਕੁੱਟਮਾਰ ਕਰਨ ਵਾਲੇ ਦੋਸ਼ੀਆ ਤੇ ਮੂਕ ਦਰਸ਼ਕ ਬਣ ਕੇ ਤਮਾਸ਼ਾਂ ਵੇਖਣ ਵਾਲੇ ਪੁਲੀਸ ਅਧਿਕਾਰੀਆ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਸਰੇ ਧਰਮ ਦੇ ਵਿਅਕਤੀ ਦੀ ਬੇਅਦਬੀ ਕਰਨ ਦਾ ਕੋਈ ਅਧਿਕਾਰ ਨਹੀ ਹੈ ਅਤੇ ਅੰਮ੍ਰਿਤਧਾਰੀ ਦੇ ਸਿੰਘ ਦੀ ਦਸਤਾਰ ਤੇ ਕਰਾਰਾਂ ਦੀ ਬੇਅਦਬੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਜਥੇਬੰਦੀ ਆਪਣੀਆ ਮੰਗਾਂ ਦੇ ਹੱਕ ਵਿੱਚ ਧਰਨਾ ਦਿੰਦੀ ਹੈ ਤਾਂ ਉਸ  ਦੇ ਕਾਰਕੁੰਨਾਂ ਨੂੰ ਕਿਸੇ ਵੀ ਵਿਅਕਤੀ ਦੀ ਕੁੱਟਮਾਰ ਕਰਨ ਤੇ ਉਸਦੇ ਧਾਰਮਿਕ ਚਿੰਨਾ ਦੀ ਬੇਅਦਬੀ ਕਰਨ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਜਾਂਦੀ ਹੈ ਨਾ ਕਿ ਕਿਸੇ ਵਿਅਤਕੀ ਦੀ ਹੁੰਦੀ ਕੁੱਟਮਾਰ ਨੂੰ ਮੂਕ ਦਰਸ਼ਕ ਬਣ ਵੇਖਣ ਲਈ ਹੁੰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਸ਼ੁਸ਼ੀਲ ਕੁਮਾਰ ਨਾਮ ਦਾ ਇੱਕ ਐਸ.ਐਚ.ਓ ਮੌਕੇ ਤੇ ਮੌਜੂਦ ਸੀ ਪਰ ਉਹ ਤੇ ਉਸ ਦੇ ਸਾਥੀ ਇੱਕ ਅੰਮ੍ਰਿਤਧਾਰੀ ਸਿੰਘ ਦੀ ਹੁੰਦੀ ਕੁੱਟਮਾਰ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਜੋ ਪੁਲੀਸ ਵਿਭਾਗ ਦੀ ਵਰਦੀ ਤੇ ਕਾਲਾ ਧੱਬਾ ਹਨ। ਉਹਨਾਂ ਜਿਲਾ ਪੁਲੀਸ ਕਮਿਸ਼ਨਰ ਸ੍ਰ ਜਤਿੰਦਰ ਸਿੰਘ ਔਲਖ ਨੂੰ ਤਾੜਨਾ ਕਰਦਿਆ ਕਿਹਾ ਕਿ ਉਹ ਖੁਦ ਇਸ ਘਟਨਾ ਦੀ ਜਾਂਚ ਕਰਨ ਤੇ ਉਹਨਾਂ ਪੁਲੀਸ ਅਧਿਕਾਰੀਆ ਦੇ ਖਿਲਾਫ ਵੀ ਕਾਰਵਾਈ ਨੂੰ ਯਕੀਨੀ ਬਣਾਉਣ ਜਿਹੜੇ ਮੌਕੇ ਤੇ ਮੌਜੂਦ ਸਨ। ਉਹਨਾਂ ਕਿਹਾ ਕਿ ਸ਼ੁਸ਼ੀਲ ਕੁਮਾਰ ਤੇ ਉਸ ਦੇ ਸਾਥੀਆ ਨੂੰ ਬਿਨਾਂ ਕਿਸੇ ਦੇਰੀ ਦੇ ਮੁਅੱਤਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ  ਪੁਲੀਸ ਨੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਅਤੇ ਦੋਸ਼ੀ ਪੁਲੀਸ ਅਧਿਕਾਰੀਆ ਦੇ ਖਿਲਾਫ ਕਾਰਵਾਈ ਕਰਨ ਤੋ ਆਨਾਕਾਨੀ ਕੀਤੀ ਤਾਂ ਸਖਤ ਤੋ ਸਖਤ ਐਕਸ਼ਨ ਲੈਣ ਤੋ ਵੀ ਗੁਰੇਜ਼ ਨਹੀ ਕੀਤਾ ਜਾਵੇਗਾ।
ਜਿਲਾ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲੀਸ ਸ੍ਰੀ ਪਰਮਪਾਲ ਸਿੰਘ ਨੇ ਕਿਹਾ ਕਿ ਹਾਲ ਗੇਟ ਦੇ ਬਾਹਰ ਸਪੇਅਰ ਪਾਰਟਸ ਦੀ ਦੁਕਾਨ ਕਰਨ ਵਾਲੇ ਜਸਮੀਤ ਸਿੰਘ ਦੀ ਦਸਤਾਰ ਲਾਹੁਣ ਵਾਲੇ ਦੋਸ਼ੀਆ ਵਿੱਚੋ ਇੱਕ ਵਿਅਕਤੀ ਗੁਰਿੰਦਰਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋ  ਪੁੱਛਗਿੱਛ ਜਾਰੀ ਹੈ। ਉਹਨਾਂ ਕਿਹਾ ਕਿ ਬਾਕੀ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਵੱਲੋ ਛਾਪਾਮਰੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਮੌਕੇ ਦੀ ਸੀ.ਡੀ. ਵੇਖੀ ਜਾ ਰਹੀ ਹੈ ਅਤੇ ਜਿਹਨਾਂ ਪੁਲੀਸ ਅਧਿਕਾਰੀਆ ਦੀ ਗਲਤੀ ਤੇ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ ਹੈ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ ।
ਇਸੇ ਤਰਾ ਦਲਿਤ ਜਥੇਬੰਦੀ ਐਕਸ਼ਨ ਕਮੇਟੀ (ਭਾਰਤ) ਦੇ ਚੇਅਰਮੈਨ ਡਾਂ ਇੰਦਰਪਾਲ ਨੇ ਵਾਪਰੀ ਮੰਦਭਾਗੀ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਇਸ ਘਟਨਾ ਲਈ ਵਿਸ਼ੇਸ਼ ਤੌਰ ਤੇ ਪੁਲੀਸ ਜਿੰਮੇਵਾਰ ਹੈ ਕਿਉਕਿ ਉਹਨਾਂ ਨੇ ਆਪਣੇ ਐਕਸ਼ਨ ਦਾ ਕਈ ਦਿਨ ਪਹਿਲਾਂ ਹੀ ਪ੍ਰਸ਼ਾਸ਼ਨ ਨੂੰ ਦੱਸ ਦਿੱਤਾ ਸੀ ਪਰ ਪੁਲੀਸ ਨੇ ਜਾਣ ਬੁੱਝ ਕੇ ਇਹ ਘਟਨਾ ਨੂੰ ਅੰਜਾਮ ਦੇਣ ਲਈ ਕੁਝ ਸ਼ਰਾਰਤੀ ਅਨਸਰਾਂ ਦੀ ਪੁਸ਼ਤ ਪਨਾਹੀ ਕੀਤੀ ਹੈ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋ ਵੀ ਖਿਮਾ ਦੇ ਜਾਚਕ ਹਨ ਕਿ ਘਟਨਾ ਬਾਲਮੀਕੀ ਸਮਾਜ ਵੱਲੋ ਆਪਣੀਆ ਮੰਗਾਂ ਦੇ ਹੱਕ ਵਿੱਚ ਦਿੱਤੇ ਜਾ ਰਹੇ ਧਰਨੇ ਸਮੇਂ ਵਾਪਰੀ ਹੈ। ਉਹਨਾਂ ਕਿਹਾ ਕਿ ਉਹ ਦੋਸ਼ੀਆ ਨੂੰ ਸਜਾਵਾ ਦਿਵਾਉਣ ਲਈ ਸਿੱਖ ਸਮਾਜ ਦਾ ਪੂਰਾ ਪੂਰਾ ਸਾਥ ਦੇਣਗੇ। ਉਹਨਾਂ ਸਰਕਾਰ ਤੋ ਵੀ ਮੰਗ ਕੀਤੀ ਕਿ ਇੱਕ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਤੇ ਕਰਾਰਾਂ ਦੇ ਬੇਅਦਬੀ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰਨ ਤੋ ਇਲਾਵਾ ਉਹਨਾਂ ਪੁਲੀਸ ਅਧਿਕਾਰੀਆ ਤੇ ਮੁਲਾਜਮਾ ਨਾਲ ਵੀ ਮੁਜਰਿਮਾਂ ਵਾਲਾ ਹੀ ਵਿਹਾਰ ਕੀਤਾ ਜਾਵੇ ਜਿਹਨਾਂ ਕਾਰਨ ਇਹ ਘਟਨਾ ਵਾਪਰੀ ਹੈ।
ਇਸੇ ਤਰਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਦੋਸ਼ੀ ਵਿਅਕਤੀਆ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਿੱਖ ਪੰਜਾਬ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਵਿੱਚ ਵੀ ਸੁਰੱਖਿਅਤ ਨਹੀ ਹਨ ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕਿਸੇ ਵੀ ਜਗਾ ਸੁਰੱਖਿਅਤ ਨਹੀ ਰਹਿ ਸਕਦੇ। ਉਹਨਾਂ ਕਿਹਾ ਕਿ ਉਹ ਕਿਸੇ ਧਰਮ ਜਾਂ ਫਿਰਕੇ ਦੇ ਖਿਲਾਫ ਨਹੀ ਹਨ ਪਰ ਇੱਕ ਅੰਮ੍ਰਿਤਧਾਰੀ ਸਿੰਘ ਦੀ ਬੇਅਦਬੀ ਕਦਾਚਿਤ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਘਟਨਾ ਨੂੰ ਅੰਜਾਮ ਦਿਵਾਉਣ ਵਿੱਚ ਪੁਲੀਸ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply