Thursday, April 25, 2024

ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ

ਮੋਹਾਲੀ, 24 ਜੁਲਾਈ (ਹਰਜਿੰਦਰ ਸਿੰਘ ਜਵੰਦਾ) – ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋੜਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਇਥੇ ਸੈਕਟਰ 70 ਮੋਹਾਲੀ ਵਿਖੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਬਾਬੂ ਸਿੰਘ ਮਾਨ ਵਲੋਂ ਲੋਕ ਅਰਪਣ ਕੀਤੀ ਗਈ।
                  ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ‘ਸਿਨੇਮਾ ਸਾਡੀ ਜਾਨ ਹੈ, ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।’ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿੱਚ ਬਹੁਤ ਘੱਟ ਸਾਹਿਤ ਸਾਹਿਤ ਲਿਖਿਆ ਗਿਆ ਹੈ।ਇਸ ਲਈ ਦਲਜੀਤ ਅਰੋੜਾ ਅਤੇ ਮਲਕੀਤ ਰੌਣੀ ਦੇ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।ਦੋ ਸਦੀਆਂ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਬਾਰੇ ਖੋਜ਼ ਕਰਨ ਵਾਲੀਆਂ ਪੀੜ੍ਹੀਆਂ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ।‘ਨਜਫਟਾ’ ਦੇ ਇਹ ਸਿਨੇਮਾ ਪ੍ਰਤੀ ਸ਼ਲਾਘਾਯੋਗ ਕੰਮ ਹਨ।
ਕਰਮਜੀਤ ਅਨਮੋਲ, ਬਲਕਾਰ ਸਿੱਧੂ, ਸਵੈਰਾਜ ਸੰਧੂ, ਮੁਨੀਸ਼ ਸਾਹਨੀ, ਸਵਿੰਦਰ ਮਾਹਲ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸਰਦਾਰ ਸੋਹੀ ਨੇ ਵੀ ਸੰਬੋਧਨ ਕਰਦਿਆਂ ਪੁਸਤਕ ਦੀ ਖੂਬ ਪ੍ਰਸੰਸਾ ਕਰਦਿਆਂ ਦਲਜੀਤ ਅਰੋੜਾ ਤੇ ਮਲਕੀਤ ਰੌਣੀ ਨੂੰ ਵਧਾਈ ਦਿੱਤੀ।
                ਨਜਫਟਾ ਦੇ ਪ੍ਰਧਾਨ ਗੁਰਪ੍ਰੀਤ ਘੁਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ।ਪੰਜਾਬੀ ਫਿਲਮਾਂ 100 ਤੋਂ ਵੱਧ ਮੁਲਕਾਂ ਵਿੱਚ ਰਿਲੀਜ਼ ਹੁੰਦੀਆਂ ਹਨ।ਇਸ ਲਈ ਇਹ ਸਿਨੇਮਾ ਹੀ ਹੈ ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ।ਸੰਸਥਾ ‘ਨਜਫਟਾ’ ਇਨ੍ਹਾਂ ਸੰਭਾਵਨਾਵਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ।ਘੁੱਗੀ ਨੇ ਜਿਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਨਜਫਟਾ ਅਜਿਹੇ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਲਈ ਵੀ ਅੱਗੇ ਆਵੇਗੀ ਅਤੇ ਸਿਨੇਮਾ ਦੀ ਬਿਹਤਰੀ ਲਈ ਯਤਨਸ਼ੀਲ ਰਹੇਗੀ।ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਸੰਸਥਾ ਦੇ ਸਕੱਤਰ ਮਲਕੀਤ ਰੌਣੀ ਨੇ ਕੀਤਾ।ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ।
                    ਇਸ ਪ੍ਰੋਗਰਾਮ ਵਿੱਚ ਰਤਨ ਔਲਖ, ਅਸ਼ੀਸ਼ ਦੁੱਗਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸ਼ਤਿਜ ਚੌਧਰੀ, ਮਨਭਾਵਨ ਸਿੰਘ, ਮਨਦੀਪ ਸਿੰਘ, ਦੇਵੀ ਸ਼ਰਮਾ, ਸਾਹਿਲ ਕੋਹਲੀ, ਨਿਰਮਾਤਾ, ਦੀਪਕ ਗੁਪਤਾ, ਮਨਮੋਹਨ ਸਿੰਘ, ਮੁਨੀਸ਼ ਸਾਹਨੀ ਸਮੇਤ ਹੋਰਨਾਂ ਕਲਾਕਾਰਾਂ ਵਿੱਚ ਤਰਸੇਮ ਪੌਲ, ਪਰਮਜੀਤ ਭੰਗੂ, ਡਾ. ਰਣਜੀਤ ਸ਼ਰਮਾ, ਕੰਵਲਜੀਤ ਪ੍ਰਿੰਸ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਰਾਜ ਧਾਲੀਵਾਲ, ਭੁਪਿੰਦਰ ਬਰਨਾਲਾ, ਮਨੋਜ ਚੌਹਾਨੀ, ਗੁਰਬਿੰਦਰ ਮਾਨ, ਇਕੱਤਰ ਸਿੰਘ, ਹਰਵਿੰਦਰ ਔਜਲਾ, ਪਰਮਵੀਰ, ਗੁਰਪ੍ਰੀਤ ਸਿੰਘ ਨੀਟੂ, ਲਾਲੀ ਗਿੱਲ, ਸੁੱਖੀ ਚਾਹਲ, ਅਮਨ ਜੌਹਲ, ਜੱਸ ਸੈਂਪਲਾ, ਮਨਜੋਤ ਅਰੋੜਾ, ਸੰਜੂ ਸੋਲੰਕੀ, ਬੂਵਨ ਅਜ਼ਾਦ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …