Thursday, April 18, 2024

ਸਰਬਤ ਦਾ ਭਲਾ ਟਰੱਸਟ ਨੇ 22 ਸਾਲਾ ਅਰਬਿੰਦਰ ਦਾ ਮ੍ਰਿਤਕ ਸਰੀਰ ਵਾਰਸਾਂ ਨੂੰ ਸੌਂਪਿਆ

ਡਾ. ਓਬਰਾਏ ਦੇ ਯਤਨਾਂ ਸਦਕਾ ਇਕ ਹਫ਼ਤੇ `ਚ ਦੁਬਈ ਤੋਂ ਵਤਨ ਪੁੱਜੇ 3 ਬਦਨਸੀਬਾਂ ਦੇ ਮ੍ਰਿਤਕ ਸਰੀਰ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) – ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਤਹਿਸੀਲ ਦੇ ਪਿੰਡ ਰਸੂਲਪੁਰ ਮੱਲਾ ਦੇ 22 ਸਾਲਾ ਅਰਬਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਸਿੰਘ ਦਾ ਮ੍ਰਿਤਕ ਸਰੀਰ ਅੱਜ ਸਵੇਰੇ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪਹੁੰਚਿਆ।
                  ਇਸ ਸਬੰਧੀ ਈਮੇਲ ਰਾਹੀਂ ਜਾਰੀ ਪ੍ਰੈਸ ਬਿਆਨ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਹੈ ਕਿ ਅਰਬਿੰਦਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ `ਚ ਕੁਝ ਸਮਾਂ ਪਹਿਲਾਂ ਹੀ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ।ਪਰਿਵਾਰਕ ਮੈਂਬਰਾਂ ਦੇ ਦੱਸੇ ਮੁਤਾਬਕ ਅਰਬਿੰਦਰ ਨੂੰ ਦੁਬਈ ਲੈ ਕੇ ਜਾਣ ਵਾਲੇ ਏਜੰਟ ਨੇ ਉਸ ਨੂੰ ਕਰੀਬ ਇੱਕ ਮਹੀਨਾ ਕਮਰੇ ਅੰਦਰ ਵਿਹਲਾ ਹੀ ਬਿਠਾ ਛੱਡਿਆ ਅਤੇ ਇਸੇ ਦੌਰਾਨ ਹੀ ਉਸ ਦੇ ਦੋ ਦੋਸਤਾਂ `ਚੋਂ ਇਕ ਦੋਸਤ ਆਬੂਧਾਬੀ ਚਲਾ ਗਿਆ ਤੇ ਇੱਕ ਵਾਪਸ ਭਾਰਤ ਪਰਤ ਆਇਆ ਸੀ।ਇਸ ਉਪਰੰਤ ਅਰਬਿੰਦਰ ਮਾਨਸਿਕ ਦਬਾਅ ਹੇਠ ਆ ਗਿਆ ਅਤੇ ਉਸ ਨੇ ਆਪਣੇ ਘਰ ਵੀ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਇੱਥੇ ਸਾਹ ਘੁੱਟਦਾ ਹੈ ਅਤੇ ਦਵਾਈ ਦੀ ਜ਼ਰੂਰਤ ਹੈ।ਮ੍ਰਿਤਕ ਦੇ ਭਰਾ ਨੇ ਏਜੰਟ ਨੂੰ ਫੋਨ ਕਰਕੇ ਅਰਬਿੰਦਰ ਨੂੰ ਦਵਾਈ ਦਿਵਾਉਣ ਲਈ ਕਿਹਾ, ਪਰ ਏਜੰਟ ਨੇ ਉਸ ਦੀ ਸਾਰ ਨਹੀਂ ਲਈ।ਜਿਆਦਾ ਬਿਮਾਰ ਹੋਣ ‘ਤੇ ਉਸ ਦੇ ਸਾਥੀਆਂ ਦੇ ਕਹਿਣ ‘ਤੇ ਏਜੰਟ ਨੇ ਉਸ ਨੂੰ ਹਸਪਤਾਲ `ਚ ਦਾਖਲ ਕਰਵਾ ਦਿੱਤਾ।ਜਿਥੇ ਕਰੀਬ 4 ਦਿਨਾਂ ਪਿੱਛੋਂ ਹੀ 28 ਜੁਲਾਈ ਨੂੰ ਉਸ ਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਸਮਾਜ ਸੇਵੀ ਗੁਰਪਿੰਦਰ ਸਿੰਘ ਖ਼ਾਲਸਾ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਮ੍ਰਿਤਕ ਦੇਹ ਭਾਰਤ ਪਹੁੰਚਾਉਣ `ਚ ਸਹਿਯੋਗ ਮੰਗਿਆ ਤਾਂ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ `ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅਰਬਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਅੱਜ ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ।
                 ਇਸੇ ਦੌਰਾਨ ਹਵਾਈ ਅੱਡੇ ‘ਤੇ ਪਹੁੰਚੇ ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ, ਭਰਾ ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਭਾਨ ਸਿੰਘ, ਦਰਸ਼ਨ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸਹਿਯੋਗ ਕਰਨ `ਤੇ ਡਾ. ਐਸ.ਪੀ ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ।
ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 247 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …