Saturday, April 20, 2024

 ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਏਅਰਪੋਰਟ ਰੋਡ ਨੂੰ ਜਾਮ ਕਰਨ ਦਾ ਫੈਸਲਾ

PPN1611201401
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀ ਮੰਗ ਵੱਲ ਕੋਈ ਵੀ ਧਿਆਨ ਨਾ ਦੇਣ ਦੇ ਕਾਰਨ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਦਿਆਂ ਭੁੱਖ ਹੜਤਾਲ ਦੇ ਨਾਲ ਨਾਲ ਰੋਡ ਜਾਮ ਕਰਨ ਦਾ ਵੀ ਫੈਸਲਾ ਕਰ ਲਿਆ ਹੈ।ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਾਰਨ ਡੇਢ ਘੰਟਾ ਏਅਰਪੋਰਟ ਰੋਡ ਨੂੰ ਬਿਲਕੁੱਲ ਠੱਪ ਰਖਿਆ ਗਿਆ ਅਤੇ ਇਸ ਦੇ ਨਾਲ ਹੀ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਏਅਰਪੋਰਟ ਰੋਡ ਨੂੰ ਜਾਮ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜੇ ਬੁੱਧਵਾਰ ਤਕ ਪੰਜਾਬ ਸਰਕਾਰ ਨੇ ਸੜਕਾਂ ਦੀਆਂ ਸਾਈਡਾਂ ‘ਤੇ ਗ੍ਰਿਲਾਂ ਲਗਾਉਣ ਦੇ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਏਅਰਪੋਰਟ ਰੋਡ ਦੀਆਂ ਦੋ ਦਰਜਨ ਕਲੋਨੀਆਂ ਦੇ ਵਸਨੀਕ ਅਤੇ ਇਕ ਹਜ਼ਾਰ ਦੇ ਕਰੀਬ ਦੁਕਾਨਦਾਰ ਸੜਕਾਂ ‘ਤੇ ਆ ਬੈਠਣਗੇ ਅਤੇ ਇਥੇ ਹੀ ਲੋਕਾਂ ਵੱਲੋਂ ਆਪਣਾ ਲੰਗਰ ਤਿਆਰ ਕੀਤਾ ਜਾਵੇਗਾ।
ਅੱਜ ਗੁੰਮਟਾਲਾ ਚੌਕ ਵਿੱਚ ਧਰਨੇ ਤੋਂ ਬਾਅਦ ਮਨਦੀਪ ਸਿੰਘ, ਇਕਬਾਲ ਸਿੰਘ ਭੁੱਲਰ, ਤਰਨ ਸ਼ਰਮਾ ਅਤੇ ਅਰਵਿੰਦਰ ਪਨੂੰ ਭੁੱਖ ਹੜਤਾਲ ‘ਤੇ ਬੈਠੇ ਜਿੰਨ੍ਹਾਂ ਨੂੰ ਦੇਰ ਸ਼ਾਮ ਸਾਬਕਾ ਕੌਂਸਲਰ ਬਲਜੀਤ ਸਿੰਘ ਗੁੰਮਟਾਲਾ ਨੇ ਭੁੱਖ ਹੜਤਾਲ ਤੋਂ ਉਠਾਇਆ। ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ  ਚੋਣ ਲੜਨ ਵਾਲੇ ਡਾ. ਦਲਜੀਤ ਸਿੰਘ, ਅਸ਼ੋਕ ਤਲਵਾੜ ਅਤੇ ਕੈਪਟਨ ਵਿਜੇ ਵੱਲੋਂ ਵੀ ਏਅਰਪੋਰਟ ਰੋਡ ‘ਤੇ ਲੋਕਾਂ ਦੀ ਇਸ ਮੰਗ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਰਕਾਰ ਆਪਣੇ ਫੈਸਲੇ ‘ਤੇ ਗੌਰ ਕਰੇ ਨਹੀਂ ਤਾਂ ਲੋਕਾਂ ਨੇ ਇਹ ਦ੍ਰਿੜ ਸੰਕਲਪ ਕਰ ਲਿਆ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਸੜਕਾਂ ਦੀਆਂ ਸਾਈਡਾਂ ‘ਤੇ ਗ੍ਰਿਲ ਨਹੀਂ ਲੱਗਣ ਦੇਣਗੇ ਭਾਵੇਂ ਇਸਦੇ ਲਈ ਉਨ੍ਹਾਂ ਨੂੰ ਕਿਸੇ ਵੀ ਹੱਦ ਤਕ ਜਾਣਾ ਪਵੇ।
ਉਨ੍ਹਾਂ ਦਸਿਆ ਕਿ ਇਸ ਸਮੇਂ ਸਿਰਫ ਦੋ ਕੌਂਸਲਰਾਂ ਵੱਲੋਂ ਹੀ ਇਸ ਰੋਡ ਦੇ ਜੰਗਲਿਆਂ ਦੇ ਮਸਲੇ ਦੇ ਸਮਰਥਨ ਤੋਂ ਹੱਥ ਪਿੱਛੇ ਖਿੱਚਿਆ ਹੈ ਜਦੋਂ ਕਿ ਇਸ ਸਮੇਂ ਸਮੁੱਚੀਆਂ ਸਿਆਸੀ ਪਾਰਟੀਆਂ ਲੋਕਾਂ ਦੀ ਇਸ ਸਮਸਿਆ ਦਾ ਸਮੱਰਥਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹ ਕਿਹੜੇ ਕੌਂਸਲਰ ਹਨ ਜਦੋਂ ਕਿ ਉਹ ਇਸ ਸਮੇਂ 6 ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੀਆਂ ਹਦਾਇਤਾਂ ‘ਤੇ ਕੰਮ ਕਰ ਰਹੇ ਹਨ ਅਤੇ ਇਥੋਂ ਦੇ ਵਸਨੀਕ ਹੋਣ ਕਾਰਨ ਜੰਗਲਿਆਂ ਦੇ ਵਿਰੁੱਧ ਏਅਰਪੋਰਟ ਰੋਡ ਬਚਾਓ ਕਮੇਟੀ ਦੇ ਸਮਰਥਨ ਵਿੱਚ ਉਤਰੇ ਹਨ।
ਧਰਨੇ ਦੇ ਦੌਰਾਨ ਕੇਂਦਰੀ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ, ਸਾਬਕਾ ਐਮ.ਪੀ. ਨਵਜੋਤ ਸਿੰਘ ਸਿੱਧੂ, ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਜਦੋਂ ਧਰਨੇ ‘ਤੇ ਬੈਠੇ ਲੋਕਾਂ ਦੇ ਨੇੜਿਓਂ ਲੰਘੇ ਤਾਂ ਇਸ ਸਮੇਂ ਉਨ੍ਹਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜੀ ਕਰਕੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿਚਿਆ। ਲੋਕਾਂ ਦੀ ਸਮਸਿਆ ‘ਤੇ ਭਾਜਪਾ ਤੇ ਅਕਾਲੀ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 16 ਨਵੰਬਰ ਨੂੰ ਇਸ ਰੋਡ ਦੇ ਲੋਕਾਂ ਨੂੰ ਖੁਸ਼ਖਬਰੀ ਸੁਣਾ ਦਿੱਤੀ ਜਾਵੇਗੀ ਅਤੇ ਇਹ ਦੱਸ ਦਿੱਤਾ ਜਾਵੇਗਾ ਕਿ ਮਸਲੇ ਦੇ ਹੱਲ ਹੋਣ ਦਾ ਸੰਕੇਤ ਮਿਲਣ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਇਸ ਮਸਲੇ ਨੂੰ ਉਲਝਾਇਆ ਜਾ ਰਿਹਾ ਹੈ।’ਆਪ’ ਦੇ ਆਗੂ ਤਰਸੇਮ ਸਿੰਘ ਸੈਣੀ ਅਤੇ ਕੈਪਟਨ ਵਿਜੇ ਨੇ ਇਸ ਮੌਕੇ ਕਿਹਾ ਕਿ ਸੱਤਾਧਾਰੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਜਾਇਜ ਮੰਗ ਨੂੰ ਅੱਗੇ ਹੋ ਕੇ ਹੱਲ ਕਰਵਾਉਣ ਨਾ ਕਿ ਲੋਕਾਂ ਦੀ ਲੜੀ ਜਾ ਰਹੀ ਲੜਾਈ ਨੂੰ ਖਿੰਡਾਉਣ ਲਈ ਗਲਤ ਜਾਣਕਾਰੀ ਮੁਹੱਈਆ ਕਰਵਾਉਣ।ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਮੰਤਰੀ ਅਨਿਲ ਜੋਸ਼ੀ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂਆਂ ਤਕ ਏਅਰਪੋਰਟ ਰੋਡ ਦੇ ਜੰਗਲਿਆਂ ਦਾ ਮਾਮਲਾ ਪੁੱਜ ਚੁੱਕਾ ਹੈ, ਪਰ ਉਨ੍ਹਾਂ ‘ਤੇ ਇਸ ਗੱਲ ਦਾ ਕੋਈ ਵੀ ਅਸਰ ਇਸ ਕਰਕੇ ਨਹੀ ਹੋ ਰਿਹਾ ਕਿਉਂਕਿ ਇਸ ਨਾਲ ਲੋਕਾਂ ਦੇ ਨੁਕਸਾਨ ਦੀ ਬਜਾਏ ਇਕ ਪਾਰਟੀ ਨੂੰ ਹੋ ਰਹੇ ਵਿੱਤੀ ਨੁਕਸਾਨ ਬਾਰੇ ਵਿਚਾਰਿਆ ਜਾ ਰਿਹਾ ਹੈ।ਏਅਰਪੋਰਟ ਰੋਡ ਬਚਾਓ ਕਮੇਟੀ ਦੇ ਪ੍ਰਧਾਨ ਮਾਸਟਰ ਹਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਾਰਨ ਭੁੱਖ ਹੜਤਾਲ ਨਾਲ ਰੋਡ ਜਾਮ ਨੂੰ ਕੁਝ ਸਮੇਂ ਲਈ ਤਬਦੀਲ ਕੀਤਾ ਗਿਆ ਹੈ ਪਰ ਬੁੱਧਵਾਰ ਤਕ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਇਸ ਧਰਨੇ ਨੂੰ ਰੋਡ ਜਾਮ ਵਿੱਚ ਅਣਮਿੱਥੇ ਸਮੇਂ ਲਈ ਤਬਦੀਲ ਕਰ ਦਿੱਤਾ ਜਾਵੇਗਾ।
ਇਸ ਸਮੇਂ ਬਲਜੀਤ ਸਿੰਘ ਗੁੰਮਟਾਲਾ, ਰਜਿੰਦਰ ਸ਼ਰਮਾ, ਨਰਿੰਦਰ ਸੱਗੂ, ਬੱਬੂ ਮਾਹਲ, ਰਾਹੁਲ ਸ਼ਰਮਾ, ਮਨਦੀਪ ਬਾਵਾ, ਗੁਰਪ੍ਰੀਤ ਬੱਗਾ, ਸਵਰਨ ਸਿੰਘ ਔਲਖ, ਬੋਬੀ ਗੁੰਮਟਾਲਾ, ਗਗਨ ਛੀਨਾ ਤੋਂ ਇਲਾਵਾ ਹੋਰ ਵੀ ਇਲਾਕਾਵਾਸੀਆਂ ਵੱਲੋਂ ਭੁੱਖ ਹੜਤਾਲ ਅਤੇ ਰੋਡ ਜਾਮ ਦੌਰਾਨ ਆਪਣੀ ਹਾਜ਼ਰੀ ਲਵਾਈ ਗਈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply