Friday, March 29, 2024

ਝੂਠਾਂ ਦਾ ਮੁਕਾਬਲਾ (ਕਹਾਣੀ)

ਸ਼ਿੰਦਿਆ ਕੀ ਸਾਰਾ ਦਿਨ ਆਹ ਖਿਡੌਣਾ ਜਿਹਾ ਫੜ੍ਹ ਕੇ ਬੈਠਾ ਰਹਿਨਾ ਏ।ਕੋਈ ਗੱਲਬਾਤ ਵੀ ਕਰ ਲਿਆ ਕਰ ਸਾਡੇ ਬੁੱਢਿਆਂ ਦੇ ਨਾਲ।ਸਾਨੂੰ ਵੀ ਕੁੱਝ ਦੱਸ ਦਿਆ ਕਰ ਤੂੰ ਕੀ ਪੜ੍ਹਦਾ ਸੁਣਦਾ ਐ।
                 ਬਾਪੂ ਜੀ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ।ਤੁਹਾਡੇ ਵਾਲੇ ਸਮੇਂ ਲੰਘ ਗਏ ਨੇ ਜਦੋ ਸਾਰਾ ਕਬੀਲਾ ਇਕ ਸੂਈ ਦੇ ਵਿਚੋਂ ਨਿਕਲ ਜਾਂਦਾ ਸੀ।ਹੁਣ ਜਿੰਨੇ ਜੀਅ ਉਨ੍ਹੇ ਹੀ ਉਹਨਾਂ ਦੇ ਰਾਹ ਨੇ।ਮੈ ਤੈਨੂੰ ਕੀ ਦੱਸਾਂ ਕਿ ਅੱਜਕਲ ਮੋਬਾਈਲਾਂ ਦਾ ਜ਼ਮਾਨਾ ਆ ਗਿਆ ਏ।ਇੱਕ ਇੱਕ ਮਿੰਟ ਦੀ ਗੱਲ ਲੋਕਾਂ ਤੱਕ ਪਹੁੰਚ ਰਹੀ ਹੈ।ਜਿਸ ਨੂੰ ਤੁਸੀਂ ਖਿਡੌਣਾ ਦੱਸਦੇ ਹੋ ਨਾ, ਇਸ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੋ ਗਿਆ ਹੈ।ਅਗੇ ਇੱਕ ਰੇਡੀਓ ਹੁੰਦਾ ਸੀ।ਸਾਰਾ ਪਿੰਡ ਉਹਦੇ ਤੋਂ ਹੀ ਖਬਰਾਂ ਸੁਣ ਲੈਂਦਾ ਸੀ।ਹੁਣ ਜਿੰਨੇ ਜੀਅ ਉਨ੍ਹੇ ਹੀ ਮੋਬਾਈਲ ਰੱਖੇ ਹੋਏ ਨੇ।ਸਾਰੇ ਆਪਣੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਰਹਿੰਦੇ ਨੇ।ਇੱਕ ਗੱਲ ਜ਼ਰੂਰ ਮੈ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਹਾਂ।ਉਹ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਵਿੱਚ ਚੋਣਾਂ ਦਾ ਅਖਾੜਾ ਭਖ ਚੁੱਕਾ ਹੈ।ਮੈਂ ਇਹੋ ਹੀ ਸੋਚ ਰਿਹਾ ਹਾਂ ਕਿ ਅਗਲੀ ਸਰਕਾਰ ਕੀ ਕਰੇਗੀ।ਭਾਵੇਂ ਜਿਸ ਦੀ ਮਰਜ਼ੀ ਬਣੇ।ਪਰ ਜੋ ਲੋਕਾਂ ਨਾਲ ਇੰਨੇ ਵਾਅਦੇ ਪਏ ਕਰਦੇ ਨੇ ਉਹ ਤਾਂ ਅਗਲੇ 20 ਸਾਲ ਵੀ ਨਹੀਂ ਪੂਰੇ ਕਰ ਸਕਦੇ।ਝੂਠ ‘ਤੇ ਝੂਠ ਬੋਲਣ ਦਾ ਮੁਕਾਬਲਾ ਚੱਲ ਰਿਹਾ ਹੈ।ਆਹ ਦੇ ਦਿਆਂਗੇ ਉਹ ਦੇ ਦਿਆਂਗੇ।ਹਵਾ ਵਿੱਚ ਤੀਰ ਛੱਡਣ ਵਾਲਿਆਂ ਦਾ ਕੋਈ ਅੰਤ ਹੀ ਹੋ ਰਿਹਾ।ਇੰਨੇ ਵਾਅਦੇ ਤਾਂ ਕੋਈ ਮੰਗਤਿਆਂ ਨਾਲ ਵੀ ਨਹੀਂ ਕਰਦਾ।ਤੁਹਾਨੂੰ ਲੱਗਦਾ ਨਹੀਂ, ਕਿ ਇਹਨਾਂ ਲੀਡਰਾਂ ਨੇ ਸਾਨੂੰ ਭਿਖਾਰੀ ਸਮਝ ਰਖਿਆ ਐ? ਕੋਈ ਕਹਿ ਰਿਹਾ ਅਸੀਂ ਆਟਾ, ਦਾਲ, ਖੰਡ ਘਿਉ, ਚਾਹ, ਚਟਨੀ ਦਿਆਂਗੇ ਇਥੋਂ ਤੱਕ ਹੁਣ ਆਲੂ ਵੀ ਦੇਣ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ।ਪਰ ਕਿਸੇ ਵੀ ਲੀਡਰ ਨੇ ਅਸਲੀ ਮੁੱਦੇ ਦੀ ਕੋਈ ਗੱਲ ਹੀ ਨਹੀਂ ਕੀਤੀ।ਮੈ ਤਾਂ ਸਾਰਾ ਦਿਨ ਇਸੇ ਕਰਕੇ ਮੋਬਾਈਲ ਵੇਖਦਾ ਰਹਿੰਦਾ ਹਾਂ ਕਿ ਕੋਈ ਹੈ ਮਾਈ ਦਾ ਲਾਲ, ਜੋ ਨੌਜਵਾਨੀ ਨੂੰ ਸਿੱਧੇ ਰਾਹ ‘ਤੇ ਪਾ ਕੇ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦਾ ਹੋਵੇ।ਸਾਰੇ ਹੀ ਇੱਕੋ ਥਾਲੀ ਦੇ ਚੱਟੇ ਵੱਟੇ ਨੇ।ਸਾਨੂੰ ਭੰਬਲਭੂਸੇ ਵਿੱਚ ਪਾ ਕੇ ਇਹਨਾਂ ਗੱਦੀ ‘ਤੇ ਬੈਠ ਜਾਣਾ ਏ।ਅਸੀਂ ਫਿਰ ਪੰਜ ਸਾਲ ਇਹਨਾਂ ਦਾ ਮੂੰਹ ਵੇਖਦੇ ਰਹਾਂਗੇ।
                    ਸ਼ਿੰਦਿਆ ਗੱਲ ਤੇਰੀ ਸੌਲਾਂ ਆਨੇ ਠੀਕ ਐ।ਪਰ ਅੱਜਕਲ ਝੂਠ ਦਾ ਜ਼ਮਾਨਾ ਏ।ਤੁਸੀਂ ਸਾਰਿਆਂ ਨੇ ਸੁਣਿਆ ਐ ਕਿ ਇਮਾਨਦਾਰ ਜ਼ੀਰੋ ਤੇ ਬੇਈਮਾਨ ਹੀਰੋ।
ਬੱਸ ਬੱਸ ਬਾਪੂ ਇਹੋ ਗੱਲ ਤੁਸਾਂ ਸਿਰੇ ਦੀ ਕੀਤੀ ਐ।ਹੁਣ ਤਾਂ ਲੱਗਦਾ ਏ ਉਹੀ ਜਿੱਤਣਗੇ ਜਿਹੜੇ ਝੂਠ ਬੋਲ ਕੇ ਅਸਮਾਨ ਨੂੰ ਟਾਕੀਆਂ ਲਾਉਣਗੇ ਤੇ ਵੱਧ ਤੋਂ ਵੱਧ ਝੂਠਾਂ ਨਾਲ ਲੋਕਾਂ ਦੇ ਢਿੱਡ ਭਰਨਗੇ।
                    ਪਰ ਤੁਸੀਂ ਵੋਟ ਪਾਉਣ ਲੱਗਿਆਂ ਜ਼ਰੂਰ ਸੋਚ ਲੈਣਾ ਬਾਪੂ ? 15012022

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ) ਮੋ – 7589155501

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …