Saturday, April 20, 2024

ਇਤਿਹਾਸਕ ਪਿੰਡ ਚੀਚਾ

             ਚੀਚਾ ਪਿੰਡ ਅੰਮ੍ਰਿਤਸਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ।ਇਹ ਪਿੰਡ ਭਕਨੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਦੱਖਣ ਵੱਲ ਹੈ, ਜੋ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ।ਇਸ ਦੇ ਨਾਂ ਬਾਰੇ ਪਿਤਾ ਪੁਰਖੀ ਕੁਰਸੀਨਾਮੇ ਦੇ ਡੂੰਘੇ ਅਧਿਐਨ ਉਪਰੰਤ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਜਿਸ ਦਾ ਨਾਂ ਚੀਚਾ ਸੀ।ਉਸ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ਚੀਚਾ ਰੱਖਿਆ ਗਿਆ।
                    ਇਸ ਪਿੰਡ ਦੇ ਵਾਸੀ ਗੁਰਮੀਤ ਸਿੰਘ ਸੰਧੂ ਦੀ ਪੁਸਤਕ ਦੇ ਹਵਾਲੇ ਅਨੁਸਾਰ ਲੱਧਾ ਸੰਧੂ ਜੱਟ ਚੀਚੇ ਪਿੰਡ ਦਾ ਨੰਬਰਦਾਰ ਸੀ।ਉਸ ਦਾ ਪੁੱਤਰ ਸੇਵਾ ਸਿੰਘ ਅਤੇ ਪੁੱਤਰ ਨੋਧ ਸਿੰਘ ਸੀ।ਨੋਧ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ, ਭਾਗ ਸਿੰਘ, ਆਗਿਆ ਸਿੰਘ ਅਤੇ ਅੱਕਾ ਸਿੰਘ ਸਨ ।
                  ਪਿਤਾ ਪੁਰਖੀ ਕੁਰਸੀਨਾਮਾ ਮਰਾਸੀ ਦੌਲਤ ਬਖ਼ਸ਼ ਪੁੱਤਰ ਮੀਹਾਂ ਨੇ ਮਿਤੀ 12 ਅਪ੍ਰੈਲ 1906 ਨੂੰ ਉਰਦੂ ਭਾਸ਼ਾ ਵਿਚ ਤਿਆਰ ਕੀਤਾ ਸੀ ।
             ਇਸ ਪਿੰਡ ਦੇ ਆਰੰਭ ਬਾਰੇ ਕੋਈ ਲਿਖਤੀ ਸਬੂਤ ਉਪਲੱਬਧ ਨਹੀਂ ਹਨ।ਪਰ ਫਿਰ ਵੀ ਇਤਿਹਾਸ ਦੀ ਡੁੰਘਾਈ ਵਿੱਚ ਜਾ ਕੇ ਅਸੀਂ ਪਿੰਡ ਚੀਚਾ ਦੇ ਆਰੰਭ ਬਾਰੇ ਕਹਿ ਸਕਦੇ ਹਾਂ ਕਿ ਇਹ ਪਿੰਡ ਲਗਭਗ ਤਿੰਨ, ਚਾਰ ਸੌਂ ਸਾਲ ਪੁਰਾਣਾ ਮੁਗਲ ਕਾਲ ਦੇ ਸਮੇਂ ਦਾ ਹੈ।
                 ਇਸ ਪਿੰਡ ਦੀ ਹੋਂਦ ਬਾਰੇ ਇਤਿਹਾਸ ਤੋਂ ਜਾਣਕਾਰੀ ਮਿਲਦੀ ਹੈ ਕਿ ਮੁਗਲ ਰਾਜ ਸਮੇਂ 17ਵੀਂ ਸਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੀਚਾ ਨੂੰ ਸਿੱਖ ਇਤਿਹਾਸ ਦੀ ਸੁਨਹਿਰੀ ਕੜੀ ਨਾਲ ਜੋੜਨ ਵਾਲੀ ਸੱਚੀ ਗਾਥਾ ਜੋ ਕਿ ਅੱਜ ਤੋਂ ਲਗਭਗ 291 ਸਾਲ ਲਗਭਗ ਤਿੰਨ ਸਦੀਆਂ ਪਹਿਲਾਂ ਦੀ ਹੈ।ਇਸ ਸੰਬੰਧੀ ਅਲੀਵਰ ਸਟੇਟ ਰਾਜਪੁਤਾਨਾ ਦੇ ਕਿਸੇ ਪੁਲਿਸ ਉਚ ਅਧਿਕਾਰੀ (ਐਸ.ਪੀ) ਸੁਪਰਡੈਂਟ ਨੇ ਤਵਾਰੀਖ ਆਪਣੇ ਹੱਥੀਂ ਲਿਖੀ ਹੈ।ਸਤਾਰਵੀਂ ਸਦੀ ਤੋਂ ਵੀ ਪੂਰੀਆਂ ਚਾਰ ਪੀੜ੍ਹੀਆਂ ਪਹਿਲਾਂ ਸਦਿਕ ਦੀ ਪੱਤੀ ਪਿੰਡ ਚੀਚੇ ਦੇ ਜੰਮਪਲ ਸਾਦਿਕ ਦੇ ਨਾਂ ‘ਤੇ ਅੱਜ ਵੀ ਚਲਦੀ ਆ ਰਹੀ ਹੈ।ਸਾਦਿਕ ਦੀ ਬੰਸ ਵਿਚੋਂ ਮਿਹਰਾ-ਮਿਹਰੇ ਤੋਂ ਬਿਹਾਰੀ ਪੈਦਾ ਹੋਇਆ।ਉਸਦਾ ਪੁੱਤਰ ਲੱਧਾ ਨੰਬਰਦਾਰ ਅਤੇ ਉਸ ਦੇ ਅੱਗੋਂ ਦੋ ਪੁੱਤਰ ਬਾਬਾ ਸੇਵਾ ਸਿੰਘ ਅਤੇ ਬਾਬਾ ਨੋਧ ਸਿੰਘ ਇਸੇ ਪਿੰਡ ਚੀਚਾ ਦੇ ਇੱਕ ਸੰਧੂ ਜੱਟ ਦੇ ਪਰਿਵਾਰਾਂ ਦਾ ਵਰਣਨ ਕੀਤਾ ਗਿਆ ਹੈ।ਉਸੇ ਵਿਕਤੀ ਦੀ ਜ਼ੁਬਾਨ ਤੋਂ ਪੁਲਿਸ ਉਚ ਅਧਿਕਾਰੀ (ਐਸ.ਪੀ) ਨੇ ਇਸ ਇਤਿਹਾਸਿਕ ਗਾਥਾ ਨੂੰ ਉਕਰਿਆ ਹੈ, ਕਿ 17ਵੀਂ ਸਦੀ ਤੋਂ ਵੀ ਚਾਰ ਪੀੜੀਆਂ ਦੇ ਪਿਛੋਕੜਲੇ ਇਤਿਹਾਸ ਨੂੰ ਬਿਆਨ ਕੀਤਾ ਹੈ ।

ਅਗਵਾੜਾ, ਪੱਤੀਆਂ ਦੇ ਠੁੱਲਿਆਂ ਦੇ ਨਾਂ – ਪਿੰਡ ਚੀਚਾ ਦੀਆਂ 6 ਪੱਤੀਆਂ ਹਨ :-
(ੳ) ਪੱਤੀ ਸੂਰਤਚੰਦ ਕੀ
(ਅ) ਪੱਤੀ ਸਾਦਿਕ ਕੀ
(ੲ) ਪੱਤੀ ਜੱਗ ਕੀ
(ਸ) ਪੱਤੀ ਭਗਤਾ
(ਹ) ਚੜ੍ਹਦੇ ਬੰਨ੍ਹੇ ਵਾਲੀ ।
(ਕ) ਲਹਿੰਦੇ ਬੰਨ੍ਹੇ ਵਾਲੀ ।
ਉਪਰੋਕਤ ਅਖਰਲੀਆਂ ਦੋ ਪੱਤੀਆਂ ਵਿੱਚ ਮਜ੍ਹਬੀ ਸਿੱਖਾਂ ਦੇ ਲੋਕ ਰਹਿੰਦੇ ਹਨ।ਇਹਨਾਂ ਦੇ ਇਲਾਕੇ ਨੂੰ ਜੀਵਨ ਸਿੰਘ ਕੀ ਪੱਤੀ ਵੀ ਕਿਹਾ ਜਾਂਦਾ ਹੈ।

ਜਾਤਾਂ – ਗੋਤਾਂ – ਪਿੰਡ ਚੀਚੇ ਵਿੱਚ ਪ੍ਰਮੁੱਖ ਜਾਤਾਂ – ਜੱਟ, ਮਜ਼ਬੀ, ਨਾਈ, ਘੁਮਿਆਰ, ਮਹਿਰੇ, ਬ੍ਰਾਹਮਣ, ਸਾਂਸੀ, ਮਰਾਸੀ, ਈਸਾਈ ਆਦਿ ਹਨ ।
ਗੋਤਾਂ :-ਪ੍ਰਮੁੱਖ (ਗੋਤਾਂ)
(ੳ) ਸੰਧੂ
(ਅ) ਭਿੱਟੇਵਿੱਡ
(ੲ) ਕਾਹਲੋਂ
(ਸ) ਰੰਧਾਵੇ

ਪ੍ਰਚਲਿਤ ਵੱਖ-ਵੱਖ ਕਿੱਤੇ – ਪਿੰਡ ਚੀਚੇ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੇ ਕਿੱਤੇ ਕਰਦੇ ਹਨ ਜਿਵੇਂ ਖੇਤੀ, ਮਜ਼ਦੂਰੀ, ਦੁਕਾਨਦਾਰੀ, ਡੇਅਰੀ, ਡੇਅਰੀ, ਆਟਾ ਚੱਕੀ, ਦਰਜ਼ੀ, ਹਲਵਾਈ, ਮੋਬਾਇਲ ਸੇਲ-ਖ੍ਰੀਦ ਅਤੇ ਰਿਪੇਅਰ, ਮੈਡੀਕਲ ਸਟੋਰ, ਸਕੂਲ, ਮੋਟਰਸਾਈਕਲ ਅਤੇ ਸਾਈਕਲ ਰਿਪੇਅਰ ਆਦਿ ।

ਘਰੇਲੂ ਦਸਤਕਾਰੀ – ਕਾਰਪਿਟ, ਕੁਲੀਨ, ਚਟਾਈਆ, ਆਦਿ ਦਾ ਬੁਨਣ ਦਾ ਕੰਮ ਕੁੱਝ ਲੋਕ ਕਰਦੇ ਹਨ ।
ਭੌਂਅ ਦੀਆਂ ਕਿਸਮਾਂ ਦੇ ਰਕਬਾ – ਕੁੱਲ ਰਕਬਾ ਲਗਭਗ 2800 ਕਿਲ੍ਹੇ 86 ਕਨਾਲ 17 ਮਰਲੇ ਨਹਿਰ ਤੇ ਚਾਹੀ ਹੈ।111 ਕਨਾਲ, 18 ਮਰਲੇ, ਗੜਾਖਾਦ।ਇਸ ਪਿੰਡ ਵਿਖੇ ਸ਼ਾਮਿਲ ਅਬਾਦੀ, ਅਹਿਮਦ ਨਗਰ ਚੀਚੇ ਦਾ ਪੋਤਰਾ ਸਾਹਿਬ ਸਿੰਘ ਨੇ ਇਹ ਅਬਾਦੀ ਵਸਾਈ, ਜੋ ਕਿ ਮੁਸਲਮਾਨਾ ਦੀ ਆਬਾਦੀ ਸੀ।ਇਸ ਦਾ ਕੁੱਲ ਰਕਬਾ 41 ਕਨਾਲ ਤੇ 15 ਮਰਲੇ ਹੈ।ਇਸੇ ਪਿੰਡ ਦੇ ਰਕਬੇ ਵਿਚ ਸ਼ਾਮਿਲ ਕੀਤੀ ਜਾ ਸਕਦੀ ਹੈ ।
ਸ਼ਾਮਲਾਟ ਦਾ ਰਕਬਾ – ਲਗਭਗ 18 ਕਿਲੇ ਸ਼ਾਮਲਾਟ (ਗ੍ਰਾਮ ਪੰਚਾਇਤੀ ਜਮੀਨ ਹੈ) ਜੋ ਕਿ ਠੇਕੇ ਤੇ ਦਿੱਤੀ ਜਾਂਦੀ ਹੈ ।
ਪਰਿਵਾਰਾਂ ਦੀ ਵੱਧ ਤੋਂ ਵੱਧ ਜ਼ਮੀਨ – ਲਗਭਗ 50 ਕਿਲੇ ਸਰਪੰਚ ਦੇ ਭਰਾ ਹਰਜੀਤ ਸਿੰਘ ਦੀ ਹੈ ।
ਘੱਟ ਤੋਂ ਘੱਟ ਜ਼ਮੀਨ – ਕੁੱਝ ਲੋਕਾਂ ਕੋਲ ਲਗਭਗ ਚਾਰ ਕਨਾਲ ਹੀ ਹੈ ।
ਮੁਖ ਫ਼ਸਲਾਂ – ਕਣਕ, ਚਾਵਲ, ਮੱਕੀ, ਸਰੋਂ, ਬਰਸੀਮ, ਚਰੀ ਆਦਿ।
ਫਲ ਅਤੇ ਸਬਜ਼ੀਆਂ – ਅੰਬ, ਜਾਮਨ, ਪਪੀਤਾ, ਬੇਰ, ਅਮਰੂਦ ਆਦਿ। ਸਬਜੀਆਂ – ਗਾਜਰ, ਮੂਲੀ, ਬੈਂਗਣ, ਆਲੂ, ਗੋਭੀ, ਸ਼ਲਗਮ, ਮਟਰ, ਟਮਾਟਰ, ਸਰੋਂ ਦਾ ਸਾਗ, ਦਾਲਾਂ, ਮੂੰਗੀ, ਮਸਰ, ਮਾਂਹ ਆਦਿ।
ਥੇਹ – ਇੱਥੇ ਕੋਈ ਥੇਹ ਮੌਜ਼ੂਦ ਨਹੀਂ।
ਛੱਪੜ – ਲਗਭਗ ਦੋ ਕਿਲੇ ਹੈ।ਜੋ ਕਿ ਪਿੰਡ ਦੇ ਬਾਹਰਵਾਰ ਹੈ।
ਨਦੀ, ਨਾਲਾ, ਨਹਿਰ, ਤਲਾਅ, ਸਰੋਵਰ ਤੇ ਬਾਉਲੀ – ਇਸ ਪਿੰਡ ਨੂੰ ਇੱਕ ਸੇਮ ਨਾਲਾ ਲੱਗਦਾ ਹੈ ਜਿਸ ਨੂੰ ਬਰਸਾਤੀ ਡਰੇਨ ਵੀ ਕਿਹਾ ਜਾਂਦਾ ਹੈ।ਇਹ ਪਿੰਡ ਭਕਨਾ ਤੇ ਪਿੰਡ ਚੀਚਾ ਦੇ ਨਾਲ ਹੁੰਦਾ ਹੋਇਆ ਲੱਧੇਵਾਲ ਰਾਹੀਂ ਡਿਫੈਂਸ ਡਰੇਨ ਵਿੱਚ ਚਲਾ ਜਾਂਦਾ ਹੈ ।
ਰਜਬਾਹਾ – ਭੁੱਸੇ ਵਿਚੋਂ ਸੁਆ ਨਿਕਲਦਾ ਹੈ, ਜੋ ਕਿ ਪਿੰਡ ਦੀ ਜਮੀਨ ਨੂੰ ਨਹਿਰੀ ਪਾਣੀ ਦਿੰਦਾ ਹੈ।
ਪਿੰਡ ਦਾ ਆਲਾ-ਦੁਆਲਾ ਅਤੇ ਆਸ ਪਾਸ ਦੀਆਂ ਇਤਿਹਾਸਿਕ ਥਾਵਾਂ –

(ੳ) ਗੁਰਦੁਆਰਾ ਸਾਹਿਬ ਜਨਮ ਅਸਥਾਨ ਬਾਬਾ ਨੋਧ ਸਿੰਘ – ਪਿੰਡ ਚੀਚਾ ਵਿਖੇ ਬਾਬਾ ਨੋਧ ਸਿੰਘ ਜੀ ਦੇ ਪਿਤਾ ਸ੍ਰ. ਕਿਸ਼ਨ ਸਿੰਘ ਅਤੇ ਮਾਤਾ ਸਾਹਿਬ ਮਹਿਤਾਬ ਕੌਰ ਜੀ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ।
(ਅ) ਪੀਰ ਹਦੂਰੀ – ਇਸ ਦੇ ਸ਼ਬਦੀ ਅਰਥ ਹਨ ਪੀਰਾਂ ਦੀ ਧਰਤੀ ਇਸ ਅਸਥਾਨ ਤੇ ਮੁਸਲਮਾਨ ਪੀਰ ਰਹਿੰਦੇ ਹਨ।ਉਨ੍ਹਾਂ ਨੂੰ ਕਿਸੇ ਪਹੁੰਚੇ ਹੋਏ ਸੰਤ ਵਲੋਂ ਵਰ ਮਿਲਿਆ ਸੀ ਕਿਸੇ ਵਿਅਕਤੀ ਨੂੰ ਹਲਕੇ ਕੁੱਤੇ ਵਲੋਂ ਵੱਢਣ ਦੇ ਇਲਾਜ਼ ਲਈ ਇਹ ਜਗ੍ਹਾ ਬਣੀ।ਮਜ਼ਾਰ ‘ਤੇ ਮੱਥਾ ਟੇਕਣ ਤੇ ਰੋਗੀ ਨੂੰ ਮਾਨਸਿਕ ਤੌਰ ‘ਤੇ ਅਰਾਮ ਮਿਲਦਾ ਹੈ।ਇਥੇ ਆਉਣ ਤੋਂ ਪਹਿਲਾਂ ਪਿੰਡ-ਚੀਚਾ ਦੇ ਇੱਕ ਬ੍ਰਾਹਮਣ ਤੋਂ ਟੁਕ ਲੈ ਕੇ ਆਉਣਾ ਪੈਂਦਾ ਹੈ ਅਤੇ ਮੁਸਲਮਾਨ ਪੀਰ ਅਤੇ ਉਹ ਬ੍ਰਾਹਣ ਦੀ ਆਪਸ ਵਿੱਚ ਬਹੁਤ ਪੱਕੀ ਦੋਸਤੀ ਸੀ ਅਤੇ ਉਹਨਾਂ ਇਕੱਠਿਆਂ ਨੂੰ ਵਰ ਮਿਲਿਆ ਸੀ।
(ੲ) ਗੁਰੂ ਸਰ ਸਲਤਾਨੀ ਸਾਹਿਬ – ਇਸ ਧਾਰਮਿਕ ਅਸਥਾਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਹੈ।ਪਿੰਡ ਹੁਸ਼ਿਆਰਨਗਰ ਅਤੇ ਅਚਿੰਤਕੋਟ ਦੇ ਵਿਚਕਾਰ ਸੀਨੀਅਰ ਸੈਕੰਡਰੀ ਸਕੂਲ ਅਤੇ ਤਕਨੀਕੀ ਕਾਲਜ ਸਥਿਤ ਹੈ, ਜਿਥੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ ।
(ਸ) ਬਾਬਾ ਸੋਹਨ ਸਿੰਘ ਭਕਨਾ ਯਾਦਗਾਰੀ ਸਮਾਧ – ਪਿੰਡ ਚੀਚਾ ਦੇ ਨਜ਼ਦੀਕ ਪ੍ਰਸਿੱਧ ਆਜ਼ਾਦੀ ਗੁਲਾਟੀਏ ਬਾਬਾ ਸੋਹਨ ਸਿੰਘ ਭਕਨਾ ਦੀ ਯਾਦਗਾਰੀ ਸਮਾਧ ਮੌਜ਼ੂਦ ਹੈ।
(ਹ) ਕਾਲਾ ਮਾਹਿਰ ਦੀ ਯਾਦਗਰ  – ਪਿੰਡ ਚੀਚਾ ਵਿਖੇ ਸੰਧੂਆਂ ਦੇ ਵਡੇਰਿਆਂ ਦੀ ਯਾਦਗਰ ਬਣੀ ਹੋਈ ਹੈ ।

ਪ੍ਰਸਿੱਧ ਵਿਅਕਤੀ – ਪਿੰਡ ਚੀਚਾ ਦੇ ਬਹੁਤ ਸਾਰੇ ਪ੍ਰਸਿੱਧ ਵਿਅਕਤੀ ਹੋਏ ਜਿਹਨਾਂ ਵਿਚ ਪ੍ਰਮੁੱਖ ਬਾਬਾ ਨੋਧ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਅੱਕਾ ਸਿੰਘ, ਕੇਹਰ ਸਿੰਘ, ਬਹਾਦਰ ਸਿੰਘ, ਉਜਾਗਰ ਸਿੰਘ, ਤੇਜ਼ਾ ਸਿੰਘ, ਉਤਮ ਸਿੰਘ, ਸੁੰਦਰ ਸਿੰਘ, ਸ਼ੇਰ ਸਿੰਘ, ਦਲੀਪ ਸਿੰਘ, ਭਾਈ ਸਾਧੂ ਸਿੰਘ ਆਦਿ ਸ਼ਾਮਲ ਹਨ।ਇਹਨਾਂ ਤੋਂ ਇਲਾਵਾ ਡਾ. ਸਾਬਕਾ ਬਖਸ਼ੀਸ਼ ਸਿੰਘ ਅਮਰੀਕਾ ਵਾਲੇ, ਸ. ਜਵਸਵੰਤ ਸਿੰਘ ਸਾਬਕਾ ਡੀ.ਐਸ.ਪੀ-ਡੀ, ਸ. ਫਤਿਹਦੀਪ ਸਿੰਘ ਜੱਜ, ਡਾ. ਗੁਰਬਲਜੀਤ ਸਿੰਘ ਸਾਬਕਾ ਸੀ.ਐਮ.ਓ, ਬਲਕਾਰ ਸਿੰਘ ਪੰਚਾਇਤ ਅਫਸਰ, ਸਾਬਕਾ ਪਟਵਾਰੀ ਮੋਹਨਜੀਤ ਸਿੰਘ ਚੀਚਾ ਇਸ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਸਰਤਾਜ ਸਿੰਘ ਅਨੌਖ ਸਿੰਘ ਹਰਿੰਦਰ ਸਿੰਘ, ਪੰਡਿਤ ਕੁਲਦੀਪ ਕੁਮਾਰ ਆਦਿ ਅਤੇ ਮੌਜ਼ੂਦਾ ਸਰਪੰਚ ਬਲਵਿੰਦਰ ਸਿੰਘ ਆਦਿ ਪ੍ਰਸਿੱਧ ਵਿਅਕਤੀ ਹਨ।

ਦੁਰਘਟਨਾਵਾਂ ਤੇ ਮੁਸ਼ਕਲਾਂ- ਸੰਨ 1955 ਤੋਂ 1960 ਦੇ ਦੌਰਾਨ ਭੂਚਾਲ, ਹੜ੍ਹ, ਔੜ, ਬੀਮਾਰੀ, ਡਾਕਾ ਜਾਂ ਹੋਰ ਅਭੁੱਲ ਘਟਨਾਵਾਂ ਵਾਪਰੀਆਂ।ਪਿੰਡ ਚੀਚਾ ਦੀ ਸਾਰੀ ਜ਼ਮੀਨ ਸੇਮ ਵਾਲੀ ਹੋ ਗਈ ਸੀ, ਕੁੱਲ ਰਕਬਾ ਖੇਤੀਯੋਗ ਨਾ ਰਿਹਾ। ਬਾਅਦ ਵਿਚ ਟਿਊਬਵੈਲ, ਨਹਿਰਾਂ ਆਦਿ ਨਾਲ ਸਿੰਚਾਈ ਕਰਨ ਨਾਲ ਮੁੜ ਰਕਬਾ ਕਾਸ਼ਤਯੋਗ ਹੋ ਗਿਆ।ਲਗਭਗ 1975-76 ਸਮੇਂ ਦੌਰਾਨ ਹੜ੍ਹਾਂ ਦਾ ਵੀ ਸਾਹਮਣਾ ਕਰਨਾ ਪਿਆ ਉਸ ਸਮੇਂ ਲੋਕਾਂ ਦਾ ਖੇਤਾਂ, ਘਰਾਂ ਵਿਚ ਪਾਣੀ ਭਰ ਗਿਆ ਸੀ ਅਤੇ ਲੋਕਾਂ ਆਪਣੇ ਬਚਾਅ ਲਈ ਕੋਠਿਆਂ ਦੀ ਛੱਤਾਂ ‘ਤੇ ਰਹਿਣਾ ਪਿਆ ਸੀ ।

ਵਿਦਿਅਕ ਸੰਸਥਾਵਾਂ – ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ ਮੌਜ਼ੂਦ ਹਨ ।
ਲਾਇਬ੍ਰੇਰੀਆਂ – ਇਸ  ਪਿੰਡ ਵਿੱਚ ਕੋਈ ਲਾਇਬ੍ਰੇਰੀ ਨਹੀਂ ਹੈ।
ਪਿੰਡ ਦੇ ਸਾਹਿਤਕਾਰ ਤੇ ਉਹਨਾਂ ਦੀਆਂ ਰਚਨਾਵਾਂ – ਗੁਰਮੀਤ ਸਿੰਘ ਨੇ ਕਵਿਤਾ, ਕਥਾ, ਕਹਾਣੀ, ਨਾਵਲ, ਨਾਟਕ ਆਦਿ ਲਿਖੇ ਅਤੇ ਇਸ ਪਿੰਡ ਦੇ ਅਮਰ ਸ਼ਹੀਦ ਬਾਬਾ ਨੋਧ ਸਿੰਘ ਅਤੇ ਬਾਬਾ ਜੱਸਾ ਸਿੰਘ ਦੀ ਸ਼ਹਾਦਤ ਸੰਬਧੀ ਪੁਸਤਕ ਛਪਵਾਈ ਹੈ।
ਸ਼ਿਲਾ ਲੇਖ, ਨੀਂਹ ਪੱਥਰ – ਪਿੰਡ ਦੇ ਵਿਕਾਸ ਲਈ ਵੱਖ-ਵੱਖ ਮੰਤਰੀਆਂ ਦੁਆਰਾ ਵੱਖ-ਵੱਖ ਨੀਂਹ ਪੱਥਰ ਰੱਖੇ ਗਏ ਹਨ।
ਮੜ੍ਹੀਆਂ – ਇਸ ਪਿੰਡ ਵਿਚ ਚਾਰ ਮੜ੍ਹੀਆਂ ਹਨ, ਇਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਪੱਕੀ ਸ਼ੈਡ ਵਾਲੀ ਅਤੇ ਚਾਰਦਵਾਰੀ ਵਾਲੀ ਹੈ।ਇਸ ਵਿੱਚ ਸਿਰਫ਼ ਸੰਧੂ ਜੱਟ ਤੇ ਬ੍ਰਾਹਮਣ ਮ੍ਰਿਤਕਾਂ ਦੇ ਸੰਸਕਾਰ ਕਰਦੇ ਹਨ ਅਤੇ ਬਾਕੀ ਕੱਚੀਆਂ ਹਨ।ਉਹਨਾਂ ਵਿੱਚ ਕੋਈ ਸ਼ੱਡ ਅਤੇ ਚਾਰਦਵਾਰੀ ਨਹੀਂ ਹੈ ।
ਪਿੰਡ ਵਿੱਚ ਲੱਗਦੇ ਮੇਲੇ, ਜਲਸੇ ਤੇ ਦੀਵਾਨ – ਪਿੰਡ ਚੀਚਾ ਵਿਖੇ ਬਾਬਾ ਨੋਧ ਸਿੰਘ ਦੇ ਜਨਮ ਤੇ ਸ਼ਹੀਦੀ ਸੰਬੰਧੀ ਸਲਾਨਾ ਮੇਲੇ ਲੱਗਦੇ ਹਨ।ਮੇਲੇ ਤੇ ਬਾਬਾ ਨੋਧ ਸਿੰਘ, ਬਾਬਾ ਜੱਸਾ ਸਿੰਘ ਆਦਿ ਸ਼ਹੀਦਾਂ ਦੀ ਬਹਾਦਰੀ ਸੰਬੰਧੀ ਜਲਸੇ ਤੇ ਦੀਵਾਨ ਸੱਜਦੇ ਹਨ, ਲੋਕ ਘੋਲ, ਕਬੱਡੀ, ਛਿੰਜ਼ ਦੇ ਅਖਾੜੇ ਦਾ ਆਨੰਦ ਮਾਣਦੇ ਹਨ ।
ਸ਼ਾਹ ਮੁਰਾਦ ਦਾ ਸਲਾਨਾ ਮੇਲਾ – ਮੁਗਲ ਰਾਜੇ ਦੇ ਤਿੰਨ ਵਜ਼ੀਰ-ਸ਼ਾਹ ਮੁਰਾਦ, ਸ਼ਾਹ ਬਹਿਲੋਲ ਅਤੇ ਸ਼ਹਦਰ ਸ਼ਾਹ, ਸ਼ਾਹ ਮੁਰਾਦ ਬਹੁਤ ਲੋਕ ਪ੍ਰਿਯਾ ਹੋਏ।ਉਹ ਲੋਕ ਕਲਿਆਣ ਅਤੇ ਦਿਆਲੂ ਵਜ਼ੀਰ ਹੋਣ ਕਰਕੇ ਅਜੇ ਤਕ ਲੋਕ ਉਨ੍ਹਾਂ ਦਾ ਮੇਲਾ ਮਨਾ ਕੇ ਯਾਦ ਕਰਦੇ ਹਨ ।
ਮਨੋਰੰਜ਼ਨ ਦੇ ਸਾਧਨ – ਲੋਕ ਟੀ.ਵੀ, ਡੀ.ਵੀ.ਡੀ, ਕੰਪਿਊਟਰ, ਇੰਟਰਨੈਟ, ਯੂ.ਟਿਊਬ, ਕੇਬਲ, ਡਿਸ਼, ਐਨਟੀਨਾ, ਮੋਬਾਇਲ ਆਦਿ ‘ਰਾਹੀਂ ਮਨੋਰੰਜ਼ਨ ਕਰਦੇ ਹਨ।
ਖੇਡਾਂ – ਪਿੰਡ ਦੇ ਨੌਜਵਾਨ ਆਮ ਤੌਰ ’ਤੇ ਕ੍ਰਿਕਟ ਮੇਲਿਆਂ ਦੇ ਸਮੇਂ ਘੋਲ, ਦੋੜਾਂ ਆਦਿ ਖੇਡਾਂ ਖੇਡਦੇ ਹਨ।ਬੱਚਿਆਂ ਦੀਆਂ ਖੇਡਾਂ ਸਟਾਪੂ, ਖੋ-ਖੋ, ਲੁਕਣ ਮੀਟੀ ਆਦਿ ।
ਸਭ ਤੋਂ ਬਿਰਧ ਵਿਅਕਤੀ – ਪਿੰਡ ਚੀਚੇ ਦੇ ਸਭ ਤੋਂ ਬਿਰਧ ਵਿਅਕਤੀ ਅਜੈਬ ਸਿੰਘ 92 ਸਾਲਾ ਹੈ।
ਵਹਿਮ ਭਰਨ ਤੇ ਧਾਰਮਿਕ ਵਿਸ਼ਵਾਸ – ਆਮ ਤੌਰ ’ਤੇ ਲੋਕ ਸੰਗਰਾਂਦ, ਮੱਸਿਆ ਦੇ ਦਿਨ ਲੰਗਰ ਲਗਾ ਕੇ ਸੇਵਾ ਕਰਦੇ ਹਨ।ਭਰਮ-ਵੀਰਵਾਰ ਦੇ ਦਿਨ ਕੱਪੜੇ ਧੋਣੇ, ਨਜ਼ਰ ਲੱਗਣਾ, ਪਿਛੋਂ ਆਵਾਜ਼ ਮਾਰਨੀ ਆਦਿ ਵਹਿਮਾਂ ਦੀ ਭਰਮਾਰ ਹੈ।
ਸਥਾਨਕ ਲੋਕ ਕਹਾਣੀ – ਪ੍ਰਚਲਿਤ ਲੋਕ ਵਿਸ਼ਵਾਸ ਅਤੇ ਪ੍ਰਾਚੀਨ ਲੋਕਾਂ ਅਨੁਸਾਰ ਪੀਰ ਹਦੂਰੀ ਜਾਣ ਸੰਬੰਧੀ ਕਥਾ ਕਹਾਣੀ ਅਨੁਸਾਰ ਹਲਕੇ ਕੁੱਤੇ ਦੇ ਇਲਾਜ਼ ਲਈ ਟੁੱਕ ਲੈਣ ਜਾਣਾ, ਪਹਿਲਾਂ ਪਿੰਡ ਚੀਚਾ ਦੇ ਇੱਕ ਪੰਡਿਤ ਤੋਂ ਟੁੱਕ ਲੈ ਕੇ ਪੀਰ ਹਦੂਰੀ ਅਸਥਾਨ ‘ਤੇ ਜਾ ਕੇ ਮੁਸਲਮਾਨ ਪੀਰ ਫਕੀਰ ਦੀ ਦਰਗਾਹ ‘ਤੇ ਜਾ ਕੇ ਮੰਜ਼ਾਰ ਕਰਨੀ ਤਾਂ ਕਿ ਕੁੱਤੇ ਦੇ ਕੱਟਣ ਦੇ ਹਲਕਾਅ ਦਾ ਅਸਰ ਖਤਮ ਹੋਵੇ।
ਪਿੰਡ ਦੀ ਵਿਸ਼ੇਸ਼ਤਾ – ਪੰਜ਼ ਗੁਰਦੁਆਰੇ ਇੱਕ ਹਿੰਦੂਆਂ ਦਾ ਸ਼ਿਵ ਦਿਨਾਲਾ ਮੰਦਰ ਜਿਥੇ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ।
ਤਾਮਰ ਪੱਤਰ – ਕਈ ਅਜ਼ਾਦੀ ਘੁਲਾਟੀਏ ਤਾਮਰ ਪੱਤਰ (ਵਿਸ਼ੇਸ਼ ਸਨਮਾਨ) ਨਾਲ ਸਨਮਾਨਿਤ ਹਨ।0907202204

ਦਲਬੀਰ ਸਿੰਘ ਲੌਹੁਕਾ
ਮੋ – 9501001408

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …