Friday, April 19, 2024

ਕਪੂਰਥਲਾ ਜਿਲ੍ਹੇ ‘ਚ ਨਵੇਂ ਕੁਲੈਕਟਰ ਰੇਟ ਲਾਗੂ- ਸਾਫਟਵੇਅਰ ਵਿਚ ਨਵੇਂ ਰੇਟ ਅਪਲੋਡ

ਸੁਲਤਾਨਪੁਰ ਲੋਧੀ ਵਿੱਚ ਘੱਟੋ-ਘੱਟ 15 ਫੀਸਦ, ਭੁਲੱਥ ‘ਚ 10 ਤੋਂ 27 ਫੀਸਦੀ ਦਾ ਵਾਧਾ

ਕਪੂਰਥਲਾ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਦਿੱਤੀ ਮਨਜ਼ੂਰੀ ਤੋਂ ਬਾਅਦ ਕਪੂਰਥਲਾ ਜਿਲ੍ਹੇ ਵਿਚ ਸਾਲ 2022-

23 ਲਈ ਜ਼ਮੀਨਾਂ ਦੇ ਨਵੇਂ ਕੁਲੈਕਟਰ ਰੇਟ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।ਨਵੇਂ ਕੁਲੈਕਟਰ ਰੇਟ ਮਾਲ ਵਿਭਾਗ ਦੇ ਜਾਇਦਾਦ ਨਾਲ ਸਬੰਧਿਤ ਸਾਫਟਵੇਅਰ ਵਿਚ ਅਪਲੋਡ ਕਰਨ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ।
                 ਪੰਜਾਬ ਸਰਕਾਰ ਵਲੋਂ ਕੁਲੈਕਟਰ ਰੇਟਾਂ ਨੂੰ ਹੋਰ ਤਰਕਸੰਗਤ ਬਣਾਉਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਪਿਛਲੇ ਦਿਨੀਂ ਸਮੂਹ ਮਾਲ ਅਧਿਕਾਰੀਆਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਨਵੇਂ ਕੁਲੈਕਟਰ ਰੇਟ ਨਿਰਧਾਰਿਤ ਕਰਨ ਸਬੰਧੀ ਪ੍ਰਸਤਾਵ ਭੇਜਣ ਦੇ ਹੁਕਮ ਦਿੱਤੇ ਗਏ ਸਨ।ਮਾਲ ਅਧਿਕਾਰੀਆਂ ਵਲੋਂ ਭੇਜੇ ਪ੍ਰਸਤਾਵਾਂ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਵਲੋਂ ਨਵੇਂ ਕੁਲੈਕਟਰ ਰੇਟ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
                 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਨਵੇਂ ਕੁਲੈਕਟਰ ਰੇਟ ਨਿਰਧਾਰਿਤ ਕਰਨ ਸਮੇਂ ਜ਼ਮੀਨ, ਜਾਇਦਾਦ ਦੀ ਵਪਾਰਕ ਮਹੱਤਤਾ, ਸੜਕ ਤੋਂ ਦੂਰੀ, ਰਿਹਾਇਸ਼ੀ ਤੇ ਵਪਾਰਕ ਵਰਤੋਂ ਆਦਿ ਪੱਖਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੁੱਝ ਵਪਾਰਕ ਅਹਿਮੀਅਤ ਵਾਲੇ ਖੇਤਰਾਂ ਵਿਚ ਪਹਿਲੇ ਕੁਲੈਕਟਰ ਰੇਟਾਂ ‘ਤੇ ਜ਼ਮੀਨ ਦੀ ਅਸਲ ਕੀਮਤ ਵਿਚਲੇ ਪਾੜੇ ਨੂੰ ਖਤਮ ਕਰਕੇ ਹੋਰ ਤਰਕਸੰਗਤ ਬਣਾਉਣ ਦਾ ਯਤਨ ਕੀਤਾ ਗਿਆ ਹੈ।
ਸਾਲ 2022-23 ਲਈ ਖੇਤੀਬਾੜੀ, ਚਾਹੀ, ਰਿਹਾਇਸ਼ੀ ਅਤੇ ਕਮਰਸ਼ੀਅਲ ਜ਼ਮੀਨਾਂ ਦੀਆਂ ਘੱਟੋ-ਘੱਟ ਕੀਮਤਾਂ ਸੋਧੀਆਂ ਗਈਆਂ ਹਨ।
             ਸੁਲਤਾਨਪੁਰ ਲੋਧੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਚ ਪੈਂਦੀਆਂ ਜ਼ਮੀਨਾਂ ਦੀਆਂ ਘੱਟੋ-ਘੱਟ ਕੀਮਤਾਂ ਵਿੱਚ 15% ਤੱਕ ਵਾਧਾ ਕੀਤਾ ਗਿਆ।
          ਭੁਲੱਥ ਸਬ ਡਵੀਜ਼ਨ ’ਚ ਪੈਂਦੀਆਂ ਜ਼ਮੀਨਾਂ ਦੀਆਂ ਘੱਟੋ-ਘੱਟ ਕੀਮਤਾਂ ਵਿਚ 10% ਤੋਂ 27% ਤੱਕ ਵਾਧਾ ਕੀਤਾ ਗਿਆ।
                ਕਪੂਰਥਲਾ ਸਬ ਡਵੀਜ਼ਨ ਵਿੱਚ ਅਰਬਨ ਅਸਟੇਟ ਕਪੂਰਥਲਾ ਵਿਖੇ ਸਾਲ 2021-22 ਲਈ ਜਿਥੇ ਪੁਰਾਣਾ ਰੇਟ 6850/- ਰੁਪੈ ਵਰਗ ਗਜ਼ (ਰਿਹਾਇਸ਼ੀ) ਦੀ ਥਾਂ 2022-23 ਲਈ ਕੁਲੈਕਟਰ ਰੇਟ 8500/- ਰੁਪੈ ਵਰਗ ਗਜ਼ ਹੈ।ਕਮਰਸ਼ੀਅਲ ਲਈ ਪਿਛਲੇ ਸਾਲ 1940/- ਰੁਪੈ ਵਰਗ ਫੁੱਟ ਦੇ ਮੁਕਾਬਲੇ ਨਵਾਂ ਰੇਟ 2500/- ਰੁਪੈ ਵਰਗ ਫੁੱਟ ਕਮਰਸ਼ੀਅਲ ਹੈ।
                ਪ੍ਰੋਫੈਸਰ ਕਾਲੋਨੀ ਲਈ 4200/- ਰੁਪੈ ਵਰਗ ਗਜ਼ (ਰਿਹਾਇਸ਼ੀ) ਦੀ ਥਾਂ 5200/- ਰੁਪੈ ਵਰਗ ਗਜ਼ (ਰਿਹਾਇਸ਼ੀ) ਨਵਾਂ ਕੁਲੈਕਟਰ ਰੇਟ ਹੈ।
ਕਰਤਾਰਪੁਰ ਰੋਡ ਆਰਮੀ ਛਾਉਣੀ ਤੋਂ ਕਾਦੂਪੁਰ ਚੁੰਗੀ ਤੱਕ 3430/- ਰੁਪੈ ਵਰਗ ਗਜ਼ (ਰਿਹਾਇਸ਼ੀ) ਦੀ ਥਾਂ ਨਵਾਂ ਰੇਟ 4200/- ਰੁਪੈ ਵਰਗ ਗਜ਼ (ਰਿਹਾਇਸ਼ੀ ਹੈ), ਜਦਕਿ 2700/- ਰੁਪੈ ਵਰਗ ਫੁੱਟ (ਕਮਰਸ਼ੀਅਲ ) ਦੀ ਥਾਂ ਨਵਾਂ ਰੇਟ 3500/- ਰੁਪੈ ਵਰਗ ਫੁੱਟ ਹੈ।
                ਅਜੀਤ ਨਗਰ ਵਿਖੇ 2300/- ਰੁਪੈ ਵਰਗ ਗਜ਼ (ਰਿਹਾਇਸ਼ੀ ) ਦੀ ਥਾਂ ਨਵਾਂ ਰੇਟ 3000/- ਰੁਪੈ ਵਰਗ ਗਜ਼ ਹੈ, ਜਦਕਿ 1530/- ਰੁਪੈ ਵਰਗ ਫੁੱਟ (ਕਮਰਸ਼ੀਅਲ) ਦੀ ਥਾਂ ਨਵੇਂ ਰੇਟ 1900/- ਰੁਪੈ ਹੈ।
             ਮਾਡਲ ਟਾਊਨ ਵਿਖੇ 4200/- ਰੁਪੈ ਵਰਗ ਗਜ (ਰਿਹਾਇਸ਼ੀ) ਦੀ ਥਾਂ ਨਵਾਂ ਰੇਟ 5200/- ਰੁਪੈ ਵਰਗ ਗਜ਼ ਹੈ ਜਦਕਿ 1940/- ਰੁਪੈ ਵਰਗ ਫੁੱਟ (ਕਮਰਸ਼ੀਅਲ) ਦੀ ਥਾਂ ਨਵਾਂ ਰੇਟ 2500/- ਰੁਪੈ ਹੈ।
                ਸ਼ਹਿਰ ਵਿਚ ਲੱਗੇ ਸ਼ੈਲਰ, ਫੈਕਟਰੀਆਂ ਤੇ ਗੋਦਾਮ ਆਦਿ ਲਈ 1940/- ਰੁਪੈ ਵਰਗ ਗਜ਼ ਦੀ ਥਾਂ ਨਵਾਂ ਕੁਲੈਕਟਰ ਰੇਟ 2500 ਰੁਪੈ ਵਰਗ ਗਜ਼ ਹੈ।
ਨਗਰ ਨਿਗਮ ਕਪੂਰਥਲਾ ਦੀ ਹੱਦ ਅੰਦਰ ਚਾਹੀ ਜ਼ਮੀਨ ਲਈ ਕੁਲੈਕਟਰ ਰੇਟ 34 ਲੱਖ 52 ਹਜ਼ਾਰ 300 ਰੁਪੈ ਪ੍ਰਤੀ ਏਕੜ ਦੀ ਥਾਂ ਨਵਾਂ ਰੇਟ 45 ਲੱਖ ਰੁਪੈ ਪ੍ਰਤੀ ਏਕੜ ਹੈ।

                   ਇਸ ਤੋਂ ਇਲਾਵਾ ਚਾਹੀ ਜ਼ਮੀਨ ਕਮੇਟੀ ਦੀ ਹੱਦ ਤੋਂ ਬਾਹਰ ਸੜਕ ਤੋਂ 80 ਕਰਮਾਂ ਦੂਰ ਵਾਲੀ ਜ਼ਮੀਨ ਦਾ ਪੁਰਾਣਾ ਕੁਲੈਕਟਰ ਰੇਟ 19 ਲੱਖ 18 ਹਜ਼ਾਰ ਰੁਪੈ ਦੀ ਥਾਂ ਨਵਾਂ ਰੇਟ 25 ਲੱਖ ਰੁਪੈ ਪ੍ਰਤੀ ਏਕੜ ਹੋਵੇਗਾ।
               ਫਗਵਾੜਾ ਸਬ ਡਵੀਜ਼ਨ ਲਈ ਕੁਝ ਕੁ ਪਿੰਡਾਂ ਨੂੰ ਛੱਡ ਕੇ ਪੇਂਡੂ ਖੇਤਰ ਅੰਦਰ ਪਿਛਲੇ ਸਾਲ ਦੇ ਕੁਲੈਕਟਰ ਰੇਟਾਂ ਵਿਚ 20 ਫੀਸਦੀ ਤੇ ਸ਼ਹਿਰੀ ਖੇਤਰ ਅੰਦਰ ਘੱਟੋ-ਘੱਟ 30 ਫੀਸਦੀ ਕੁਲੈਕਟਰ ਰੇਟ ਵਧਾਏ ਗਏ ਹਨ।
            ਮਹੇੜ ਵਿਖੇ 23 ਹਜ਼ਾਰ ਰੁਪੈ ਪ੍ਰਤੀ ਮਰਲਾ (ਰਿਹਾਇਸ਼ੀ) ਦੀ ਥਾਂ ਨਵਾਂ ਕੁਲੈਕਟਰ ਰੇਟ 1 ਲੱੱਖ ਰੁਪੈ ਪ੍ਰਤੀ ਮਰਲਾ (ਰਿਹਾਇਸ਼ੀ) ਹੋਵੇਗਾ, ਜਦਕਿ ਕਮਰਸ਼ੀਅਲ ਪ੍ਰਤੀ ਮਰਲਾ ਕੁਲੈਕਟਰ ਰੇਟ 35000/- ਰੁਪੈ ਦੀ ਥਾਂ ਨਵਾਂ ਰੇਟ 1 ਲੱਖ 30 ਹਜ਼ਾਰ ਰੁਪੈ ਹੋਵੇਗਾ।ਮਹੇੜੂ ਵਿਖੇ 7 ਲੱਖ ਰੁਪੈ ਪ੍ਰਤੀ ਏਕੜ ਖੇਤੀਬਾੜੀ ਵਾਲੀ ਜ਼ਮੀਨ ਲਈ ਹੁਣ ਨਵਾਂ ਕੁਲੈਕਟਰ ਰੇਟ 15 ਲੱਖ ਰੁਪੈ ਹੋਵੇਗਾ।
            ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕੁਲੈਕਟਰ ਰੇਟਾਂ ਵਿਚ ਕੁੱਝ ਨਵੇਂ ਸੈਗਮੈਂਟ ਵੀ ਬਣਾਏ ਗਏ ਹਨ। ਜਿਸ ਤਹਿਤ ਗਰੀਨ ਵੈਲੀ, ਗਰੀਨ ਵੈਲੀ ਪਲਾਜ਼ਾ ਲਈ ਰਿਹਾਇਸ਼ੀ ਖੇਤਰ ਲਈ ਕੁਲੈਕਟਰ ਰੇਟ 1 ਲੱਖ ਰੁਪੈ ਪ੍ਰਤੀ ਮਰਲਾ ਤੇ ਕਮਰਸ਼ੀਅਲ ਲਈ 1.50 ਲੱਖ ਰੁਪੈ ਪ੍ਰਤੀ ਮਰਲਾ ਹੈ।ਯੂਨੀਵਰਸਿਟੀ ਵਿਊ ਅਸਟੇਟ, ਸਿਮਰ ਇਨਕਲੇਵ ਐਕਸਟੈਨਸ਼ਨ, ਜਿਕ ਜੈਕ ਕਾਲੋਨੀ, ਸ਼੍ਰੀ ਨੰਦ ਇਨਕਲੇਵ, ਗਿਆਰਾ ਸਟਾਰ ਕਾਲੋਨੀ, ਸੱਤਿਆ ਇਨਕਲੇਵ ਤੇ ਰਣਜੀਤ ਇਨਕਲੇਵ ਲਈ (ਰਿਹਾਇਸ਼ੀ) ਲਈ 1 ਲੱਖ ਰੁਪੈ ਪ੍ਰਤੀ ਮਰਲਾ ਤੇ ਕਮਰਸ਼ੀਅਲ ਲਈ 1.50 ਲੱਖ ਰੁਪੈ ਪ੍ਰਤੀ ਮਰਲਾ ਕੁਲੈਕਟਰ ਰੇਟ ਨਿਰਧਾਰਿਤ ਕੀਤਾ ਗਿਆ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …