Wednesday, April 24, 2024

ਗੁਰੂ ਕਾ ਬਾਗ ਮੋਰਚਾ ਤੇ ਸ੍ਰੀ ਪੰਜਾ ਸਾਹਿਬ ਸਾਕੇ ਦੀ ਪਹਿਲੀ ਸ਼ਤਾਬਦੀ ਦੇ ਸਮਾਗਮ ਸ਼ੁਰੂ

ਸਾਕਿਆਂ ਦੇ ਇਤਿਹਾਸ ਨੂੰ ਚਿੱਤਰਾਂ ਰਾਹੀਂ ਰੂਪਮਾਨ ਕਰਨ ਲਈ 6 ਦਿਨਾਂ ਕਾਰਜਸ਼ਾਲਾ ਆਰੰਭ

ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ) – ਗੁਰੂ ਕੇ ਬਾਗ ਦਾ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮਾਂ ਦੀ ਸ਼ੁਰੂਆਤ ਅੱਜ ਚਿੱਤਰਕਲਾ ਕਾਰਜਸ਼ਾਲਾ ਨਾਲ ਕੀਤੀ ਗਈ।ਇਹ ਕਾਰਜਸ਼ਾਲਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਲਗਾਈ ਗਈ ਹੈ, ਜਿਸ ਦੀ ਸਮਾਪਤੀ 17 ਜੁਲਾਈ ਨੂੰ ਹੋਵੇਗੀ।ਇਸ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੇ 30 ਚਿੱਤਰਕਾਰ ਗੁਰੂ ਕਾ ਬਾਗ ਮੋਰਚਾ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਨਾਲ ਸਬੰਧਤ ਘਟਨਾਵਾਂ ਦੇ ਚਿੱਤਰ ਤਿਆਰ ਕਰਨਗੇ, ਜਿਨ੍ਹਾਂ ਨੂੰ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਦਰਸ਼ਨੀ ਦੇ ਰੂਪ ਵਿਚ ਸਜਾਇਆ ਜਾਵੇਗਾ।ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਚਿੱਤਰ ਤਿਆਰ ਕਰਨ ਲਈ ਲਗਾਈ ਗਈ ਇਸ ਕਾਰਜਸ਼ਾਲਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਕਾ ਬਾਗ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੇ ਅਹਿਮ ਪੰਨੇ ਹਨ, ਜਿਨ੍ਹਾਂ ਦੇ 100 ਸਾਲਾ ਸਮਾਗਮਾਂ ਨੂੰ ਵਿਸ਼ਾਲ ਪੱਧਰ ’ਤੇ ਮਨਾਇਆ ਜਾਣਾ ਹੈ।ਇਨ੍ਹਾਂ ਦੋਹਾਂ ਸ਼ਤਾਬਦੀਆਂ ਦੌਰਾਨ ਜਿਥੇ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ ਦੀ ਨਿਗਰਾਨੀ ਹੇਠ ਚਿੱਤਰਕਲਾ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ ਹੈ।ਜਿਸ ਦੌਰਾਨ ਦੋਹਾਂ ਦਿਹਾੜਿਆਂ ਨਾਲ ਸਬੰਧਤ ਇਤਿਹਾਸ ਨੂੰ ਚਿੱਤਰਾਂ ਰਾਹੀਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨੀ ਲਗਾ ਕੇ ਸੰਗਤਾਂ ਤੱਕ ਲਿਜਾਇਆ ਜਾਵੇਗਾ।ਉਨ੍ਹਾਂ ਐਲਾਨ ਕੀਤਾ ਕਿ ਕਾਰਜਸ਼ਾਲਾ ਦੌਰਾਨ ਤਿਆਰ ਕੀਤੇ ਗਏ ਇਤਿਹਾਸਕ ਚਿੱਤਰਾਂ ਦੀ ਵੀਡੀਓ ਡਾਕੂਮੈਂਟਰੀ ਵੀ ਤਿਆਰ ਕੀਤੀਆਂ ਜਾਵੇਗੀ, ਤਾਂ ਜੋ ਨਵੀਂ ਪੀੜ੍ਹੀ ਨੂੰ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਇਨ੍ਹਾਂ ਦੋਹਾਂ ਸਾਕਿਆਂ ਦੇ ਇਤਿਹਾਸ ਨਾਲ ਜੋੜਿਆ ਜਾ ਸਕੇ।
                 ਕਮੇਟੀ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਸਾਕਿਆਂ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿੰਨਾਂ ਨੂੰ ਸ਼੍ਰੋਮਣੀ ਕਮੇਟੀ ਸਮਾਗਮਾਂ ਸਮੇਂ ਸਨਮਾਨਿਤ ਕਰਨਾ ਚਾਹੁੰਦੀ ਹੈ।ਗੁਰੂ ਕਾ ਬਾਗ ਮੋਰਚਾ ਸਬੰਧੀ 6 ਤੋਂ 8 ਅਗਸਤ ਤੱਕ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।ਇਸੇ ਤਰ੍ਹਾਂ 30 ਅਕਤੂਬਰ ਨੂੰ ਮਨਾਈ ਵਾਲੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਦੀਆਂ ਤਿਆਰੀਆਂ ਜਾਰੀ ਹਨ ਅਤੇ ਇਸ ਸਬੰਧੀ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਲਈ ਵੀ ਕਾਰਵਾਈ ਆਰੰਭੀ ਗਈ ਹੈ।
                ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਅਰਦਾਸੀਆ ਭਾਈ ਬਲਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੋਹਨ ਸਿੰਘ ਬੰਗੀ, ਜਗਸੀਰ ਸਿੰਘ ਮਾਂਗੇਆਣਾ, ਹਰਵਿੰਦਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਗੁਰਮੀਤ ਸਿੰਘ ਬੁੱਟਰ, ਕੁਲਦੀਪ ਸਿੰਘ ਰੋਡੇ, ਫੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ, ਇੰਚਾਰਜ ਸ਼ਾਹਬਾਜ਼ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਗੁਰਨਾਮ ਸਿੰਘ, ਮੇਜਰ ਸਿੰਘ ਅਰਜਨ ਮਾਂਗਾ, ਗੁਲਜ਼ਾਰ ਸਿੰਘ, ਕਰਤਾਰ ਸਿੰਘ ਆਦਿ ਮੌਜੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …