Friday, April 19, 2024

ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਜਸਵੰਤ ਸਿੰਘ ’ਤੇ ਦਰਜ਼ ਪਰਚਾ ਰੱਦ ਕਰਨ ਦੀ ਮੰਗ

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨ ਤਾਰਨ ਦੇ ਐਸ.ਐਸ.ਪੀ ਰਣਜੀਤ ਸਿੰਘ ਢਿੱਲੋਂ ਨੂੰ ਪੱਤਰ ਲਿਖ ਕੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ’ਤੇ ਸਾਲ 2020 ਵਿੱਚ ਦਰਜ਼ ਹੋਇਆ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ’ਤੇ ਥਾਣਾ ਭਿੱਖੀਵਿੰਡ ਵਿਖੇ ਐਫ.ਆਈ.ਆਰ ਨੰਬਰ 0008/2020 ਮਿਤੀ 15-01-2020 ਰਾਹੀਂ ਧਾਰਾ 295-ਏ ਦਾ ਮਾਮਲਾ ਦਰਜ਼ ਕੀਤਾ ਹੋਇਆ ਹੈ।ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂਪੂਈਂ, ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਨਿਰਵੈਲ ਸਿੰਘ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਧਰਮਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹੇ ਦੇ ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਪਰਚਾ ਰੱਦ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੰਗ ਪੱਤਰ ਸੌਂਪਿਆ।
                 ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਇਹ ਮਾਮਲਾ ਗਿਆਨੀ ਜਸਵੰਤ ਸਿੰਘ ਵੱਲੋਂ ਕਥਾ ਦੌਰਾਨ ਪੇਸ਼ ਕੀਤੇ ਗਏ ਵਿਚਾਰਾਂ ਨੂੰ ਠੀਕ ਦਿਸ਼ਾ ਵਿਚ ਨਾ ਸਮਝਣ ਕਾਰਨ ਦਰਜ ਕਰਵਾਇਆ ਗਿਆ ਲਗਦਾ ਹੈ।ਉਨ੍ਹਾਂ ਕਿਹਾ ਕਿ ਕਰੀਬ ਢਾਈ ਸਾਲ ਪਹਿਲਾਂ ਦਰਜ ਐਫ.ਆਈ.ਆਰ ਸਿੰਘ ਸਾਹਿਬ ਦੇ ਸਤਿਕਾਰ ਨੂੰ ਢਾਅ ਲਗਾਉਣ ਵਾਲੀ ਹੈ, ਕਿਉਂਕਿ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸਿੱਖ ਕੌਮ ਅੰਦਰ ਵੱਡਾ ਸਤਿਕਾਰ ਰੱਖਦੇ ਹਨ।ਉਹ ਪਿਛਲੇ 40 ਸਾਲ ਤੋਂ ਨਿਰਵਿਵਾਦ ਤੌਰ ’ਤੇ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਰਹੇ ਹਨ।ਉਨ੍ਹਾਂ ਦਾ ਹਰ ਧਰਮ ਦੇ ਲੋਕਾਂ ਵਿਚ ਸਤਿਕਾਰ ਹੈ ਅਤੇ ਉਹ ਆਪ ਵੀ ਹਰ ਧਰਮ ਦਾ ਸਤਿਕਾਰ ਕਰਦੇ ਹਨ।ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਆਪ ਨੂੰ ਅਪੀਲ ਕਰਦੀ ਹੈ ਕਿ ਗਿਆਨੀ ਜਸਵੰਤ ਸਿੰਘ ’ਤੇ ਥਾਣਾ ਭਿੱਖੀਵਿੰਡ ਵਿਖੇ ਦਰਜ਼ ਐਫ.ਆਈ.ਆਰ ਰੱਦ ਕੀਤੀ ਜਾਵੇ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …