Friday, March 29, 2024

ਯੂਨੀਵਰਸਿਟੀ ਵਿਖੇ ਰੁੱਖਾਂ ਤੇ ਬੂਟਿਆਂ ਦੀ ਪਛਾਣ ਅਤੇ ਜਾਗਰੂਕਤਾ ਲਈ ਕਿਊ.ਆਰ ਕੋਡ ਵਾਲੀਆਂ ਨੇਮ ਪਲੇਟ ਸਥਾਪਿਤ

ਅੰਮ੍ਰਿਤਸਰ 19 ਜੁਲਾਈ (ਖੁਰਮਣੀਆਂ) – ਜਲਵਾਯੂ ਪਰਿਵਰਤਨ ਕਾਰਨ ਭਵਿੱਖ ਵਿਚ ਖਤਰਨਾਕ ਚੁਣੌਤੀਆਂ ਸਾਡੇ ਦਰਪੇਸ਼ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਵਿਸ਼ਵ ਪੱਧਰ `ਤੇ ਹਰਾ ਖੇਤਰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਬਨਸਪਤੀ `ਚ ਵਾਧਾ ਕਰਨ ਕਰਨ ਦੀ ਬਹੁਤ ਸਖਤ ਲੋੜ ਹੈ।ਵਿਸ਼ਵ ਦੀਆਂ ਸਾਰੀਆਂ ਸੰਸਥਾਵਾਂ ਭਾਵੇਂ ਉਹ ਵਿਦਿਅਕ, ਵਪਾਰਕ ਜਾਂ ਕਿਸੇ ਵੀ ਖੇਤਰ ਦੀਆਂ ਹੋਣ, ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਰਤੀ `ਤੇ ਹਰਿਆਲੀ ਦੇ ਵਾਧੇ ਲਈ ਯਤਨ ਕਰਨ।ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੋ ਕਿ ਆਪਣੇ ਸਾਫ਼-ਸੁਥਰੇ ਅਤੇ ਹਰੇ-ਭਰੇ ਕੈਂਪਸ ਲਈ ਜਾਣੀ ਜਾਂਦੀ ਹੈ, ਦੇ ਕੈਂਪਸ ਵਿੱਚ 45,000 ਤੋਂ ਵੱਧ ਰੁੱਖ ਅਤੇ ਬੂਟੇ ਹਨ, ਜੋ ਕਿ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਾਤਾਵਰਣ ਪ੍ਰਤੀ ਸੰਜੀਦਾ ਹੋ ਕੇ ਯੂਨੀਵਰਸਿਟੀ ਵਿਚ ਵੱਧ ਤੋਂ ਵੱਧ ਬੂਟੇ ਲਾਉਣ ਦਾ ਨਤੀਜਾ ਹੈ ਅਤੇ ਮੌਜੂਦਾ ਸਮੇਂ ਦੌਰਾਨ ਯੂਨੀਵਰਸਿਟੀ `ਚ ਹਰਿਆਲੀ ਦਾ ਪਿਛਲੇ 5-6 ਸਾਲਾਂ ਦੌਰਾਨ ਕਈ ਗੁਣਾ ਵਾਧਾ ਹੋਇਆ ਹੈ।
                  ਵਾਤਾਵਰਣ ਪ੍ਰਤੀ ਸੰਵੇਦਨਾ ਰੱਖਣ ਵਾਲੇ ਅਤੇ ਯੂਨੀਵਰਸਿਟੀ ਕੈਂਪਸ ਹਰਿਆਲੀ ਦੇ ਵਾਧੇ ਲਈ ਯਤਨਾਂ ਵਿਚ ਨਿੱਜੀ ਦਿਲਚਸਪੀ ਲੈਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਯਤਨਾਂ ਸਦਕਾ ਕੈਂਪਸ ਵਿੱਚ ਦਰੱਖਤ ਅਤੇ ਬੂਟੇ ਨਾ ਸਿਰਫ਼ ਕੈਂਪਸ ਨੂੰ ਹਰਿਆਲੀ ਪ੍ਰਦਾਨ ਕਰਦੇ ਹਨ ਸਗੋਂ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਵੀ ਪਨਾਹ ਦਿੰਦੇ ਹਨ।ਵੱਧ ਹਰਿਆਲੀ ਹੋਣ ਕਰਕੇ ਤਿਤਲੀਆਂ ਅਤੇ ਹੋਰ ਜੀਵ ਜੰਤੂ ਯੂਨੀਵਰਸਿਟੀ ਕੈਂਪਸ ਦਾ ਸ਼ਿੰਗਾਰ ਹਨ।
              ਅਜੋਕੇ ਸਮੇਂ ਵਿੱਚ, ਸਾਡੇ ਵਿਚੋਂ ਬਹੁਤ ਸਾਰੇ ਸਾਡੇ ਆਲੇ-ਦੁਆਲੇ ਵਧ ਰਹੇ ਰੁੱਖਾਂ ਅਤੇ ਹੋਰ ਬੂਟੀਆਂ ਤੇ ਝਾੜੀਆਂ ਬਾਰੇ ਅਣਜਾਣ ਹਨ। ਸਾਡੇ ਵਿੱਚੋਂ ਬਹੁਤ ਸਾਰੇ ਪੌਦਿਆਂ ਦੀਆਂ ਵੱਧ ਤੋਂ ਵੱਧ 5-6 ਕਿਸਮਾਂ ਦੀ ਪਛਾਣ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਕੱਝ 10-12 ਦੀ ਪਛਾਣ ਕਰ ਸਕਦੇ ਹਨ।ਸਿਰਫ਼ ਇੱਕ ਬਨਸਪਤੀ ਵਿਗਿਆਨੀ, ਜੋ ਰੁੱਖਾਂ ਅਤੇ ਝਾੜੀਆਂ `ਤੇ ਕੰਮ ਕਰ ਰਿਹਾ ਹੈ, ਹੀ ਵੱਡੀ ਮਾਤਰਾ ਵਿਚ ਬੂਟਿਆਂ ਅਤੇ ਦਰਖਤਾਂ ਆਦਿ ਦੀ ਪਛਾਣ ਕਰ ਸਕਦਾ ਹੈ।ਕਿਸੇ ਰੁੱਖ ਜਾਂ ਝਾੜੀ ਦੀ ਪਛਾਣ ਹੀ ਕਾਫ਼ੀ ਨਹੀਂ ਹੈ, ਸਾਨੂੰ ਇਸਦੇ ਰੂਪ ਵਿਗਿਆਨਿਕ ਵੇਰਵਿਆਂ, ਫੁੱਲ ਅਤੇ ਫਲ ਲੱਗਣ ਦੇ ਸਮੇਂ, ਆਰਥਿਕ ਮਹੱਤਤਾ, ਬਾਗਬਾਨੀ ਵਿਸਥਾਰ ਆਦਿ ਬਾਰੇ ਹੋਰ ਜਾਣਨ ਦੀ ਜਰੂਰਤ ਹੈ।
                 ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਦੇ ਯਤਨਾ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਸੀ ਹਰੀ ਭਰੀ ਬਨਸਪਤੀ ਬਾਰੇ ਗਿਆਨ ਨੂੰ ਆਮ ਲੋਕਾਈ ਤਕ ਪੁਚਾਉਣ ਦਾ ਉਪਰਾਲਾ ਹੋ ਰਿਹਾ ਹੈ।ਇਸ ਸਬੰਧੀ ਯੂਨੀਵਰਸਿਟੀ ਵਿਖੇ ਲੱਗੇ ਦਰਖਤਾਂ ਬਾਰੇ ਸੂਚਨਾ (ਵਿਗਿਆਨਿਕ ਵੇਰਵਿਆਂ, ਫੁੱਲ ਅਤੇ ਫਲ ਲੱਗਣ ਦੇ ਸਮੇਂ, ਆਰਥਿਕ ਮਹੱਤਤਾ, ਬਾਗਬਾਨੀ ਵਿਸਥਾਰ ਆਦਿ) ਦੇ ਟੈਗ ਜਾਂ ਨੇਮ ਪਲੇਟ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਾਫੀ ਦਰਖਤਾਂ `ਤੇ ਲੱਗ ਚੁੱਕੀਆਂ ਹਨ।ਡਿਜੀਟਲਾਈਜ਼ੇਸ਼ਨ ਦੇ ਮੌਜੂਦਾ ਯੁੱਗ ਵਿੱਚ ਇਸ ਨੇਮ ਪਲੇਟ `ਤੇ ਲੱਗੇ ਕਿਊ.ਆਰ ਕੋਡਾਂ ਨਾਲ ਦਰੱਖਤਾਂ ਅਤੇ ਝਾੜੀਆਂ ਨੂੰ ਟੈਗ ਕਰਨ ਨਾਲ ਕੈਂਪਸ ਵਿੱਚ ਰੁੱਖਾਂ ਅਤੇ ਝਾੜੀਆਂ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।ਇਨ੍ਹਾਂ ਕੋਡਾਂ ਨੂੰ ਸਮਾਰਟ ਫ਼ੋਨ ਵਾਲਾ ਕੋਈ ਵੀ ਵਿਅਕਤੀ ਸਕੈਨ ਕਰ ਸਕਦਾ ਹੈ ਅਤੇ ਬੂਟੇ/ਦਰਖਤ/ਝਾੜੀ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਨੇ ਕਿਊਆਰ ਕੋਡ ਦੀ ਵਰਤੋਂ ਕਰਕੇ ਕੈਂਪਸ ਦੇ ਰੁੱਖਾਂ ਅਤੇ ਬੂਟਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਚੰਗੀ ਪਹਿਲ ਕੀਤੀ ਹੈ।
ਵਿਭਾਗ ਦੇ ਐਮ.ਐਸ.ਸੀ 2021 ਅਤੇ 2022 ਬੈਚ ਦੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਉਘੇ ਵੱਖ-ਵੱਖ ਕਿਸਮਾਂ ਦੇ ਰੁੱਖਾਂ ਅਤੇ ਬੂਟਿਆਂ ਲਈ ਨੇਮ ਪਲੇਟ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ।ਹਰੇਕ ਵਿਦਿਆਰਥੀ ਨੂੰ ਬੋਟੈਨੀਕਲ ਅਤੇ ਆਮ ਨਾਮ, ਪਰਿਵਾਰਕ ਪਿਛੋਕੜ, ਆਰਥਿਕ ਮਹੱਤਤਾ ਵਾਲੀ ਇੱਕ ਕੋਡ ਨੇਮ ਪਲੇਟ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ।ਹਰੇਕ ਕੋਡ ਨੂੰ ਡੇਟਾਬੇਸ ਵਿੱਚ ਇੱਕ ਫਾਈਲ ਨਾਲ ਜੋੜਿਆ ਜਾਂਦਾ ਹੈ ਜੋ ਪੌਦਿਆਂ ਦੀਆਂ ਕਿਸਮਾਂ ਦੇ ਫੁੱਲ ਅਤੇ ਫਲ ਲੱਗਣ ਦੇ ਸਮੇਂ, ਬਾਗਬਾਨੀ ਨੋਟਸ, ਆਰਥਿਕ ਮਹੱਤਤਾ, ਵਿਸਤ੍ਰਿਤ ਰ੍ਰਪ ਵਿਗਿਆਨਿਕ ਜਾਣਕਾਰੀ ਆਦਿ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ।
                 ਇਹ ਕਾਰਜ ਵਿਚ ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਪ੍ਰੋ. ਸਰੋਜ ਅਰੋੜਾ, ਡਾ. ਆਸਥਾ ਭਾਟੀਆ, ਸ਼੍ਰੀਮਤੀ ਜੋਤੀ ਕਲਿਆਣੀ, ਡਾ.ਜੇ.ਐਸ.ਬਿਲਗਾ, ਸ੍ਰੀ ਗੁਰਵਿੰਦਰ ਸਿੰਘ ਅਤੇ ਡਾ. ਸ਼੍ਰੀਮਤੀ ਆਕਾਂਕਸ਼ਾ ਬਖਸ਼ੀ ਦਾ ਵਿਸ਼ੇਸ਼ ਯੋਗਦਾਨ ਸ਼ਾਮਿਲ ਹੈ। ਕੋਡਾਂ ਨਾਲ ਜੁੜੀ ਜਾਣਕਾਰੀ “ਇਲੈਕਟ੍ਰਾਨਿਕ ਡੇਟਾਬੇਸ ਆਫ਼ ਪਲਾਂਟਸ” ਜੋ ਯੂਨੀਵਰਸਿਟੀ ਦੀ ਵੈੱਬਸਾਈਟ `ਤੇ ਮੁਫ਼ਤ ਉਪਲਬਧ ਹੈ। ਬੁਪਿੰਦਰ ਪਾਲ ਸਿੰਘ ਅਤੇ ਡਾ. ਗੁਰਵੀਨ ਕੌਰ ਦੀ ਅਗਵਾਈ ਅਤੇ ਪ੍ਰੋ. (ਡਾ.) ਅਵਿਨਾਸ਼ ਕੌਰ ਨਾਗਪਾਲ ਦੀ ਅਗਵਾਈ ਹੇਠ ਕਰਵਾਏ ਇਸ ਕਾਰਜ ਵਿੱਚ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਦੀਆਂ ਤਸਵੀਰਾਂ ਆਦਿ ਵੀ ਸ਼ਾਮਲ ਹਨ ਜੋ ਪੌਦਿਆਂ ਦੀ ਸਹੀ ਪਛਾਣ ਲਈ ਇੱਕ ਅਹਿਮ ਸਰੋਤ ਹੈ। ਇਹ ਇੱਕ ਲਗਾਤਾਰ ਚੱਲਣ ਵਾਲਾ ਡਾਟਾਬੇਸ ਹੈ ਅਤੇ ਮੌਜੂਦਾ ਸਮੇਂ ਵਿੱਚ ਕੈਂਪਸ ਅਤੇ ਅੰਮ੍ਰਿਤਸਰ ਤੋਂ ਲਗਭਗ 145 ਪੌਦਿਆਂ ਦੀਆਂ ਕਿਸਮਾਂ ਦੇ ਰੁੱਖਾਂ ਅਤੇ ਝਾੜੀਆਂ ਦੀ ਜਾਣਕਾਰੀ ਸ਼ਾਮਲ ਹੈ। ਪ੍ਰੋ. ਜਤਿੰਦਰ ਕੌਰ, ਮੁਖੀ, ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਇਲੈਕਟ੍ਰਾਨਿਕ ਡੇਟਾਬੇਸ ਆਫ਼ ਪਲਾਂਟਸ ਵਿਚ ਰੁੱਖਾਂ ਅਤੇ ਬੂਟੇ ਦੀਆਂ ਹੋਰ ਕਿਸਮਾਂ ਅਤੇ ਪੌਦਿਆਂ ਦੇ ਸਮੂਹਾਂ ਬਾਰੇ ਜਾਣਕਾਰੀ ਲਗਾਤਾਰ ਵਧਦੀ ਰਹੇਗੀ ਅਤੇ ਇਹ ਯੂਨੀਵਰਸਿਟੀ ਕੈਂਪਸ ਦੇ ਰੁੱਖਾਂ ਅਤੇ ਝਾੜੀਆਂ ਬਾਰੇ ਇੱਕ ਵਿਲੱਖਣ ਈ-ਲਰਨਿੰਗ ਪਲੇਟਫਾਰਮ ਸਾਬਤ ਹੋਵੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …