Thursday, March 28, 2024

ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ

ਪੌਡਾਂ ਦਾ ਹਿਸਾਬ ਕਰ ਮੁੱਕ ਗਈਆਂ ਸੱਧਰਾਂ।
ਡਾਲਰਾਂ ਨੇ ਰਹਿੰਦੀਆਂ ਵੀ ਲੁੱਟ ਲਈਆਂ ਸੱਧਰਾਂ।
ਬਣ ਗਏ ਮਸ਼ੀਨਾਂ ਬੰਦੇ ਜਾ ਕੇ ਪਰਦੇਸ,
ਰੁਲ ਗਏ ਨੇ ਚਾਅ ਨਾਲੇ ਸੱਧਰਾਂ ਨਿਮਾਣੀਆਂ।
ਕਿੱਥੇ ਗਈਆਂ ਸਾਂਝਾਂ ‘ਤੇ ਮੁਹੱਬਤਾਂ ਪੁਰਾਣੀਆਂ।
ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

ਸਾਉਣ ਮਹੀਨਾ ਪਿੱਪਲੀਂ ਪੀਘਾਂ ਭੁੱਲ ਗਏ ਪੂੜੇ ਖੀਰਾਂ ਨੂੰ।
ਤੀਆਂ ਤ੍ਰਿੰਝਣ ਗਿੱਧਾ ਭੰਗੜਾ ਰੱਖੜੀ ਬੰਨਣੀ ਵੀਰਾਂ ਨੂੰ।
ਵਿਰਸਾ ਭੁੱਲ ਕੇ ਛੋਹ ਲਈਆਂ ਨੇ
ਨਵੀਆਂ ਰੋਜ਼ ਕਹਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

ਊੜਾ ਗਿਆ ਜੂੜਾ ਗਿਆ, ਤੂੜੀ ਗਈ ਰੂੜੀ ਗਈ।
ਚਰਖੇ ਅਤੇ ਮਧਾਣੀਆਂ ਦੀ ਸਾਂਝ ਕਿਥੇ ਗੂੜੀ ਗਈ।
ਮੱਖਣਾਂ ਦੇ ਪੇੜੇ ਅਤੇ ਲੱਸੀਆਂ ਦੇ ਛੰਨੇ,
ਕਿਥੇ ਤੁਰ ਗਈਆਂ ਚਾਟੀਆਂ ਮਧਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

ਜਾਗੋ ਕੱਢਣੀ ਨਾਨਕੀਆਂ ਤੇ ਦਾਦਕੀਆਂ ਨੇ ਰਲ-ਮਿਲ ਕੇ।
ਸੁਹਾਗ ਘੋੜੀਆਂ ਸਿੱਠਣੀਆਂ ਤੇ ਬੋਲੀਆਂ ਪਾਉਣੀਆਂ ਮਿਲ-ਜੁਲ ਕੇ।
ਕੋਠੇ ਚੜ੍ਹ-ਚੜ੍ਹ ਵਿੰਹਦੇ ਸੀ ਲੋਕੀਂ,
ਮੇਲ ਆਉਂਦਾ ਬੰਨ੍ਹ-ਬੰਨ੍ਹ ਢਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ। 2507202201

ਡਾ. ਆਤਮਾ ਸਿੰਘ ਗਿੱਲ
ਮੋ – 9878883680

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …