Friday, March 29, 2024

‘ਆਪ’ ਸਰਕਾਰ ਵਲੋਂ ਦਿੱਤੇ ਮੁਫਤ 600 ਯੂਨਿਟ ਤੋਹਫੇ ਦਾ ਲੋਕਾਂ ਨੂੰ ਮਿਲੇਗਾ ਲਾਭ – ਮੰਤਰੀ ਕਟਾਰੂਚੱਕ

ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤੇ ਉਜਵਲ ਭਾਰਤ ਤਹਿਤ ਹਲਕਾ ਭੋਆ ‘ਚ ਕਰਵਾਇਆ ਸਮਾਗਮ

ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਸਰਕਾਰ ਨੇ ਮਾਣਯੋਗ ਭਗਵੰਤ ਸਿੰੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਲੋਕਾਂ ਨੂੰ ਬਿਨ੍ਹਾਂ ਕਿਸੇ ਜਾਤੀ ਪੱਧਰ ਤੋਂ ਬਿਨ੍ਹਾਂ ਕਿਸੇ ਹੋਰ ਸਰਤ ਤੋਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਦਾ ਪ੍ਰਤੀ ਦੋ ਮਹੀਨੇ ਦੇ ਹਿਸਾਬ ਨਾਲ ਫ੍ਰੀ ਦਿੱਤਾ ਹੈ ਅਤੇ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਬਿਜਲੀ ਦੀ ਬੱਚਤ ਵੀ ਕੀਤੀ ਜਾਵੇ ਤਾਂ ਜੋ ਭਵਿੱਖ ਨੂੰ ਉਜਵਲ ਰੱਖਿਆ ਜਾ ਸਕੇ।ਇਹ ਪ੍ਰਗਟਾਵਾ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵਲੋਂ ਸਰਨਾ ਨਜ਼ਦੀਕ ਇੱਕ ਸਮਾਰੋਹ ਵਿੱਚ ਕੀਤਾ ਗਿਆ।
ਜਿਕਰਯੋਗ ਹੈ ਕਿ ‘ਉਜਵਲ ਭਾਰਤ ਉਜਵਲ ਭਵਿੱਖ ਊਰਜਾ 2047’ ਤਹਿਤ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ ਅਤੇ ਐਸ.ਜੇ.ਵੀ.ਐਨ.ਐਲ ਵਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਭੋਆ ਅੰਦਰ ਸਥਿਤ ਡੀ.ਐਸ ਫਾਰਮ ਨਰੋਟ ਮਹਿਰਾ ਪੂਲੀ ਪਠਾਨਕੋਟ ਵਿਖੇ ਇੱਕ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਡਿਪਟੀ ਚੀਫ ਇੰਜੀਨਿਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਕੀਤੀ।ਸਮਾਰੋਹ ਵਿਚ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਅਤੇ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਬਾਲ ਕਿਸ਼ਨ ਚੀਫ ਇੰਜੀਨਿਅਰ ਪੀ.ਐਸ.ਪੀ.ਸੀ.ਐਲ ਵਿਸ਼ਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਵਿਭਾਗੀ ਅਧਿਕਾਰੀਆਂ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ।ਰਵਿੰਦਰ ਭਗਤ ਐਸ.ਈ ਪਾਵਰਕਾਮ, ਜਸਵਿੰਦਰ ਪਾਲ ਐਕਸੀਅਨ ਅਰਬਨ, ਗਗਨਦੀਪ ਭਾਸਕਰ ਐਕਸੀਅਨ ਰੂਰਲ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰਤ ਸਿੰਘ ਸਲਾਰੀਆ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਵਿਜੈ ਕੁਮਾਰ ਜਿਲ੍ਹਾ ਮੀਡੀਆ ਇੰਚਾਰਜ਼ ਆਮ ਆਦਮੀ ਪਾਰਟੀ, ਪਵਨ ਕੁਮਾਰ ਬਲਾਕ ਇੰਚਾਰਜ, ਵਿਭਾਗੀ ਕਰਮਚਾਰੀ ਪ੍ਰਿਯੰਕਾ, ਪਾਯਲ, ਰੀਨਾ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
                  ਸਮਾਰੋਹ ਦੇ ਅਰੰਭ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਦੀਪਕ ਰੋਸਨ ਕਰਕੇ ਸਮਾਰੋਹ ਦਾ ਸੁਭਅਰੰਭ ਕੀਤਾ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲਭੂਰ ਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ‘ਤੇ ਡਾਂਸ ਪੇਸ਼ ਕੀਤਾ ਗਿਆ।ਜਿਲ੍ਹਾ ਨੋਡਲ ਅਫਸਰ ਡਾ. ਏ.ਕੇ ਪਾਂਡੇ ਐਸ.ਜੇ.ਵੀ.ਐਨ.ਐਲ ਵੱਲੋਂ ਅੱਜ ਦੇ ਸਮਾਰੋਹ ਤੇ ਰੋਸਨੀ ਪਾਈ ਗਈ। ਇਸ ਮੋਕੇ ਤੇ ਡਿਪਟੀ ਚੀਫ ਇੰਜੀਨਿਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਪਾਵਰਕਾਮ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ‘ਤੇ ਰੋਸ਼ਨੀ ਪਾਈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ, ਸੰਦੀਪਨੀ ਗੁਰੂਕੁਲ ਸਕੂਲ, ਓਬਰਾਏ ਰੋਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ।ਇਸ ਵਿੱਚ ਨੁੱਕੜ ਨਾਟਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਵਲੋਂ ਗਿੱਧਾ ਅਤੇ ਓਬਰਾਏ ਰੋਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਭੰਗੜਾ ਸ਼ਾਮਲ ਸੀ।
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਅਤੇ ਉਜਵਲ ਭਾਰਤ ਤਹਿਤ ਅੱਜ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਅਜ਼ਾਦੀ ਤੋਂ 75 ਸਾਲ ਬਾਅਦ ਹੁਣ ਤਕ ਵਿਭਾਗ ‘ਚ ਕਰਵਾਏ ਵਿਕਾਸ ਤੋਂ ਜਾਣੂ ਕਰਵਾਉਣਾ ਹੈ ਅਤੇ ਅਗਲੇ 25 ਸਾਲਾਂ ਵਿੱਚ ਕੀਤੇ ਜਾਣ ਵਾਲੇ ਕਾਰਜ਼ਾਂ ਬਾਰੇ ਵੀ ਜਾਗਰੂਕ ਕਰਵਾਉਣਾ ਹੈ।ਅੰਤ ਵਿੱਚ ਵੱਖ-ਵੱਖ ਪੇਸਕਾਰੀਆਂ ਦਿਖਾਉਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਭਾਗ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …