Thursday, April 25, 2024

ਵਿੱਤ ਮੰਤਰੀ ਚੀਮਾ ਨੇ ਦਿੜ੍ਹਬਾ ਸਬ ਡਵੀਜਨ ’ਚ ਕਰਵਾਈ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ

ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਖੇਤਲਾ ਵਿਖੇ ਡਰੋਨ ਜ਼ਰੀਏ ਜ਼ਮੀਨ ਮੈਪਿੰਗ ਸ਼਼ੁਰੂ ਕਰਵਾ ਕੇ ਸਬ ਡਵੀਜਨ ਦਿੜ੍ਹਬਾ ‘ਚ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਰਸਮੀ ਸ਼ੁਰੂਆਤ ਕਰਵਾਈ।ਉਨਾਂ ਇਸ ਸਮੇਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
ਚੀਮਾ ਨੇ ਕਿਹਾ ਕਿ ਦਿੜ੍ਹਬਾ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਲਾਲ ਲਕੀਰ ਦੇ ਘੇਰੇ ਵਿੱਚ ਆਉਂਦੇ ਘਰਾਂ ਦੇ ਮਾਲਕਾਨਾ ਹੱਕ ਦੇਣ ਦੀ ਪ੍ਰਕਿਰਿਆ ਤਹਿਤ ਨਿਸ਼ਾਨਦੇਹੀ ਕਰਾਉਣ ਉਪਰੰਤ ਡਰੋਨ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਬਣਨ ਵਾਲੇ ਨਕਸ਼ਿਆਂ ਦੇ ਆਧਾਰ ‘ਤੇ ਡੋਰ ਟੂ ਡੋਰ ਸਰਵੇਖਣ ਕਰਵਾਇਆ ਜਾਵੇਗਾ।ਇਸ ਉਪਰੰਤ ਜਨਤਕ ਤੌਰ ‘ਤੇ ਇਤਰਾਜ਼ ਮੰਗੇ ਜਾਣਗੇ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਘਰਾਂ ਦੇ ਮਾਲਕਾਂ ਨੂੰ ਸਰਟੀਫਿਕੇਟ ਦੇ ਕੇ ਮਾਲਕਾਨਾ ਹੱਕ ਦਿੱਤੇ ਜਾਣਗੇ।
               ਵਿੱਤ ਮੰਤਰੀ ਨੇ ਅਪੀਲ ਕੀਤੀ ਕਿ ਜਦੋਂ ਵੀ ਕੋਈ ਸਬੰਧਤ ਅਧਿਕਾਰੀ ਮਾਲਕਾਨਾ ਹੱਕ ਮੁਹੱਈਆ ਕਰਵਾਉਣ ਸਬੰਧੀ ਪਿੰਡਾਂ ਵਿਚ ਵੇਰਵੇ ਪ੍ਰਾਪਤ ਕਰਨ ਲਈ ਆਉਂਦਾ ਹੈ ਤਾਂ ਅਧਿਕਾਰੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।ਸਰਕਾਰ ਦੀ ਇਸ ਯੋਜਨਾ ਦਾ ਲੋਕਾਂ ਨੂੰ ਭਰਪੂਰ ਲਾਭ ਹੋਵੇਗਾ।ਉਨ੍ਹਾਂ ਕਿਹਾ ਕਿ ਘਰਾਂ ਦੇ ਮਾਲਕਾਨਾ ਹੱਕ ਮਿਲਣ ਨਾਲ ਪਿੰਡਾਂ ਦੇ ਲੋਕ ਸੰਪਤੀ ਆਧਾਰਿਤ ਵੱਖ-ਵੱਖ ਤਰ੍ਹਾਂ ਦੇ ਵਿੱਤੀ ਲਾਭ ਜਿਵੇਂ ਕਰਜ਼ਾ ਆਦਿ ਵੀ ਲੈ ਸਕਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਕੁਮਾਰ ਸ਼ਰਮਾ, ਡੀ.ਐਸ.ਪੀ ਪ੍ਰਿਥਵੀ ਸਿੰਘ ਚਾਹਲ, ਤਹਿਸੀਲਦਾਰ ਜਿਨਸੂ ਬਾਂਸਲ, ਐਸ.ਐਚ.ਓ ਗੁਰਪ੍ਰਤਾਪ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਆਪ ਆਗੂ ਅਤੇ ਗ੍ਰਾਮ ਪੰਚਾਇਤ ਖੇਤਲਾ ਦੀਆਂ ਮੋਹਤਬਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …