Thursday, March 28, 2024

ਸੁਨਾਮ ਊਧਮ ਸਿੰਘ ਵਾਲਾ ਦਾ ਯੋਜਨਾਬੱਧ ਢੰਗ ਨਾਲ ਹੋਵੇਗਾ ਸਰਵਪੱਖੀ ਵਿਕਾਸ – ਮੰਤਰੀ ਅਮਨ ਅਰੋੜਾ

ਸੁਨਾਮ, ਲੌਂਗੋਵਾਲ ਅਤੇ ਚੀਮਾ ਦੀਆਂ ਥਾਵਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ

ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਵਿਖੇ ਕੂੜੇ ਦੇ ਯੋਗ ਪ੍ਰਬੰਧਨ ਅਤੇ ਸਾਫ਼ ਸਫ਼ਾਈ ਵਿਵੱਸਥਾ ਦਾ ਜਾਇਜ਼ਾ ਲੈਣ ਲਈ ਬਖ਼ਸੀਵਾਲਾ ਰੋਡ ’ਤੇ ਬਣੇ ਕੂੜੇ ਦੇ ਡੰਪ ਦਾ ਦੌਰਾ ਕੀਤਾ।ਉਨਾਂ ਨਾਲ ਸਵੱੱਛ ਭਾਰਤ ਮੁਹਿੰਮ ਦੇ ਮਾਹਿਰ ਡਾ. ਪੂਰਨ ਸਿੰਘ, ਪੀ.ਐਮ.ਆਈ.ਡੀ.ਸੀ ਦੇ ਚੀਫ਼ ਇੰਜੀਨੀਅਰ ਮੁਕੁਲ ਸੋਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਲਤੀਫ਼ ਅਹਿਮਦ ਵੀ ਮੌਜ਼ੂਦ ਸਨ।
                 ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੱਸ਼ਟ ਦਿਸ਼ਾ ਨਿਰਦੇਸ਼ ਹਨ ਕਿ ਲੋਕਾਂ ਨੂੰ ਜਿਥੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਉਥੇ ਹੀ ਸਾਫ਼ ਸਫਾਈ, ਪੀਣ ਲਈ ਸਾਫ਼ ਸੁਥਰਾ ਪਾਣੀ, ਸੀਵਰੇਜ਼ ਦੀ ਸੁਚਾਰੂ ਵਿਵਸਥਾ, ਅਣਵਰਤੇ ਪਲਾਟਾਂ ਦਾ ਸੁੰਦਰੀਕਰਨ, ਖਾਲੀ ਥਾਵਾਂ ’ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਤੋਂ ਮੁਕਤੀ, ਬਰਸਾਤੀ ਪਾਣੀ ਦੇ ਯੋਗ ਪ੍ਰਬੰਧਨ ਜਿਹੇ ਪ੍ਰੋਜੈਕਟਾਂ ਨੂੰ ਵੀ ਸੀਮਤ ਸਮੇਂ ਅੰਦਰ ਨੇਪਰੇ ਚੜਾਇਆ ਜਾਵੇ।ਉਨਾਂ ਕਿਹਾ ਕਿ ਸੁਨਾਮ ਹਲਕੇ ਨੂੰ ਹਰ ਪੱਖੋਂ ਮੋਹਰੀ ਬਣਾਉਣ ਲਈ ਸਾਰਥਕ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਡਾ. ਪੂਰਨ ਸਿੰਘ ਤੇ ਮੁਕੁਲ ਸੋਨੀ ਨਾਲ ਯੋਜਨਾ ਤਿਆਰ ਕੀਤੀ ਗਈ ਹੈ।ਉਨਾਂ ਦੱਸਿਆ ਕਿ ਦੋਨੋ ਖ਼ੁਦ ਪਿੰਡਾਂ ਤੇ ਸ਼ਹਿਰਾਂ ਵਿਚ ਜਾ ਕੇ ਨਵੀਂ ਤਕਨਾਲੋਜੀ ਨੂੰ ਅਮਲ ਵਿੱਚ ਲਿਆਉਂਦੇ ਹੋਏ ਵਿਸ਼ੇਸ਼ ਮੁਹਿੰਮ ਚਲਾ ਰਹੇ ਹਨ।
                 ਕੈਬਨਿਟ ਮੰਤਰੀ ਨੇ ਕਿਹਾ ਕਿ ਸੁਨਾਮ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਜਲਦ ਹੀ ਸ਼ਹਿਰ ਦੇ ਕੂੜੇ ਦੇ ਡੰਪ ਦਾ ਨਿਪਟਾਰਾ ਕੀਤਾ ਜਾਵੇਗਾ।ਲਗਭਗ 12000 ਮੀਟਰਕ ਟਨ ਕੂੜੇ ਵਿਚੋਂ ਪਹਿਲਾਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰੂ ਅਪੀਲ ਕੀਤੀ ਕਿ ਉਹ ਆਪਣੇ ਘਰ ਵਿੱਚ ਹੀ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਤਾਂ ਜੋ ਕੂੜੇ ਦਾ ਨਿਪਟਾਰਾ ਕਰਨ ਵਿਚ ਅਸਾਨੀ ਹੋ ਸਕੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …