Thursday, April 25, 2024

ਸ਼੍ਰੋਮਣੀ ਕਮੇਟੀ ਵੱਲੋਂ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਦੇ ਸਮਾਗਮਾਂ ਦੀ ਤਿਆਰੀ ਪੂਰੀ

6 ਅਗਸਤ ਨੂੰ 100 ਵਿਦਿਆਰਥੀ ਤੰਤੀ ਸਾਜ਼ਾਂ ਨਾਲ ਕਰਨਗੇ ਕੀਰਤਨ, 8 ਅਗਸਤ ਨੂੰ ਹੋਵੇਗਾ ਮੁੱਖ ਸਮਾਗਮ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਸਿੱਖ ਇਤਿਹਾਸ ਦੇ ਅਹਿਮ ਪੰਨੇ ਮੋਰਚਾ ਗੁਰੂ ਕਾ ਬਾਗ ਦੀ 100 ਸਾਲਾ ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਅੱਜ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਮੀਤ ਸਿੰਘ ਬੁੱਟਰ, ਕੁਲਦੀਪ ਸਿੰਘ ਰੋਡੇ, ਪਰਮਜੀਤ ਸਿੰਘ ਦੁਨੀਆ ਮਾਜ਼ਰਾ ਤੇ ਹੋਰ ਅਧਿਕਾਰੀਆਂ ਨੇ ਜਾਇਜ਼ਾ ਲਿਆ।
                ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਭਲਕੇ 6 ਅਗਸਤ ਨੂੰ ਸ਼ੁਰੂ ਹੋਣ ਵਾਲੇ 3 ਦਿਨਾਂ ਸਮਾਗਮਾਂ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮਗਰੋਂ ਮੁੱਖ ਪੰਡਾਲ ਵਿਚ ਸਿੱਖ ਮਿਸ਼ਨਰੀ ਕਾਲਜਾਂ ਦੇ 100 ਵਿਦਿਆਰਥੀ ਪੁਰਾਤਨ ਤੰਤੀ ਸਾਜ਼ਾਂ ਨਾਲ ਇੱਕੋ ਸਮੇਂ ਕੀਰਤਨ ਕਰਨਗੇ।ਸਮਾਗਮਾਂ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵਿਸ਼ੇਸ਼ ਤੌਰ ’ਤੇ ਪਹੁੰਚਣਗੇ।ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਇਨ੍ਹਾਂ 3 ਦਿਨਾਂ ਸਮਾਗਮਾਂ ਦੌਰਾਨ 7 ਅਗਸਤ ਨੂੰ ਵਿਸ਼ਾਲ ਅੰਮ੍ਰਿਤ ਸੰਚਾਰ ਅਤੇ ਇਸੇ ਦਿਨ ਸ਼ਾਮ ਸਮੇਂ ਕੀਰਤਨ ਦਰਬਾਰ ਹੋਵੇਗਾ।8 ਅਗਸਤ ਨੂੰ ਮੁੱਖ ਸ਼ਤਾਬਦੀ ਸਮਾਗਮ ਦੌਰਾਨ ਸਿੰਘ ਸਾਹਿਬਾਨ, ਪੰਥਕ ਸ਼ਖ਼ਸੀਅਤਾਂ ਅਤੇ ਸਿੱਖ ਕੌਮ ਦੇ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਜਥੇ ਹਾਜ਼ਰੀ ਭਰਨਗੇ।ਸ਼੍ਰੋਮਣੀ ਕਮੇਟੀ ਵੱਲੋਂ ਮੋਰਚਾ ਗੁਰੂ ਕਾ ਬਾਗ ਸਬੰਧੀ ਇਤਿਹਾਸਕ ਘਟਨਾਵਾਂ ਨੂੰ ਰੂਪਮਾਨ ਕਰਦੀ ਵਿਸ਼ੇਸ਼ ਚਿੱਤਰ ਪ੍ਰਦਰਸ਼ਨੀ ਵੀ ਸ਼ਤਾਬਦੀ ਸਮਾਗਮਾਂ ਦੌਰਾਨ ਲਗਾਈ ਜਾਵੇਗੀ।
            ਦੱਸਣਯੋਗ ਹੈ ਕਿ ਮੋਰਚਾ ਗੁਰੂ ਕਾ ਬਾਗ 8 ਅਗਸਤ 1922 ਨੂੰ ਲੰਗਰ ਲਈ ਲੱਕੜਾਂ ਵੱਢਣ ਵਾਲੇ ਸਿੱਖਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜੋ 17 ਨਵੰਬਰ 1922 ਤੱਕ ਜਾਰੀ ਰਿਹਾ।ਇਹ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਕੜੀ ਦਾ ਇਕ ਅਹਿਮ ਹਿੱਸਾ ਸੀ, ਜਿਸ ਨੇ ਪੰਥਕ ਸ਼ਕਤੀ ਨੂੰ ਹੋਰ ਸੰਗਠਿਤ ਕੀਤਾ ਅਤੇ ਇਸ ਨੇ ਦੇਸ਼ ਦੀ ਆਜ਼ਾਦੀ ਦਾ ਵੀ ਮੁੱਢ ਬੰਨਿਆ। ਤਿੰਨ ਮਹੀਨੇ ਤੋਂ ਵੱਧ ਸਮਾਂ ਚੱਲੇ ਇਸ ਮੋਰਚੇ ਦੌਰਾਨ 5600 ਤੋਂ ਵੱਧ ਸਿੱਖ ਗ੍ਰਿਫ਼ਤਾਰ ਹੋਏ ਅਤੇ 1500 ਤੋਂ ਜ਼ਿਆਦਾ ਜ਼ਖ਼ਮੀ ਤੇ ਕਈ ਸਿੰਘਾਂ ਨੇ ਸ਼ਹਾਦਤ ਪਾਈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …