Friday, September 30, 2022

ਪਿੰਡ ਦਾ ਗੇੜ੍ਹਾ

ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ,
ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ।

ਵੇਖਾਂ ਉਹ ਗਲੀਆਂ ਜਿਥੇ ਕੈਂਚੀ ਸਾਈਕਲ ਚਲਾਇਆ ਸੀ।
ਡਿੱਗਦੇ ਉਠਦੇ ਹੱਸਦੇ ਖ਼ੂਬ ਭਜਾਇਆ ਸੀ।
ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ।
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ।

ਉਹ ਛੱਪੜ ਵੇਖਾਂ ਜਿਥੇ ਮੱਝਾਂ ਨੁਹਾਈਆਂ ਸੀ,
ਡੂੰਘੇ ਪਾਣੀਂ ਜਾ ਤਾਰੀਆਂ ਲਾਈਆਂ ਸੀ।
ਕਾਗਜ਼ ਦੀ ਕਿਸ਼ਤੀ ਪਾਣੀ `ਚ ਤਾਰ ਆਵਾਂ।
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ।

ਜਾਅ ਕੇ ਆਉਣਾ ਸਕੂਲੋਂ ਜਿਥੋਂ ਸਿੱਖਿਆ ਸੀ,
ਪੂਰਨੇ ਪਵਾਏ ਫੱਟੀਆਂ ਉਪਰ ਲਿਖਿਆ ਸੀ।
ਵਿੱਦਿਆ ਦੇ ਮੰਦਰ ਨੂੰ ਕਰ ਨਮਸਕਾਰ ਆਵਾਂ।
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ।

ਜਦ ਖੇਡਦਿਆਂ ਸੀ ਕਦੇ ਹਨੇਰਾ ਹੋ ਜਾਂਦਾ,
ਸੁੱਖੇ ਦੀ ਬੀਬੀ ਨੂੰ ਬੜਾ ਫ਼ਿਕਰ ਖਾਂਦਾ।
ਚੜ੍ਹਿਆ ਮਨ `ਤੇ ਭਾਰ ਜਾ ਉਤਾਰ ਆਵਾਂ।
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ।

ਭਾਪਾ ਜੀ ਜਦ ਰਾਤੀਂ ਕੰਮ ਤੋਂ ਆਉਂਦੇ ਸੀ,
ਦੋਵੇਂ ਹੱਥ ਜੋੜ ਫ਼ਤਹਿ ਬੁਲਾਉਂਦੇ ਸੀ।
ਮਿਲ਼ ਵੱਡਿਆਂ ਨੂੰ ਚਿੱਤ ਠਾਰ ਆਵਾਂ।
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ।

ਜਿਥੇ ਨਿੱਕੇ ਹੁੰਦੇ ਖੇਡੇ, ਵੇਖ ਘਰ ਬਾਹਰ ਆਵਾਂ।
ਪਿੰਡਾਂ ਤੇ ਸ਼ਹਿਰਾਂ `ਚ ਹੁਣ ਕੋਈ ਫਰਕ ਨਹੀਂ,
ਮਿਲ਼ ਵੱਡਿਆਂ ਨੂੰ ਚਿੱਤ ਠਾਰ ਆਵਾਂ।
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ।2108202201

ਸੁਖਬੀਰ ਸਿੰਘ ਖੁਰਮਣੀਆਂ
53 ਹਰਗੋਬਿੰਦ ਐਵਨਿਊ
ਛੇਹਰਟਾ, ਅੰਮ੍ਰਿਤਸਰ।
ਮੋ- 9855512677

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …