Thursday, April 18, 2024

ਨਿਰਮਾਣ ਕਾਰਜ਼ਾਂ, ਛਿੜਕਾਅ ਤੇ ਸਿੰਚਾਈ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਕਰਨ ਦੀਆਂ ਹਦਾਇਤਾਂ

ਜਸਟਿਸ ਜਸਬੀਰ ਸਿੰਘ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ‘ਤੇ ਦਿੱਤਾ ਜ਼ੋਰ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ) – ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਨੇ ਅੱਜ ਚੇਅਰਮੈਨ ਜਸਟਿਸ (ਸੇਵਾਮੁਕਤ) ਜਸਬੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਕੋਲੋਂ ਜਿਲ੍ਹੇ ਅੰਦਰ ਚੱਲ ਰਹੀ ਕੂੜਾ ਇਕੱਠਾ ਕਰਨ ਦੀ ਜਾਣਕਾਰੀ ਪ੍ਰਾਪਤ ਕੀਤੀ।ਉਨਾਂ ਨਗਰ ਨਿਗਮ ਅੰਮ੍ਰਿਤਸਰ ਤੇ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਨਿਰਮਾਣ ਕਾਰਜ਼ਾਂ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
                 ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਨਿਰਮਾਣ ਕਾਰਜ਼ਾਂ ਲਈ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ‘ਤੇ ਪਾਬੰਦੀ ਹੈ।ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਨਿਰਮਾਣ ਕਾਰਜ਼ਾਂ ਲਈ ਨਿਸਚਿਤ ਕੀਮਤ ‘ਤੇ ਸੋਧੇ ਹੋਏ ਪਾਣੀ ਦੀ ਸਪਲਾਈ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇ ਤਾਂ ਜੋ ਵਡਮੁੱਲੇ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਉਸਾਰੀ ਕਾਰਜ਼ਾਂ ਲਈ ਢੁੱਕਵੇਂ ਮੁੱਲ ‘ਤੇ ਸੋਧਿਆ ਹੋਇਆ ਪਾਣੀ ਮੁਹੱਈਆ ਕਰਵਾਉਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲੇ ਪਾਣੀ ਨੂੰ ਸੁਰੱਖਿਅਤ ਰੱਖਣ ‘ਚ ਮਦਦ ਮਿਲੇਗੀ ਸਗੋਂ ਨਗਰ ਨਿਗਮਾਂ/ਕੌਂਸਲਾਂ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।
                 ਕਮੇਟੀ ਦੇ ਚੇਅਰਮੈਨ ਨਾਲ ਕਮੇਟੀ ਦੇ ਮੈਂਬਰ ਸਾਬਕਾ ਮੁੱਖ ਸਕੱਤਰ ਐਸ.ਸੀ ਅਗਰਵਾਲ ਤੇ ਬਾਬੂ ਰਾਮ ਅਤੇ ਡਿਪਟੀ ਕਮਿਸਨਰ ਹਰਪ੍ਰੀਤ ਸਿੰਘ ਸੂਦਨ ਮੌਜ਼ੂਦ ਸਨ।
                   ਜਸਟਿਸ ਜਸਬੀਰ ਸਿੰਘ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਡੰਪ ਵਾਲੀਆਂ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਚਾਰਦਿਵਾਰੀ ਕੀਤੀ ਜਾਵੇ।ਕੂੜੇ ਵਾਲੀ ਗੱਡੀਆਂ ਵਿੱਚ ਇਕ ਹੋਰ ਡੱਬਾ ਲਗਾਇਆ ਜਾਵੇ, ਜਿਸ ਵਿਚ ਇਲੈਕਟਾਨਿਕ ਦਾ ਸਾਮਾਨ ਇਕੱਠਾ ਕੀਤਾ ਜਾਵੇੇ।ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਅੰਦਰ ਘੱਟ ਤੋਂ ਘੱਟ ਦੋ ਵਾਰ ਰੋਜ਼ਾਨਾ ਮੈਨੂਅਲ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ।ਚੇਅਰਮੈਨ ਨਿਗਰਾਨ ਕਮੇਟੀ ਨੇ ਕਿਹਾ ਕਿ ਸਮਾਰਟ ਸਿਟੀ ਦੇ ਅਧੀਨ ਕੁੱਝ ਥਾਵਾਂ ਦੀ ਨਿਸ਼ਾਨਦੇਹੀ ਪਹਿਲਾਂ ਹੀ ਕਰ ਲਈ ਜਾਵੇ, ਜਿਥੇ ਮਰੇ ਹੋਏ ਪਸ਼ੂਆਂ ਨੂੰ ਦਫਨਾਇਆ ਜਾ ਸਕੇ।ਸਿੰਗਲ ਯੂਜ਼ ਪਲਾਸਟਿਕ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ।
               ਕਮੇਟੀ ਦੇ ਚੇਅਰਮੈਨ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟਾਂ, ਸੀਵਰੇਜ ਟ੍ਰੀਟਮੈਂਟ ਪਲਾਂਟ, ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ), ਸੋਰਸ ਸੈਗਰੀਗੇਸਨ ਅਤੇ ਹੋਰ ਕਾਰਜ਼ਾਂ ਦੀ ਧੀਮੀ ਪ੍ਰਗਤੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।ਕਮੇਟੀ ਦੇ ਸਾਬਕਾ ਮੁੱਖ ਸਕੱਤਰ ਐਸ.ਸੀ ਅਗਰਵਾਲ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਸਰਵਓਚ ਤਰਜ਼ੀਹ ਦੇਣੀ ਚਾਹੀਦੀ ਹੈ।
               ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਪੰਜਾਬ ਪ੍ਰਦੂਸ਼ਨ ਬੋਰਡ ਦੇ ਚੀਫ ਇੰਜੀ: ਗੁਰਿੰਦਰ ਸਿੰਘ ਮਜੀਠੀਆ, ਪੰਜਾਬ ਪ੍ਰਦੂਸ਼ਨ ਬੋਰਡ ਦੇ ਐਕਸੀਐਨ ਹਰਪਾਲ ਸਿੰਘ, ਜਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ, ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …