Thursday, March 28, 2024

ਸਰਕਟ ਹਾਊਸ ਦੇ ਚੱਲ ਰਹੇ ਕੰਮ ਨੂੰ ਤੁਰੰਤ ਰੋਕਿਆ ਜਾਵੇ – ਕੁੰਵਰ ਵਿਜੈ ਪ੍ਰਤਾਪ ਸਿੰਘ

ਕਿਹਾ, ਨਸ਼ੇ ਦੇ ਸੌਦਾਗਰਾਂ ਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਵਲੋਂ ਬਣਾਈ ਗਈ ਭਰੋਸਗੀ ਕਮੇਟੀ ਵਲੋਂ ਸਰਕਟ ਹਾਊਸ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮ ਨੂੰ ਤੁਰੰਤ ਰੋਕਣ ਦੇ ਆਦੇਸ਼ ਦਿੱਤੇ ਅਤੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਇਸ ਦਾ ਸਾਰਾ ਰਿਕਾਰਡ ਲੈ ਕੇ ਕਮੇਟੀ ਅੱਗੇ ਪੇਸ਼ ਹੋਣ।ਪੰਜਾਬ ਵਿਧਾਨ ਕਮੇਟੀ ਵਲੋਂ ਬਣਾਈ ਗਈ ਭਰੋਸਗੀ ਕਮੇਟੀ ਦੇ ਚੇਅਰਮੈਨ ਵਿਧਾਇਕ ਕੰਵਰ ਵਿਜੈ ਪ੍ਰਤਾਪ ਸਿੰਘ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਸਰਕਟ ਹਾਊਸ ਦਾ ਦੌਰਾ ਕੀਤਾ ਗਿਆ, ਜਿਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਚੇਅਰਮੈਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਜਾਇਦਾਦਾਂ ’ਤੇ ਕਬਜ਼ਾ ਕਰ ਲਿਆ ਸੀ ਅਤੇ ਸਰਕਾਰਾਂ ਵਲੋਂ ਭੂ-ਮਾਫੀਆ ਨਾਲ ਮਿਲ ਕੇ ਲੋਕਾਂ ਦੀਆਂ ਜ਼ਮੀਨਾਂ ਤੇ ਵੀ ਕਬਜ਼ੇ ਕੀਤੇ ਗਏ ਸਨ।
                ਚੇਅਰਮੈਨ ਨੇ ਦਸਿਆ ਕਿ ਅੰਮ੍ਰਿਤਸਰ ਸਰਕਟ ਹਾਊਸ ਇਕ ਵਿਰਾਸਤੀ ਇਮਾਰਤ ਸੀ, ਪ੍ਰੰਤੂ ਕੁੱਝ ਲੀਡਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੀ.ਪੀ.ਪੀ ਮੋਡ ਕਰਕੇ ਇਸ ‘ਤੇ ਕਬਜ਼ਾ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਇਸ ਇਮਾਰਤ ਵਿੱਚ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਵੱਡੇ ਨੇਤਾ ਠਹਿਰਦੇ ਸਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਸਨ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਜੋ ਵੀ ਸਮਝੌਤਾ ਲੋਕ ਹਿੱਤ ਖਿਲਾਫ ਹੁੰਦਾ ਹੈ, ਨੂੰ ਰੱਦ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸਰਕਟ ਹਾਊਸ ਵਿੱਚ ਨਵੀਂ ਬਣੀ ਇਮਾਰਤ ਜੋ ਕਿ 1995 ਵਿੱਚ ਬਣਾਈ ਗਈ ਅਤੇ ਇਸ ਦੀ ਮਿਆਦ ੍ਰ0 ਸਾਲ ਦੀ ਸੀ ਪ੍ਰੰਤੂ ਇਸ ਇਮਾਰਤ ਨੂੰ ਪਹਿਲਾਂ ਢਾਹ-ਢੇਰੀ ਕਰਕੇ, ਲੀਡਰਾਂ ਨੇ ਆਪਣੇ ਹੱਥਾਂ ਵਿੱਚ ਲੈ ਲਈ।ਇਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਤਾਂ ਹੋਈ, ਪਰ ਨਾਲ ਹੀ ਇਸ ਵਿਰਾਸਤੀ ਇਮਾਰਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।
                ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਵਿਧਾਨ ਸਭਾ ਵਲੋਂ ਬਣਾਈ ਗਈ ਇਹ ਕਮੇਟੀ ਤਹਿ ਤੱਕ ਜਾਵੇਗੀ ਅਤੇ ਇਸ ਦੇ ਘੁਟਾਲਿਆਂ ਦੀ ਘੋਖ ਕਰਕੇ ਜਨ ਹਿਤ ਲਈ ਜਾਹਿਰ ਕਰੇਗੀ।ਉਨ੍ਹਾਂ ਕਿਹਾ ਕਿ ਪਹਿਲਾਂ ਸੈਂਟਰਲ ਜੇਲ ਨੂੰ ਵੇਚ ਦਿੱਤਾ ਗਿਆ ਅਤੇ ਫਿਰ ਨਹਿਰੀ ਵਿਭਾਗ ਦੀ ਬਿਲਡਿੰਗ ਨੂੰ ਵੇਚਿਆ ਗਿਆ, ਇਸ ਬਾਰੇ ਵੀ ਇਹ ਕਮੇਟੀ ਆਪਣੀ ਜਾਂਚ ਕਰੇਗੀ। ਮੀਡੀਆ ਵਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਅਤੇ ਹੁਣ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ।ਉਨ੍ਹਾਂ ਕਿਹਾ ਕਿ ਭਰੋਸਗੀ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਨੂੰ ਪੇਸ਼ ਕਰੇਗੀ ਜਿਥੇ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ।
                ਕਮੇਟੀ ਦੇ ਮੈਂਬਰ ਤੇ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸਾਡੀ ਸਰਕਾਰ 4 ਮਹੀਨੇ ਪਹਿਲਾਂ ਹੀ ਸੱਤਾ ਵਿੱਚ ਆਈ ਸੀ ਅਸੀਂ ਉਸ ਸਮੇਂ ਹੀ ਫੈਸਲਾ ਕੀਤਾ ਸੀ ਕਿ ਸਰਕਾਰੀ ਇਮਾਰਤਾਂ ਨੂੰ ਭੂ-ਮਾਫੀਆ ਦੇ ਕਬਜ਼ੇ ਵਿਚੋਂ ਛੁਡਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਕਮੇਟੀ ਸੂਬੇ ਦਾ ਦੌਰਾ ਕਰਕੇ ਸਰਕਾਰੀ ਇਮਾਰਤਾਂ ’ਤੇ ਹੋਏ ਕਬਜ਼ਿਆਂ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇਗੀ।
              ਇਸ ਤੋਂ ਪਹਿਲਾਂ ਭਰੋਸਗੀ ਕਮੇਟੀ ਵਲੋਂ ਸਰੂਪ ਰਾਣੀ ਕਾਲਜ (ਇਸਤਰੀਆਂ) ਦਾ ਦੌਰਾ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਾਲਜ ਦੀ ਪ੍ਰਿੰਸੀਪਲ ਨੂੰ ਹਦਾਇਤ ਕੀਤਿੀ ਕਿ ਸਕਾਲਰਸ਼ਿਪ ਦੀ ਆੜ ਹੇਠ ਕਿਸੇ ਵੀ ਬੱਚੇ ਦੀ ਡਿਗਰੀ ਜਾਂ ਸਰਟੀਫਿਕੇਟ ਨੂੰ ਨਾ ਰੋਕਿਆ ਜਾਵੇ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ: ਦਲਜੀਤ ਕੌਰ ਨੇ ਦੱਸਿਆ ਕਿ ਅੰਮਿ੍ਰਤਸਰ ਜਿਲੇ੍ਹ ਵਿੱਚ ਕਿਸੇ ਵੀ ਵਿਦਿਆਰਥੀ ਦਾ ਦਾਖਲਾ ਜਾਂ ਡਿਗਰੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਰੋਕੀ ਗਈ।
               ਪ੍ਰਿੰਸੀਪਲ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਚੇਅਰਮੈਨ ਨੂੰ ਜਾਣਕਾਰੀ ਦਿੱਤੀ।ਜਿਸ ‘ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਨਿਪਟਾਰਾ ਕੀਤਾ ਜਾਵੇਗਾ। ਕਾਲਜ ਪ੍ਰਿੰਸੀਪਲ ਵਲੋਂ ਭਰੋਸਗੀ ਕਮੇਟੀ ਦੇ ਸਾਰੇ  ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕਮੇਟੀ ਨੇ ਇਸ ਮਗਰੋਂ ਖੰਨਾ ਪੇਪਰ ਮਿਲ ਦਾ ਵੀ ਦੌਰਾ ਕੀਤਾ।
                    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਜਾਇੰਟ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘ ਅਤੇ ਪੀ:ਡਬਲਿਯੂ:ਡੀ ਐਕਸੀਅਨ ਇੰਦਰਜੀਤ ਸਿੰਘ ਵੀ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …