Friday, March 29, 2024

ਬਾਬੇ ਨਾਨਕ ਦੇ ਵਿਆਹ ਦਾ ਲੋਕਧਾਰਾਈ ਪਰਿਪੇਖ

ਵਿਆਹ ਇੱਕ ਅਜਿਹਾ ਵਰਤਾਰਾ ਹੈ, ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜ਼ਾਂ ਦੀ ਸ਼ਮੂਲੀਅਤ ਹੁੰਦੀ ਹੈ।ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ਼ ਲੋਕਧਾਰਾ ਵਿੱਚ ਮਿਲ ਜਾਂਦੇ ਹਨ, ਜਿਨ੍ਹਾਂ ਵਿੱਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ।
ਲੋਕਧਾਰਾ ਦੇ ਅਸਲੀ ਮੁਹਾਂਦਰੇ ਨੂੰ ਵੇਖਣਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਹਨਾਂ ਰਸਮਾਂ ਰੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ।ਜਨਮ ਪੱਤਰੀ, ਗੁੜ੍ਹਤੀ, ਛਠੀ, ਨਾਮਕਰਨ, ਜਨੇਊ, ਕੁੜਮਾਈ, ਵਿਆਹ, ਮੇਲ, ਖਾਰਾ, ਸਿਹਰਾਬੰਦੀ, ਪਾਣੀ ਵਾਰਨਾ, ਖੱਟ ਧਰਨਾ ਆਦਿ ਮਹੱਤਵਪੂਰਨ ਰਸਮਾਂ ਹਨ।ਜਿਨ੍ਹਾਂ ਵਿਚ ਗੁਰੂ ਜੀ ਨੂੰ ਚੌਂਕੀ ‘ਤੇ ਬਿਠਾਇਆ ਜਾਂਦਾ ਹੈ, ਬ੍ਰਾਹਮਣ ਮੱਥੇ `ਤੇ ਤਿਲਕ ਲਗਾ ਕੇ ਅਸੀਸ ਦਿੰਦਾ ਹੈ ਅਤੇ ਚੌਲਾਂ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ।ਖ਼ਬਰ ਲਿਆਉਣ ਵਾਲੇ ਦਾ ਮੂੰਹ ਮਿਸ਼ਰੀ ਨਾਲ ਮਿੱਠਾ ਕਰਵਾਇਆ ਜਾਂਦਾ ਹੈ, ਸਾਰਾ ਪਰਿਵਾਰ ਗੱਡੇ ਉਤੇ ਬੈਠ ਕੇ ਸੁਲਤਾਨਪੁਰ ਜਾਂਦਾ ਹੈ, ਨਾਨਾ, ਨਾਨੀ ਤੇ ਮਾਮਾ ਗੁਰੂ ਜੀ ਤੋਂ ਟਕੇ ਵਾਰਦੇ ਹਨ, ਸ਼ਰੀਕਣੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ ਆਦਿ ਅਸਲੀ ਲੋਕਧਾਰਾ ਦੇ ਵਰਤਾਰੇ ਹਨ।

ਘੋੜੀਆਂ – ਵਿਆਹ ਦੇ ਦਿਨਾਂ ਵਿਚ ਮੁੰਡੇ ਦੇ ਘਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਅਖਵਾਉਂਦੇ ਹਨ।ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁੱਝ ਘੋੜੀਆਂ ਪ੍ਰਚਲਿਤ ਹਨ, ਜਿਹਨਾਂ ਵਿਚ ਗੁਰੂ ਜੀ ਦੇ ਸ਼ਾਹੀ ਜਲੌ ਨੂੰ ਪੇਸ਼ ਕੀਤਾ ਗਿਆ ਹੈ।

ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਨੀ।
ਪਿਤਾ ਕਾਲੂ ਦਾ ਰਾਜ ਦੁਲਾਰਾ ਨੀ।
ਗੁਰੂ ਨਾਨਕ ਪਿਆਰਾ।
ਸਿਹਰਾ ਬੰਨ ਕੇ ਬਣ ਲਾੜਾ
ਲੱਗੇ ਜੱਗ ਤੋਂ ਨਿਆਰਾ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਸਿਹਰੇ ਦੀਆਂ ਚਮਕਣ ਲੜੀਆਂ ਨੀ।
ਭੈਣ ਨਾਨਕੀ ਵਾਗਾਂ ਫੜੀਆਂ ਨੀ।
ਨਾਨਕ ਨਿਰੰਕਾਰੀ।
ਭੈਣ ਨਾਨਕੀ ਵੀਰੇ ਤੋਂ ਜਾਵੇ ਬਲਿਹਾਰੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਜੀਜਾ ਫੁੱਲਿਆ ਨਾ ਸਮਾਵੇ ਨੀ।
ਰਾਏ ਬੁਲਾਰ ਵੀ ਖ਼ੁਸ਼ੀ ਮਨਾਵੇ ਨੀ।
ਜੰਞ ਫੱਬਦੀ ਸੋਹਣੀ।
ਲਾੜੇ ਨਾਨਕ ਦੀ ਸੂਰਤ ਹੈ ਡਾਹਢੀ ਮਨਮੋਹਣੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਜੰਞ ਸ਼ਹਿਰ ਬਟਾਲੇ ਆਈ ਨੀ।
ਸਾਰੇ ਸ਼ਹਿਰ ਨੇ ਖ਼ੁਸ਼ੀ ਮਨਾਈ ਨੀ।
ਨੂਰ ਅਰਸ਼ੋਂ ਬਰਸੇ।
ਹਰ ਕੋਈ ਲਾੜੇ ਨਾਨਕ ਦੇ ਦਰਸ਼ਨ ਨੂੰ ਤਰਸੇ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਘਰ ਰਾਜੇ ਦੇ ਵੱਜੀ ਸ਼ਹਿਨਾਈ ਨੀ।
ਧੀ ਸੁਲੱਖਣੀ ਗਈ ਪਰਨਾਈ ਨੀ।
ਗਏ ਸ਼ਗਨ ਮਨਾਏ।
ਤੇਤੀ ਕਰੋੜ ਦੇਵਤਿਆਂ ਅਰਸ਼ੋਂ ਫੁੱਲ ਬਰਸਾਏ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

            ਸਿੱਠਣੀਆਂ – ਸਿੱਠਣੀਆਂ ਵਿਆਹ ਦੀਆਂ ਰਸਮਾਂ ਨਾਲ ਸੰਬੰਧਤ ਲੋਕ ਕਾਵਿ ਰੂਪ ਹੈ।ਕੁੜੀ ਦੇ ਵਿਆਹ ਵਾਲੇ ਦਿਨ ਮੇਲਣਾਂ (ਔਰਤਾਂ) ਇਕੱਠੀਆਂ ਹੋ ਕੇ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧੀਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਅਤੇ ਮਖੌਲ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੀ ਕੁਝ ਸਿੱਠਣੀਆਂ ਪ੍ਰਾਪਤ ਹੁੰਦੀਆਂ ਹਨ।ਇਹ ਸਿੱਠਣੀਆਂ ਸ਼ਾਇਦ ਗੁਰੂ ਜੀ ਦੇ ਵਿਆਹ ਤੇ ਗਾਈਆਂ ਗਈਆਂ ਹੋਣ ਪ੍ਰੰਤੂ ਵਰਤਮਾਨ ਸਮੇਂ ਵਿਚ ਜਦੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤਾਂ ਉਦੋਂ ਸਿੱਠਣੀਆਂ ਗਾਉਣ ਦੀ ਪਰੰਪਰਾ ਹੈ।ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋ ਕੇ ਬਟਾਲੇ ਪਹੁੰਚਦੀ ਹੈ।ਰਸਤੇ ਵਿੱਚ ਸੰਗਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਿੱਠਣੀਆਂ ਗਾਉਂਦੀਆਂ ਹਨ।ਇਸ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ, ਸਥਾਨਕ ਲੋਕ ਬਰਾਤ ਦਾ ਸਵਾਗਤ ਮਿਲਨੀ ਦੇ ਰੂਪ ਵਿਚ ਫੁੱਲਾਂ ਦੇ ਹਾਰਾਂ ਨਾਲ ਕਰਦੇ ਹਨ।ਬਟਾਲਾ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਔਰਤਾਂ ਸਿੱਠਣੀਆਂ ਗਾਉਂਦੀਆਂ ਹਨ, ਸੁੱਖਣਾ ਵਜੋਂ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ ਤੇ ਸ਼ਗਨ ਵਜੋਂ ਠੂਠੀ, ਕਲੀਰੇ ਤੇ ਰੁਪਏ ਦਿੱਤੇ ਜਾਂਦੇ ਹਨ।
ਔਰਤਾਂ ਸਿੱਠਣੀਆਂ ਗਾਉਂਦੀਆਂ ਹਨ :-

ਸਾਡੇ ਤਾਂ ਵਿਹੜੇ ਜੰਞ ਨਾਨਕ ਦੀ ਆਈ ਏ।
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਏ।
ਮੁੱਖ ਤਾਂ ਡਿੱਠਾ ਅਸਾਂ ਨਹੀਂ।
ਮੁੱਖ ਤਾਂ ਡਿੱਠਾ ਅਸਾਂ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਸਦਾ ਬਹੀਂ।…

ਪਾਂਧੇ ਨੂੰ ਸੁਣਿਆ ਮੁੰਡਾ ਅਇਆ ਪੜ੍ਹਾ ਕੇ
ਬਣ ਗਿਆ ਗੂੰਗਾ ਅੱਜ ਸਾਡੇ ਕੋਲ ਆ ਕੇ
ਗੱਲ ਕੋਈ ਆਉਂਦੀ ਨਹੀਂ
ਗੱਲ ਕੋਈ ਆਉਂਦੀ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…

ਲੋਕੀਂ ਤਾਂ ਆਖਣ ਮੁੰਡਾ ਰੂਪ ਅਵਤਾਰ ਦਾ
ਅਸਾਂ ਤਾਂ ਸੁਣਿਆ ਮੁੰਡਾ ਮੱਝੀਆਂ ਚਾਰਦਾ
ਕਾਲੀਆਂ ਬੂਰੀਆਂ ਮਹੀਂ
ਕਾਲੀਆਂ ਬੂਰੀਆਂ ਮਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…

ਇਥੇ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਰੂਪ ਹੋਣਾ, ਪਾਂਧੇ ਨੂੰ ਪੜ੍ਹਾਉਣਾ, ਅਵਤਾਰ ਹੋਣਾ ਤਾਂ ਭਾਵੇਂ ਸਿੱਧ ਹੁੰਦਾ ਹੀ ਹੈ, ਪਰ ਨਾਲ ਹੀ ਨਾਲ ਪਾਂਧੇ ਨੂੰ ਪੜ੍ਹਾਉਣ ਵਾਲਾ ਨਾਨਕ ਉਥੇ ਜਾ ਕੇ ਗੂੰਗਾ ਹੋ ਜਾਂਦਾ ਹੈ ਤੇ ਅਵਤਾਰ ਹੋਣ ਦੇ
ਬਾਵਜ਼ੂਦ ਮੱਝੀਆਂ ਚਾਰਦਾ ਹੈ, ਕੁੱਝ ਅਜਿਹੇ ਪੱਖ ਹਨ ਜੋ ਮਖੌਲ ਦੇ ਰੂਪ ਵਿੱਚ ਜਾਣੇ ਗਏ ਹਨ।

             ਪੁਰਾਤਣ ਕੰਧ – ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕੰਧ ਅੱਜ ਤੱਕ ਸੁਰੱਖਿਅਤ ਹੈ।ਜਦੋਂ ਗੁਰੂੂ ਜੀ ਜੰਞ ਲੈ ਕੇ ਬਟਾਲੇ ਆਏ ਤਾਂ ਉਹ ਇਸ ਕੰਧ ਨੇੜੇ ਬੈਠ ਗਏ।ਇੱਕ ਬਜ਼ੁੱਰਗ ਔਰਤ ਨੇ ਗੁਰੂ ਜੀ ਨੂੰ ਆਖਿਆ ਕਿ ਇਹ ਕੰਧ ਢਹਿਣ ਵਾਲੀ ਹੈ ਤਾਂ ਗੁਰੂ ਜੀ ਨੇ ਉਤਰ ਦਿੱਤਾ ਕਿ ਮਾਈ ਇਹ ਕੰਧ ਚਾਰ ਜੁਗ ਇਸੇ ਤਰ੍ਹਾਂ ਰਹੇਗੀ। ਗੁਰਦੁਆਰਾ ਕੰਧ ਸਾਹਿਬ ਵਿਖੇ ਇਹ ਕੰਧ ਅੱਜ ਤੱਕ ਸੁਰੱਖਿਅਤ ਹੈ।
ਵਿਆਹ ਸੰਬੰਧੀ ਸੁੱਖਣਾ – ਬਟਾਲੇ ਵਿੱਚ ਗੁਰਦੁਆਰਾ ਕੰਧ ਸਾਹਿਬ ਦੇ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਹੈ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ।ਇਸ ਅਸਥਾਨ ਤੇ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ।ਜਿਹੜੇ ਲੜਕੇ ਜਾਂ ਲੜਕੀ ਦੇ ਵਿਆਹ ਵਿਚ ਕੋਈ ਵਿਘਨ ਪੈਂਦਾ ਹੈ, ਉਹ ਸਿਹਰਾ ਜਾਂ ਕਲੀਰੇ ਚੜ੍ਹਾਉਂਦੇ ਹਨ ਤੇ ਗੁਰੂ ਜੀ ਦੀ ਬਖ਼ਸ਼ਿਸ਼ ਨਾਲ ਉਹਨਾਂ ਦਾ ਵਿਆਹ ਨਿਰਵਿਘਨ ਸੰਪੂਰਨ ਹੋ ਜਾਂਦਾ ਹੈ।
ਇਹ ਰਸਮਾਂ ਰੀਤਾਂ ਜਿਥੇ ਲੋਕਧਾਰਾ ਦੀਆਂ ਅਮੀਰ ਪਰੰਪਰਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ, ਉਥੇ ਉਸ ਵੇਲੇ ਦੇ ਸਮਾਜ ਸਭਿਆਚਾਰ ਦਾ ਚਿੱਤਰ ਵੀ ਪੇਸ਼ ਕਰਦੀਆਂ ਹਨ।0209202203

(3 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ-ਪੁਰਬ ‘ਤੇ ਵਿਸ਼ੇਸ਼)

ਡਾ. ਆਤਮਾ ਸਿੰਘ ਗਿੱਲ,
ਬਾਬਾ ਅਜੈ ਸਿੰਘ ਖਾਲਸਾ ਕਾਲਜ,
ਗੁਰਦਾਸ ਨੰਗਲ, ਗੁਰਦਾਸਪੁਰ।
ਫੋਨ- 9878883680

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …