Saturday, April 20, 2024

ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਦੁਆਰਾ ਵੇਟਰਨਜ਼ ਤੇ ਵੀਰ ਨਾਰੀਆਂ ਦਾ ਸਨਮਾਨ

ਜਲੰਧਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ‘ਚ ਮਨਾਏ ਜਾ ਰਹੇ ਦੇਸ਼ ਵਿਆਪੀ `ਆਜ਼ਾਦੀ ਕਾ ਅੰਮ੍ਰਿਤ ਮਹੋਤਸਵ` ਸਮਾਰੋਹ ਦੇ ਹਿੱਸੇ ਵਜੋਂ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪਿਛਲੇ ਦਿਨੀ ਜਲੰਧਰ ਕੈਂਟ ਵਿਖੇ ਵਜਰਾ ਕੋਰ ਦਾ ਦੌਰਾ ਕੀਤਾ। ਇਸ ਸਮੇਂ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦਾ ਮਨੋਰਥ ਦੇਸ਼ ਦੀ ਸੇਵਾ ਵਿੱਚ ਪਾਏ ਯੋਗਦਾਨ ਲਈ ਸੂਰਬੀਰ ਨਾਇਕਾਂ ਅਤੇ ਬਹਾਦਰ ਔਰਤਾਂ ਨੂੰ ਸਨਮਾਨਿਤ ਕਰਨਾ ਅਤੇ ਸ਼਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸੀ।ਵਜਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਵਜਰਾ ਕੋਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਾਬਕਾ ਸੈਨਿਕਾਂ ਦੇ ਅਥਾਹ ਯੋਗਦਾਨ ਅਤੇ ਬਹਾਦਰ ਨਾਇਕਾਂ ਦੀਆਂ ਕੁਰਬਾਨੀਆਂ `ਤੇ ਚਾਨਣਾ ਪਾਇਆ।

ਮਾਣਯੋਗ ਰਾਜਪਾਲ ਨੇ ਤਿੰਨਾਂ ਸੇਵਾਵਾਂ ਦੇ ਕੁੱਲ 23 ਵੈਟਰਨਜ਼ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿਚੋਂ ਬਹੁਤਿਆਂ ਨੇ 1971 ਦੀ ਜੰਗ, ਸ਼੍ਰੀਲੰਕਾ ਵਿੱਚ ਆਪਰੇਸ਼ਨ ਪਵਨ ਅਤੇ ਜੰਮੂ ਤੇ ਕਸ਼ਮੀਰ ਵਿੱਚ ਆਪਰੇਸ਼ਨ ਰਕਸ਼ਕ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ।ਸਨਮਾਨਿਤ ਕੀਤੇ ਗਏ ਸੇਵਾ ਕਰਮੀਆਂ ਵਿੱਚ 1 ਕੀਰਤੀ ਚੱਕਰ, 3 ਵੀਰ ਚੱਕਰ, 4 ਸ਼ੌਰਿਆ ਚੱਕਰ, 11 ਸੈਨਾ ਮੈਡਲ, 1 ਯੁੱਧ ਸੇਵਾ ਮੈਡਲ ਅਤੇ 2 ਵਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕਰਨ ਵਾਲੇ ਸ਼ਾਮਲ ਹਨ। ਸਮਾਗਮ ਵਿੱਚ ਵੈਟਰਨ ਓਲੰਪੀਅਨ ਅਤੇ ਅਰਜੁਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ (ਸੇਵਾਮੁਕਤ) ਅਤੇ ਕਰਨਲ ਬਲਬੀਰ ਸਿੰਘ (ਸੇਵਾਮੁਕਤ) ਅਤੇ 6 ਵੀਰ ਨਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਮੋਸਟ ਵੈਟਰਨ ਲੈਫਟੀਨੈਂਟ ਜਨਰਲ ਐਸ.ਐਸ ਸਾਂਗਰਾ (ਸੇਵਾਮੁਕਤ), ਸਾਬਕਾ ਫੌਜੀ ਕਮਾਂਡਰ ਪੱਛਮੀ ਕਮਾਂਡ ਵੀ ਹਾਜ਼ਰ ਸਨ।
ਮਾਣਯੋਗ ਰਾਜਪਾਲ ਨੇ ਭਾਰਤੀ ਫੌਜ ਦੀ ਪੇਸ਼ੇਵਰਤਾ ਅਤੇ ਲੋਕਾਚਾਰ ਨੂੰ ਪੂਰਕ ਦੱਸਦਿਆਂ ਰਾਸ਼ਟਰ ਨਿਰਮਾਣ ਵਿੱਚ ਰੱਖਿਆ ਬਲਾਂ ਦੇ ਅਮੁੱਲ ਯੋਗਦਾਨ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ਹਥਿਆਰਬੰਦ ਸੈਨਾਵਾਂ ਦੀ ਨਿਰਸਵਾਰਥ ਸੇਵਾ ਅਤੇ ਮਹਾਨ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ।`ਨੇਸ਼ਨ ਫਸਟ` ਦੀ ਵਿਚਾਰਧਾਰਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਰੱਖਿਆ ਬਲਾਂ ਦੇ ਜਵਾਨਾਂ ਦੀ ਸਾਡੇ ਦੇਸ਼ ਦੇ ਨਾਗਰਿਕਾਂ ਲਈ ਮਸ਼ਾਲ ਧਾਰਕ ਅਤੇ ਰੋਲ ਮਾਡਲ ਹੋਣ ਲਈ ਸ਼ਲਾਘਾ ਕੀਤੀ। ਮਾਣਯੋਗ ਰਾਜਪਾਲ ਨੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਭਲਾਈ, ਸੁਰੱਖਿਆ, ਸਨਮਾਨ ਅਤੇ ਮਾਣ ਪ੍ਰਤੀ ਸਰਕਾਰ ਅਤੇ ਰਾਸ਼ਟਰ ਦੀ ਵਚਨਬੱਧਤਾ ਦਾ ਵੀ ਭਰੋਸਾ ਦਿਵਾਇਆ।ਸਮਾਗਮ ਵਿੱਚ ਸੀਨੀਅਰ ਫੌਜੀ ਅਫਸਰਾਂ, ਵੈਟਰਨਜ਼, ਵੀਰ ਨਾਰੀਆਂ, ਸੇਵਾ ਕਰ ਰਹੇ ਸਿਪਾਹੀਆਂ ਅਤੇ ਸਿਵਲ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ।

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …