ਵੀ.ਸੀ ਪ੍ਰੋ. ਸੰਧੂ ਨੇ ਭਾਰਤ ਦੀ ਨਵੀਨਤਾ ਪ੍ਰਣਾਲੀ ਅਤੇ ਟਿਕਾਊ ਵਿਕਾਸ ਬਾਰੇ ਵਿਸ਼ਵ ਦੇ ਮਾਹਿਰਾਂ ਨੂੰ ਕਰਵਾਇਆ ਜਾਣੂ
ਅੰਮ੍ਰਿਤਸਰ, 21 ਸਤੰਬਰ (ਖੁਰਮਣੀਆਂ) – 77ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਾਇੰਸ ਸਮਿਟ ਵਿੱਚ ਹਿੱਸਾ ਲੈਣ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਕੌਮਾਂਤਰੀ ਮੰਚ `ਤੇ ਉਭਰ ਕੇ ਸਾਹਮਣੇ ਆਇਆ ਹੈ।ਇਸ ਸਮਿਟ ਦੇ ਵਿਚ ਘੱਟ ਵਿਕਸਤ ਅਤੇ ਵਿਕਸਤ ਦੇਸ਼ਾਂ ਵਿਚਕਾਰ ਵਿਗਿਆਨਕ ਸੰਭਾਵਨਾਵਾਂ ਨੂੰ ਤਲਾਸ਼ਣਾ ਅਤੇ ਵਿਸ਼ਵ ਪੱਧਰ `ਤੇ ਵਿਗਿਆਨ ਤੇ ਖੋਜ ਨੂੰ ਦਰਪੇਸ਼ ਚੁਣੌਤੀਆਂ ਦਾ ਇਕੱਠੇ ਹੋ ਕੇ ਵਿਗਿਆਨਕ ਹੱਲ ਕੱਢਣਾ ਮੁੱਖ ਉਦੇਸ਼ ਹੈ।ਇਸ ਸਮਿਟ ਵਿਚ ਬਹੁਤ ਦੇਸ਼ਾਂ ਦੇ ਵਿਗਿਆਨੀ ਸਿਰ ਜੋੜ ਕੇ ਲੱਗੇ ਹੋਏ ਹਨ।ਯੂਨੀਵਰਸਿਟੀ ਦੇ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਕਿ ਇਕ ਸੈਸ਼ਨ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਭਾਰਤ ਦੀ ਨਵੀਨਤਾ ਪ੍ਰਣਾਲੀ ਅਤੇ ਟਿਕਾਊ ਵਿਕਾਸ ਵਿਸ਼ੇ ‘ਤੇ ਵਿਸ਼ਵ ਦੇ ਮਾਹਿਰਾਂ ਨੂੰ ਜਾਣੂ ਕਰਵਾਇਆ।13 ਸਤੰਬਰ ਤੋਂ ਨਿਯੂਯਾਰਕ ਵਿਚ ਅਤੇ ਆਨਲਾਈਨ ਚੱਲ ਰਹੇ ਇਸ 77ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਾਇੰਸ ਸਮਿਟ ਵਿਚ ਵਿਸ਼ਵ ਦੇ ਮਾਹਿਰਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।ਇਹ ਸਮਿਟ 26 ਸਤੰਬਰ ਨੂੰ ਸੰਪਨ ਹੋਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਦੇ ਸਹਾਇਕ ਪ੍ਰੋਫੈਸਰ ਅਤੇ ਇਸ 77ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਾਇੰਸ ਸਮਿਟ ਸੈਸ਼ਨ ਨੂੰ ਕੋਆਰਡੀਨੇਟ ਕਰ ਰਹੇ ਡਾ. ਸਵਾਤੀ ਮਹਿਤਾ ਦੇ ਨਾਲ ਦੱਖਣੀ ਅਫ਼ਰੀਕਾ ਅਤੇ ਯੂਰਪ ਦੇ ਹੋਰ ਵਿਦਵਾਨ ਵੀ ਇਸ ਵਿਚ ਸ਼ਾਮਲ ਹਨ।
ਪ੍ਰਸਿੱਧ ਭਾਰਤੀ ਅਰਥ ਸ਼ਾਸਤਰੀ, ਪ੍ਰੋ. ਨਾਗੇਸ਼ ਕੁਮਾਰ, ਡਾਇਰੈਕਟਰ ਅਤੇ ਮੁੱਖ ਕਾਰਜ਼ਕਾਰੀ, ਇੰਸਟੀਚਿਊਟ ਆਫ਼ ਸਟੱਡੀਜ਼ ਇਨ ਇੰਡਸਟਰੀਅਲ ਡਿਵੈਲਪਮੈਂਟ (ਆਈ.ਐਸ.ਆਈ.ਡੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ ਅਰਥ ਸ਼ਾਸਤਰ ਦੇ ਮਾਹਿਰ ਪ੍ਰੋਫੈਸਰ, ਪ੍ਰੋ. ਨਿਰਵਿਕਾਰ ਸਿੰਘ ਨੇ ਇਸ ਸੈਸ਼ਨ ਵਿੱਚ ਆਪਣੇ ਭਾਸ਼ਣ ਦਿੱਤੇ।ਦੋ ਘੰਟੇ ਦੇ ਇਸ ਸੈਸ਼ਨ ਦੌਰਾਨ ਵਿਸਸ਼ਵੀਕਰਨ ਦੇ ਮੌਜ਼ੂਦਾ ਯੁੱਗ ਵਿੱਚ, ਮਹਾਂਮਾਰੀ ਤੋਂ ਬਾਅਦ ਦੇ ਸਮੇਂ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੇ ਵਿਚਕਾਰ ਭਾਰਤੀ ਇਨੋਵੇਸ਼ਨ ਪ੍ਰਣਾਲੀ ਦੇ ਵੱਖ-ਵੱਖ ਹਿੱਸਿਆਂ ਬਾਰੇ ਚਰਚਾ ਕੀਤੀ ਗਈ।
ਹੋਰਨਾਂ ਸੈਸ਼ਨਾਂ ਵਿਚ ਇਨੋਵੇਸ਼ਨ ਲਈ ਦੱਖਣ-ਦੱਖਣੀ ਅਤੇ ਉਤਰ-ਦੱਖਣੀ ਸਹਿਯੋਗ, ਸਰਹੱਦਾਂ ਦੇ ਪਾਰ ਖੱਪਤਕਾਰਾਂ ਲਈ ਉਤਪਾਦਨ ਅਤੇ ਪਰਿਵਰਤਨਸ਼ੀਲ ਨਵੀਨਤਾ ਸ਼ਾਮਲ ਸਨ।ਇਹ ਸੈਸ਼ਨ ਸੰਯੁਕਤ ਰਾਸ਼ਟਰ ਲਈ ਸਤੰਬਰ 2023 `ਚ ਹੋਣ ਵਾਲੇ ਸੰਮੇਲਨ ਲਈ ਆਪਣੇ ਸੁਝਾਅ ਤਿਆਰ ਕਰਨਗੇ।