Friday, April 19, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੱਯਦ ਵਾਰਿਸ ਸ਼ਾਹ ਦੀ 300ਵੀਂ ਜਨਮ ਵਰ੍ਹੇਗੰਢ ਅੱਜ 3 ਨੂੰ

ਅੰਮ੍ਰਿਤਸਰ, 2 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 3 ਅਕਤੂਬਰ 2022 ਨੂੰ ਦਸ਼ਮੇਸ਼ ਆਡੀਟੋਰੀਅਮ ਵਿਚ ਬਾਅਦ ਦੁਪਹਿਰ 01:00 ਵਜੇ ਤੋਂ 05:00 ਵਜੇ ਤੱਕ ਪੰਜਾਬੀ ਦੇ ਮਹਾਨ ਕਵੀ ਵਾਰਿਸ ਸ਼ਾਹ ਜੀ ਦੀ 300ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਸਮਾਗਮ ਵਿਚ ਹੀਰ ਵਾਰਿਸ ਸ਼ਾਹ ਦਾ ਗਾਇਨ ਅਤੇ ਹੀਰ ਵਾਰਿਸ ਸਬੰਧੀ ਵਿਚਾਰ ਚਰਚਾ ਹੋਵੇਗੀ।ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋਫ਼ੈਸਰ ਅਨੀਸ਼ ਕੁਮਾਰ ਦੂਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾਂ ਹੀ ਸਾਹਿਤ ਅਤੇ ਸਭਿਆਚਾਰ ਦੀ ਸੇਵਾ ਲਈ ਤਤਪਰ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਸੁਖ਼ਨ ਦੇ ਵਾਰਿਸ, ਸੱਯਦ ਵਾਰਿਸ ਸ਼ਾਹ ਦੀ 300ਵੀਂ ਜਨਮ ਵਰ੍ਹੇਗੰਢ ‘ਤੇ ਇਹ ਵਿਸ਼ਾਲ ਸਮਾਗਮ ਵੀ ਇਸੇ ਭਾਵਨਾ ਦੇ ਤਹਿਤ ਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸੰਗੀਤ ਕਲੱਬ ਦੇ ਵਿਦਿਆਰਥੀਆਂ ਅਤੇ ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਵਾਰਿਸ ਸ਼ਾਹ ਦੀ ਇਸ ਜਨਮ ਵਰ੍ਹੇਗੰਢ ਮੌਕੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਮੁੱਖ ਮਹਿਮਾਨ ਹੋਣਗੇ।
ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਪਦਮ ਸੁਰਜੀਤ ਪਾਤਰ ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਰਹੇ ਹਨ।ਪੰਜਾਬੀ ਦੇ ਉੱਘੇ ਵਿਦਵਾਨ ਡਾ. ਸੁਮੇਲ ਸਿੰਘ ਸਿੱਧੂ ਸੱਯਦ ਵਾਰਿਸ ਸ਼ਾਹ “ਸਦਾ-ਏ-ਵਾਰਿਸ : ਹੀਰ” ਦੇ ਇਸ ਸਮਾਗਮ ਵਿਚ ਪ੍ਰਮੁੱਖ ਵਕਤਾ ਵਜੋਂ ਸ਼ਿਰਕਤ ਕਰਨਗੇ।ਪ੍ਰੋਫ਼ੈਸਰ ਦੂਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਮੌਕੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਉਹਨਾਂ ਦੀਆਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਬਾ ਕਮਾਲ ਲਿਖ਼ਤਾਂ ਸਦਕਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰੇਗੀ।ਵਾਰਿਸ ਸ਼਼ਾਹ ਦੀ 300ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਸ ਸਮਾਗਮ ‘ਚ ਗਾਇਨ ਕਰਨ ਵਾਲੀਆਂ ਟੀਮਾਂ ਨੂੰ ਸਨਮਾਨ ਪੱਤਰ ਵੀ ਦਿੱਤੇ ਜਾਣਗੇ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …