Friday, March 29, 2024

ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ -130 ਸਾਲਾ ਸਥਾਪਨਾ ਦਿਵਸ ‘ਤੇ ਵਿਸ਼ੇਸ਼

ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮਿਡਲ ਸਕੂਲ 22 ਅਕਤੂਬਰ 1893 ਈ: ਨੂੰ ਸਥਾਪਤ ਹੋਇਆ ਸੀ, ਜੋ ਇਸ ਸਮੇਂ ਸੀਨੀਅਰ ਸੈਕੰਡਰੀ ਸਕੂਲ ਹੈ।ਫਰਵਰੀ 1890 ਨੂੰ ਲਾਹੌਰ ਵਿਖੇ ਸਥਾਪਤ ਹੋਈ ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ ਦਾ ਮੁੱਖ ਮਿਸ਼ਨ ਖ਼ਾਲਸਾ ਕਾਲਜ ਦੀ ਸਥਾਪਨਾ ਸੀ।ਪਰ ਪਹਿਲਾਂ ਕੌਮ ਦੀ ਨਵ ਪਨੀਰੀ ਨੂੰ ਸਾਂਭਣ ਲਈ ਮਿਡਲ ਸਟੈਂਡਰਡ ਸਕੂਲ ਸ਼ੁਰੂ ਕੀਤਾ ਗਿਆ।ਉਸ ਸਮੇਂ ਕੌਂਸਲ ਦੇ ਆਨਰੇਰੀ ਸਕੱਤਰ ਸ੍ਰ: ਜਵਾਹਰ ਸਿੰਘ ਅਤੇ ਪ੍ਰਧਾਨ ਡਾ: ਵਿਲੀਅਮ. ਐਚ.ਰੈਟੀਗਨ ਸਨ।ਸਕੂਲ ਵਿਚ ਦਾਖ਼ਣ ਹੋਣ ਵਾਲੇ ਪਹਿਲੇ ਤਿੰਨ ਵਿਦਿਆਰਥੀ ਕਰਤਾਰ ਸਿੰਘ, ਮੇਹਰ ਚੰਦ ਅਤੇ ਅਬਦੁੱਲਾ- ਸਿੱਖ, ਹਿੰਦੂ, ਤੇ ਮੁਸਲਿਮ ਪਰਿਵਾਰ ਦੇ ਸਨ ਤੇ ਇਸ ਸੰਸਥਾ ਦੀ ਸਥਾਪਨਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਸੀ।ਪਹਿਲੇ ਸਾਲ 187 ਵਿਦਿਆਰਥੀ ਤੇ 10 ਅਧਿਆਪਕ ਸਨ।ਸਕੂਲ ਮੁਖੀ ਸ੍ਰ: ਮੋਹਨ ਸਿੰਘ ਸਨ।ਇਹ ਸੰਸਥਾ ਸਥਾਪਨਾ ਸਮੇਂ ਤੋਂ ਹੀ ਵਿਦਿਅਕ ਖੇਤਰ ਦੇ ਨਾਲ ਨਾਲ ਖੇਡਾਂ ਤੇ ਧਾਰਮਿਕ ਵਿਦਿਆ ਲਈ ਵਿਸ਼ੇਸ਼ ਤੌਰ ’ਤੇ ਜਾਣੀ ਜਾਂਦੀ ਰਹੀ ਹੈ।
ਸਕੂਲ ਦੇ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਦੀ ਰਿਪੋਰਟ ਅਨੁਸਾਰ 15 ਏਕੜ ਵਿਚਸਥਾਪਤ ਇਸ ਸੰਸਥਾ ਵਿੱਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸਾਢੇ ਤਿੰਨ ਹਜ਼ਾਰ ਦੇ ਕਰੀਬ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ।ਇਹ ਸਕੂਲ ਉਤਮ ਵਿੱਦਿਆ ਪ੍ਰਦਾਨ ਕਰਨ ਤੋਂ ਇਲਾਵਾ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਧਾਰਮਿਕ ਵਿੱਦਿਆ ਤੇ ਸਾਹਿਤਕ ਸਰਗਰਮੀਆਂ ਲਈ ਵਿਸ਼ੇਸ਼ ਸਥਾਨ ਰੱਖਦਾ ਹੈ।ਹਰਾ ਭਰਾ ਚੌਗਿਰਦਾ, ਸੁੰਦਰਪਾਰਕਾਂ, ਬਾਕਸਿੰਗ ਹਾਲ, ਜੂਡੋ ਹਾਲ, ਸ਼ਾਨਦਾਰ ਖੇਡ ਗਰਾਊਂਡਾਂ ਅਤੇ 26 ਦੇ ਕਰੀਬ ਵੱਖ ਵੱਖ ਖੇਡਾਂ ਦੇ ਨੌਂ ਸੌ ਦੇ ਕਰੀਬ ਵਿਦਿਆਰਥੀ ਸਵੇਰ ਸ਼ਾਮ ਗਰਾਊਂਡਾਂ ਦੀ ਸ਼ਾਨ ਹਨ।ਜ਼ਿਲ੍ਹਾ ਅੰਮ੍ਰਿਤਸਰ ਤੋਂ ਇਲਾਵਾ, ਤਰਨਤਾਰਨ, ਹੁਸ਼ਿਆਰਪੁਰ, ਫਾਜਿਲਕਾ, ਗੁਰਦਾਸਪੁਰ ਅਤੇ ਕੁਝ ਹੋਰ ਸੂਬਿਆਂ ਦੇ ਵਿਦਿਆਰਥੀ ਵੀ ਸਪੋਰਟਸ ਕਰਕੇ ਸਕੂਲ ਵਿੱਚ ਪੜ੍ਹਦੇ ਹਨ।ਇਸ ਸਕੂਲ ਨੇ ਸਟੇਟ, ਨੈਸ਼ਨਲ ਪੱਧਰ ਦੇ ਬਹੁਤ ਖਿਡਾਰੀ ਪੈਦਾ ਕੀਤੇ ਹਨ। ਇਤਿਹਾਸਕ ਪੱਖੋਂ ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਨੇ ਮਾਰਚ 1917 ਵਿੱਚ ਇਸ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸ਼ਾਨਦਾਰ ਲਾਇਬ੍ਰੇਰੀ, ਪ੍ਰੋਜੈਕਟਰ ਰੂਮ, ਸੈਮੀਨਾਰ ਹਾਲ, ਕੰਪਿਊਟਰ ਲੈਬ, ਸੰਗੀਤ ਕਲਾਸਾਂ, ਗੁਰਬਾਣੀ ਸੰਥਿਆ ਦੇ ਨਾਲ ਸਮੇਂ ਸਮੇਂ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਸਕੱਤਰ ਸਕੂਲਜ਼ ਸਰਦੂਲ ਸਿੰਘ ਮੰਨਣ ਦੀ ਯੋਗ ਅਗਵਾਈ ਹੇਠ ਇਹ ਸਕੂਲ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਤੇ ਪ੍ਰਾਪਤੀਆਂ ਨੂੰ ਬਰਕਰਾਰ ਰੱਖਦਾ ਹੋਇਆ 130 ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ।2110202201

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …