Friday, April 19, 2024

ਸਰਬਸਾਂਝਾ ਤਿਓਹਾਰ ਦੀਵਾਲੀ

ਦੁਨੀਆਂ ਵਿੱਚ ਭਾਰਤ ਇਕ ਅਜਿਹਾ ਦੇਸ਼ ਹੈ, ਜਿਥੇ ਸਾਲ ਵਿੱਚ ਛੱਤੀ ਮਹੀਨੇ ਤੇ ਛੇ ਰੁੱਤਾਂ ਆਉਂਦੀਆਂ ਹਨ।ਛੱਤੀ ਮਹੀਨਿਆਂ ਦਾ ਮਤਲਬ ਕਿ ਬਿਕ੍ਰਮੀ ਸੰਮਤ, ਨਾਨਕਸ਼ਾਹੀ ਸੰਮਤ ਤੇ ਈਸਵੀ।ਹਰ ਧਰਮ ਦੇ ਲੋਕ ਆਪਣੇ ਆਪਣੇ ਹਿਸਾਬ ਨਾਲ ਸਾਲਾਂ ਦੇ ਥਿੱਤ ਵਾਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ।ਸੰਗਰਾਂਦ, ਪੁੰਨਿਆਂ, ਇਕਾਦਸ਼ੀ, ਮੱਸਿਆ, ਪੰਚਮੀ, ਪੈਂਚਕਾਂ ਗੰਢ ਮੂਲ ਦੁਸਹਿਰਾ ਤੇ ਦੀਵਾਲੀ ਤੋਂ ਇਲਾਵਾ ਗੁਰਪੁਰਬ, ਜਨਮ ਅਸ਼ਟਮੀ, ਰਾਮ ਨੌਮੀ, ਮਕਰ ਸੁਕਰਾਂਤੀ, ਮਾਘੀ, ਵਿਸਾਖੀ, ਕ੍ਰਿਸਮਿਸ ਤੇ ਹੋਰ ਅਨੇਕਾਂ ਹੀ ਤਿਉਹਾਰ, ਇਥੋਂ ਤੱਕ ਕਿ ਕਸ਼ਮੀਰ ਵਿੱਚ ਪਿੰਡਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ।ਹੋਰ ਦੀ ਹੋਰ ਛੱਡੋ ਭਾਰਤ ਦੇ ਕਈ ਖਿੱਤਿਆਂ ਵਿੱਚ ਕਈ ਕਬੀਲੇ ਦਰਖਤਾਂ ਦੇ ਵਿਆਹ, ਪਸ਼ੂ ਪੰਛੀਆਂ ਤੇ ਜਾਨਵਰਾਂ ਦੇ ਵਿਆਹ ਵੀ ਰਚਾਉਂਦੇ ਹਨ।ਗੱਲ ਕੀ ਕੋਈ ਦਿਨ ਵੀ ਇਹੋ ਜਿਹਾ ਨਹੀਂ ਜਾਂਦਾ ਹੋਣਾ, ਜਿਸ ਦਿਨ ਲੋਕ ਕੋਈ ਨਾ ਕੋਈ ਤਿਉਹਾਰ ਨਾ ਮਨਾਉਂਦੇ ਹੋਣ।ਪਰ ਹੁਣ ਗੱਲ ਕਰੀਏ ਕਈ ਤਿਉਹਾਰ ਇਹੋ ਜਿਹੇ ਹਨ, ਜਿਹੜੇ ਸਾਰੇ ਧਰਮਾਂ ਦੇ ਲੋਕ ਸਾਰੇ ਸਮੁੱਚੇ ਭਾਰਤ ਵਰਸ਼ ਮਨਾਏ ਜਾਂਦੇ ਹਨ।ਜਿਵੇਂ ਜਨਮ ਅਸ਼ਟਮੀ ਰਾਮ ਨੌਮੀ ਦੁਸਹਿਰਾ ਤੇ ਦਿਵਾਲੀ।ਹੁਣੇ ਹੁਣੇ ਲੋਕ ਦੁਸਹਿਰਾ ਮਨਾ ਕੇ ਹਟੇ ਹਨ ਤੇ ਹੁਣ ਦੀਵਾਲੀ ਦਾ ਸ਼ੁੱਭ ਦਿਹਾੜਾ ਮਨਾਇਆ ਜਾਣਾ ਹੈ।
ਸਿੱਖ ਇਸ ਨੂੰ ਬੰਦੀ ਛੋੜ ਦੇ ਦਿਹਾੜੇ ਦੇ ਰੂਪ ਵਿੱਚ ਮਨਾਉਂਦੇ ਹਨ, ਕਿਉਂਕਿ ਇਸ ਦਿਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ 40 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਸਨ।ਜਿਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਸਿੱਖਾਂ ਨੇ ਆਪਣੇ ਆਪਣੇ ਘਰਾਂ ਅਤੇ ਗੁਰਦੁਆਰਿਆਂ ਵਿੱਚ ਦੇਸੀ ਘਿਉ ਦੇ ਦੀਵੇ ਜਗਾਏ ਸਨ।ਹਿੰਦੂ ਵੀ ਇਸ ਦਿਨ ਨੂੰ ਬੜੀ ਸ਼ਰਧਾ ਨਾਲ ਇਸ ਕਰਕੇ ਮਨਾਉਂਦੇ ਹਨ।ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਵਾਪਿਸ ਅਯੁੱਧਿਆ ਪਰਤੇ ਸਨ।ਦੀਵਾਲੀ ਦਾ ਮਤਲਬ ਹੀ ਦੀਵਿਆਂ ਵਾਲੀ ਹੈ।ਬਹੁਤ ਸਾਰੇ ਲੋਕ ਇਸ ਦਿਨ ਆਪਣੇ ਚਹੇਤਿਆਂ ਨੂੰ ਤੋਹਫੇ, ਮਠਿਆਈਆਂ ਤੇ ਹੋਰ ਫ਼ਲ ਫਰੂਟ ਦਿੰਦੇ ਹਨ ਅਤੇ ਲੋਕ ਨਵੇਂ ਨਵੇਂ ਕੱਪੜੇ ਤੇ ਗਹਿਣੇ ਖਰੀਦਦੇ ਹਨ।ਦੀਵਾਲੀ ਤੋਂ ਪਹਿਲਾਂ ਧਨ ਤੇਰਸ ‘ਤੇ ਲੋਕ ਸੋਨਾ, ਚਾਂਦੀ ਤੇ ਬਰਤਨ ਵੀ ਜਰੂਰ ਖਰੀਦਦੇ ਹਨ।ਇਸੇ ਦਿਨ ਲੋਕ ਧੰਨ ਲਛਮੀ ਦੀ ਪੂਜਾ ਕਰਦੇ ਹਨ।ਵਪਾਰੀ ਲੋਕ ਇਸ ਦਿਨ ਆਪਣੇ ਨਵੇਂ ਵਹੀ ਖ਼ਾਤੇ ਵੀ ਸੁਭ ਲੱਛਮੀ ਲਿਖ ਕੇ ਸ਼ੁਰੂ ਕਰਦੇ ਸਨ।ਬੱਚੇ ਵੀ ਆਪਣੇ ਆਪਣੇ ਘਰਾਂ ਵਿੱਚ ਇਸ ਦਿਨ ਬੁਗਨੀ ਲਿਆ ਕੇ ਰੱਖਦੇ ਹਨ।ਉਹ ਘਰਦਿਆਂ ਤੋਂ ਪੈਸੇ ਲੈ ਕੇ ਉਸ ਵਿੱਚ ਪਾਉਂਦੇ ਰਹਿੰਦੇ ਹਨ।
ਕਈ ਲੋਕ ਦੀਵਾਲੀ ਦੀ ਰਾਤ ਜੂਆ ਖੇਡਦੇ ਹਨ।ਭਾਰਤ ਦੇ ਪੂਰਬੀ ਇਲਾਕਿਆਂ ਅਸਾਮ, ਬੰਗਾਲ, ਮਨੀਪੁਰ, ਤ੍ਰਿਪੁਰਾ ਅਰੁਣਾਚਲ ਪ੍ਰਦੇਸ਼, ਸਿੱਕਮ ਤੇ ਮੇਘਾਲਿਆ ‘ਚ ਲੋਕ ਬਹੁਤ ਜਿਆਦਾ ਜੂਆ ਖੇਡਦੇ ਹਨ।ਇਸ ਦਿਨ ਸ਼ਰਾਬ ਦਾ ਦੌਰ ਵੀ ਚੱਲਦਾ ਹੈ।ਨਸ਼ਾ ਕਰਕੇ ਲੋਕ ਲੜਾਈਆਂ ਝਗੜੇ ਵੀ ਕਰ ਲੈਂਦੇ ਹਨ।ਜੋ ਪਾਵਨ ਤਿਓਹਾਰ ‘ਤੇ ਨਹੀਂ ਹੋਣਾ ਚਾਹੀਦਾ।ਦੀਵਾਲੀ ਮੌਕੇ ਅਣਗਿਹਲੀ ਨਾਲ ਚਲਾਏ ਜਾਂਦੇ ਪਟਾਕਿਆਂ ਨਾਲ ਕਈ ਵਾਰ ਦੁਕਾਨਾਂ ਸੜ ਕੇ ਸੁਆਹ ਹੋ ਜਾਂਦੀਆਂ ਹਨ ਤੇ ਲੋਕਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ।ਇਸ ਤੋਂ ਇਲਾਵਾ ਪਟਾਕੇ ਚੱਲਣ ਨਾਲ ਪ੍ਰਦੂਸ਼ਣ ਵੀ ਫੈਲਦਾ ਹੈ।
ਆਉ ਆਪਾਂ ਸਾਰੇ ਪ੍ਰਣ ਕਰੀਏ ਕਿ ਗਰੀਨ ਦੀਵਾਲੀ ਮਨਾਵਾਂਗੇ।ਪਿਆਰ ਮੁਹੱਬਤ ਨਾਲ ਇਕ ਦੂਜੇ ਦੀਆਂ ਖੁਸ਼ੀਆਂ ਵਿੱਚ ਸਾਂਝ ਪਾਵਾਂਗੇ।ਜੂਏ ਵਰਗੀ ਭਿਆਨਕ ਬਿਮਾਰੀ ਨਜ਼ਦੀਕ ਨਹੀਂ ਲੱਗਣ ਦਿਆਂਗੇ।ਇਕ ਚੰਗੇ ਸਮਾਜ ਦੀ ਸਿਰਜਣਾ ਲਈ ਪਿਆਰ ਦੇ ਦੀਵੇ ਜਗਾ ਕੇ ਹਮੇਸ਼ਾਂ ਇਸ ਦੁਨੀਆਂ ਨੂੰ ਚਾਨਣ ਦਿੰਦੇ ਰਹਾਂਗੇ। 2310202205

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।
ਮੋ- 7589155501

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …