Friday, March 29, 2024

ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 26 ਅਕਤੂਬਰ (ਜਗਦੀਪ ਸਿੰਘ ਸੱਗੂ) – ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਅੱਜ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ, ਜਿਥੇ ਉਨ੍ਹਾਂ ਨੇ ਪ੍ਰਸ਼ਾਦਾ ਛਕਿਆ ਅਤੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ।ਉਹ ਕੁੱਝ ਸਮੇਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠੇ ਅਤੇ ਗੁਰਬਾਣੀ ਕੀਰਤਨ ਸੁਣਿਆ।ਉਨ੍ਹਾਂ ਨੂੰ ਪਰਕਰਮਾ ਦੌਰਾਨ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਉਨ੍ਹਾਂ ਖਾਸ ਰੁਚੀ ਦਿਖਾਈ।ਇਸੇ ਦੌਰਾਨ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਦੇ ਕੀਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਉੱਪ ਰਾਸ਼ਟਰਪਤੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਇਕ ਮੰਗ ਪੱਤਰ ਸੌਂਪਿਆ ਅਤੇ ਸਿੱਖ ਕੌਮ ਦੇ ਇਸ ਅਹਿਮ ਮਸਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ।ਐਡਵੋਕੇਟ ਧਾਮੀ ਨੇ ਆਪਣੇ ਪੱਤਰ ਵਿਚ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਪਿਛਲੇ 30-30 ਸਾਲਾਂ ਤੋਂ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜੋ ਕਿ ਸਿੱਖ ਕੌਮ ਨਾਲ ਅਨਿਆਂ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਬੰਦੀਆਂ ਨੇ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਦੇ ਰੋਸ ਵਜੋਂ ਸੰਘਰਸ਼ ਦਾ ਰਾਹ ਚੁਣਿਆ ਸੀ।ਇਹ ਸਿੱਖ ਬੰਦੀ ਹੁਣ ਉਮਰ ਕੈਦ ਤੋਂ ਦੱਗਣੀਆਂ ਸਾਜ਼ਾਵਾਂ ਭੁਗਤ ਚੁੱਕੇ ਹਨ ਅਤੇ ਸੰਵਿਧਾਨਕ ਤੌਰ ’ਤੇ ਰਿਹਾਈ ਦੇ ਹੱਕਦਾਰ ਹਨ।ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਅਵਾਜ਼ ਉਠਾਉਂਦੀ ਆ ਰਹੀ ਹੈ।ਹਾਲ ਹੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਪਾਸੋਂ ਇਸ ਸਬੰਧ ਵਿਚ ਸਮਾਂ ਵੀ ਮੰਗਿਆ ਗਿਆ ਹੈ, ਪਰ ਉਨ੍ਹਾਂ ਨੇ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ।ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਉੱਪ ਰਾਸ਼ਟਰਪਤੀ ਵਜੋਂ ਸਿੱਖ ਕੌਮ ਦੇ ਇਸ ਗੰਭੀਰ ਮਸਲੇ ਵਿਚ ਦਖਲ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਿਆ ਜਾਵੇ।ਐਡਵੋਕੇਟ ਧਾਮੀ ਨੇ ਆਪਣੇ ਪੱਤਰ ਵਿਚ ਸ੍ਰੀ ਧਨਖੜ ਨੂੰ ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣਨ ’ਤੇ ਵਧਾਈ ਵੀ ਦਿੱਤੀ।
ਉੱਪ ਰਾਸ਼ਟਰਪਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਬੇਹੱਦ ਖੁਸ਼ੀ ਹੋਈ ਹੈ।ਇਥੇ ਦੀ ਸ਼ਾਂਤੀ, ਸਹਿਜ, ਸ਼ਰਧਾ ਭਰਿਆ ਵਾਤਾਵਰਣ ਅਤੇ ਸੇਵਾ ਦੀ ਭਾਵਨਾ ਇਕ ਅਭੁੱਲ ਅਨੁਭਵ ਹੈ।ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਸ੍ਰੇਸ਼ਟ ਅਧਿਆਤਮਿਕ ਪ੍ਰੰਪਰਾ ਦਾ ਚਮਕਦਾ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯੁੱਗਾਂ ਤੋਂ ਪਿਆਰ, ਮਾਨਵਤਾ, ਦਇਆ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਆ ਰਿਹਾ ਹੈ।ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਮਨੁੱਖਤਾ ਦੀ ਸੇਵਾ ਲਈ ਸਦੀਵੀ ਸੰਦੇਸ਼ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸਰਵਣ ਸਿੰਘ ਕੁਲਾਰ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਹਰਿੰਦਰ ਸਿੰਘ ਰੋਮੀ, ਅੰਮ੍ਰਿਤਪਾਲ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਾਬਕਾ ਐਮ.ਪੀ ਸ਼ਵੇਤ ਮਲਿਕ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਰੁਨ ਪਾਲ ਸਿੰਘ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਆਦਿ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …