Friday, April 19, 2024

ਰਾਸ਼ਟਰ ਪੱਧਰ `ਤੇ ਖੇਡਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਰਚਿਆ ਇਤਿਹਾਸ

ਰਿਕਾਰਡ 24ਵੀਂ ਵਾਰ ਜਿੱਤੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ – 2022
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ 53 ਸਾਲਾਂ ਦੇ ਇਤਿਹਾਸ ਵਿਚ 24ਵੀਂ ਵਾਰ ਭਾਰਤ ਦੀ ਖੇਡਾਂ ਵਿਚ ਸਭ ਤੋਂ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤ ਕੇ ਇਤਿਹਾਸ ਬਣਾ ਲਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ, ਜੋ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਪਾਸੋਂ ਰਾਸ਼ਟਰਪਤੀ ਭਵਨ ਵਿਚ 30 ਨਵੰਬਰ 2022 ਨੂੰ 24ਵੀਂ ਵਾਰ ਮਾਕਾ ਟਰਾਫੀ ਕਰੇਗੀ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਉਨ੍ਹਾਂ ਦੇ ਕੋਲੋਂ ਇਹ ਟਰਾਫੀ ਪ੍ਰਾਪਤ ਕਰਨਗੇ।ਉਨ੍ਹਾਂ ਨਾਲ ਡਾ. ਕੰਵਰ ਮਨਦੀਪ ਸਿੰਘ, ਡਾਇਰੈਕਟਰ ਸਪੋਰਟਸ ਵੀ ਹਾਜ਼ਰ ਹੋਣਗੇ।

ਯੂਨੀਵਰਸਿਟੀ ਦੇ ਭਾਈਚਾਰੇ ਵਿਚ ਇਸ ਸਮੇਂ ਮਾਕਾ ਟਰਾਫੀ ਜਿਤਣ `ਤੇ ਖੁਸ਼ੀ ਦਾ ਮਾਹੌਲ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਭਗਵੰਤ ਸਿੰਘ ਮਾਨ, ਸਪੀਕਰ, ਕੁਲਤਾਰ ਸਿੰਘ ਸੰਧਵਾਂ, ਉਚੇਰੀ ਸਿਖਿਆ ਅਤੇ ਖੇਡ ਮੰਤਰੀ, ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ, ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਉਪਲਬਧੀ `ਤੇ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਵਧਾਈਆਂ ਵੀ ਦਿੱਤੀਆਂ ਹਨ।
ਪੱਤਰਕਾਰਾਂ ਨਾਲ ਖੁਸ਼ਖਬਰੀ ਸਾਂਝੀ ਕਰਦਿਆਂ ਡਾ. ਸੰਧੂ ਨੇ 24ਵੀਂ ਵਾਰ ਮਾਕਾ ਟਰਾਫੀ ਮਿਲਣ ਦਾ ਸਿਹਰਾ ਖਿਡਾਰੀਆਂ, ਕੋਚਾਂ ਅਤੇ ਯੋਗ ਪ੍ਰਬੰਧਕਾਂ ਦੇ ਸਿਰ ਸਜਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਨਾ ਤਾਂ ਪਹਿਲਾਂ ਅਤੇ ਨਾ ਹੀ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਕਮੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਕੈਂਪਸ ਵਿੱਚ ਹਾਕੀ ਐਸਟਰੋ ਟਰਫ, ਸਵੀਮਿੰਗ ਪੂਲ, ਵੇਲੋਡਰੋਮ, ਇਨਡੋਰ ਹਾਲ, ਫੁੱਟਬਾਲ ਗਰਾਊਂਡ, ਸ਼ੂਟਿੰਗ ਰੇਂਜ (10 ਮੀਟਰ, 25 ਮੀਟਰ, 50 ਮੀਟਰ), ਬਾਸਕਟਬਾਲ ਗਰਾਊਂਡ, ਖੋ-ਖੋ/ਕਬੱਡੀ, ਗਰਾਊਂਡ, ਤੀਰਅੰਦਾਜ਼ੀ ਰੇਂਜ, ਵਾਲੀਬਾਲ ਗਰਾਊਂਡ, ਖਿਡਾਰੀਆਂ ਲਈ ਟੈਨਿਸ ਕੋਰਟ ਵਰਗੇ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਉਪਲਬਧ ਹੈ।ਯੂਨੀਵਰਸਿਟੀ ਵਲੋਂ ਅਥਲੀਟਾਂ ਨੂੰ ਸਾਰਾ ਸਾਲ ਮੁਫਤ ਦਾਖਲਾ, ਰਿਹਾਇਸ਼, ਸਿਖਲਾਈ, ਕੋਚਿੰਗ ਦੇ ਨਾਲ-ਨਾਲ ਖੇਡ ਸਾਜ਼ੋ-ਸਾਮਾਨ ਸਮੇਤ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਖਿਡਾਰੀਆਂ ਨੂੰ ਹਰ ਸਾਲ 2.00 ਕਰੋੜ ਲਗਭਗ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ।ਪਿਛਲੇ ਸਾਲ ਲਗਭਗ 25 ਐਥਲੀਟਾਂ ਨੇ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲਿਆ ਸੀ।
ਭਾਰਤ ਦੀ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਲਈ ਇਹ ਟਰਾਫੀ ਹਰ ਸਾਲ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਸਦਕਾ 24ਵੀਂ ਵਾਰ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤਣ ਦਾ ਇਹ ਸਨਮਾਨ ਹਾਸਲ ਕੀਤਾ ਹੈ।
ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਡਾ. ਕੰਵਰ ਮਨਦੀਪ ਸਿੰਘ, ਡਾਇਰੈਕਟਰ ਸਪੋਰਟਸ, ਸਾਰੇ ਖਿਡਾਰੀਆਂ, ਉਨ੍ਹਾਂ ਦੇ ਕੋਚਾਂ, ਪ੍ਰਿੰਸੀਪਲਾਂ ਅਤੇ ਹੋਰ ਸਾਰੇ ਸਹਿਯੋਗੀ ਤਕਨੀਕੀ ਅਧਿਕਾਰੀਆਂ ਨੂੰ ਇਸ ਵੱਕਾਰੀ ਪੁਰਸਕਾਰ ਦੀ ਜਿੱਤ ਲਈ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਵਧਾਈ ਦਿੱਤੀ ਹੈ।
ਡਾ. ਕੰਵਰ ਮਨਦੀਪ ਸਿੰਘ, ਡਾਇਰੈਕਟਰ ਸਪੋਰਟਸ ਨੇ ਯੂਨੀਵਰਸਿਟੀ ਵਿਚ ਖੇਡਾਂ ਲਈ ਉਚ ਪਾਏ ਦਾ ਬੁਨਿਆਦੀ ਢਾਂਚਾ ਅਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਲਈ ਵਾਈਸ-ਚਾਂਸਲਰ ਪ੍ਰੋ. ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ, ਓ.ਐਸ.ਡੀ ਪ੍ਰੋ. ਹਰਦੀਪ ਸਿੰਘ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਦਾ ਧੰਨਵਾਦ ਕੀਤਾ।ਉਨ੍ਹਾਂ ਇਸ ਟਰਾਫੀ ਨੂੰ ਜਿੱਤਣ ਲਈ ਪਾਏ ਯੋਗਦਾਨ ਲਈ ਸਾਰੇ ਕਾਲਜ ਪ੍ਰਿੰਸੀਪਲਾਂ ਅਤੇ ਸਰੀਰਕ ਸਿੱਖਿਆ ਦੇ ਮੁਖੀ ਦਾ ਵੀ ਧੰਨਵਾਦ ਕੀਤਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …